ਤਰਨਤਾਰਨ, 12 ਸਤੰਬਰ : ਜ਼ਿਲਾ ਤਰਨ-ਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਉਸਮਾਂ ਵਾਸੀ ਅਨੁਸੂਚਿਤ ਵਰਗ ਨਾਲ ਸਬੰਧਤ ਲੜਕੀ ਨਾਲ 12 ਸਾਲ ਪਹਿਲਾਂ ਕੁੱਟਮਾਰ, ਛੇੜ ਛਾੜ ਕਰਨ ਅਤੇ ਜਾਤੀ ਸੂਚਕ ਸ਼ਬਦ ਬੋਲੇ ਜਾਣ ਦੇ ਮਾਮਲੇ ਵਿਚ ਤਰਨਤਾਰਨ ਦੇ ਅਡੀਸ਼ਨਲ ਸ਼ੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਨੇ ਸ਼ੁੱਕਰਵਾਰ ਨੂੰ ਵਿਧਾਇਕ ਸਣੇ 12 ਜਣਿਆਂ ਨੂੰ ਵੱਖ-ਵੱਖ ਧਾਰਾਵਾਂ ਤਹਿਤ ਵੱਧ ਤੋਂ ਵੱਧ ਚਾਰ ਸਾਲ ਦੀ ਸਜ਼ਾ ਸੁਣਾ ਦਿੱਤੀ ਹੈ।
ਇਸ ਸਬੰਧੀ 10 ਸਤੰਬਰ ਨੂੰ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਵਿਧਾਇਕ ਸਣੇ 12 ਜਣਿਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਜਿਨ੍ਹਾਂ ਵਿਚੋਂ ਇਕ ਦੀ ਮੌਤ ਹੋ ਚੁੱਕੀ ਹੈ। ਸੁਣਵਾਈ ਦੌਰਾਨ ਪੀੜਤ ਮਹਿਲਾ ਹਰਬਿੰਦਰ ਕੌਰ ਤੋਂ ਇਲਾਵਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਵੱਡੀ ਗਿਣਤੀ ਸਮਰਥਕ ਵੀ ਅਦਾਲਤ ਕੰਪਲੈਕਸ ਵਿਚ ਹਾਜ਼ਰ ਰਹੇ।
ਦੱਸ ਦੇਈਏ ਕਿ ਹਰਬਿੰਦਰ ਕੌਰ ਪੁੱਤਰੀ ਕਸ਼ਮੀਰ ਸਿੰਘ ਵਾਸੀ ਪਿੰਡ ਉਸਮਾਂ 3 ਮਾਰਚ 2013 ਨੂੰ ਤਰਨਤਾਰਨ ਦੇ ਗੋਇੰਦਵਾਲ ਸਾਹਿਬ ਮਾਰਗ ’ਤੇ ਸਥਿਤ ਪੈਲੇਸ ਵਿਚ ਆਪਣੇ ਮਾਸੀ ਦੇ ਲੜਕੇ ਦੇ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਪਰਿਵਾਰ ਸਮੇਤ ਪੁੱਜੀ ਸੀ। ਜਿਥੇ ਟੈਕਸੀ ਡਰਾਈਵਰਾਂ ਵੱਲੋਂ ਕਥਿਤ ਤੌਰ ’ਤੇ ਉਸ ਨਾਲ ਛੇੜ ਛਾੜ ਅਤੇ ਕੁੱਟਮਾਰ ਕੀਤੀ। ਜਦੋਂਕਿ ਮੌਕੇ ਉੱਪਰ ਝਗੜ ਹਟਾਉਣ ਲਈ ਪੁੱਜੀ ਪੁਲਿਸ ਨੇ ਵੀ ਹਰਬਿੰਦਰ ਕੌਰ ਸਮੇਤ ਉਸਦੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕੀਤੀ।
ਸਮਾਗਮ ਵਿਚ ਪੁੱਜੇ ਫੋਟੋ ਗ੍ਰਾਫਰ ਵੱਲੋਂ ਮਹਿਲਾ ਨਾਲ ਕੁੱਟਮਾਰ ਦੀ ਵੀਡੀਓ ਬਣਾ ਲਈ ਅਤੇ ਜਦੋਂ ਇਹ ਵੀਡੀਓ ਚੈਨਲਾਂ ’ਤੇ ਪ੍ਰਸਾਰਿਤ ਹੋਈ ਤਾਂ ਸੁਪਰੀਮ ਕੋਰਟ ਨੇ ਇਸਦਾ ਨੋਟਿਸ ਲੈ ਲਿਆ। ਜਿਸ ਤੋਂ ਬਾਅਦ ਥਾਣਾ ਸਿਟੀ ਤਰਨਤਾਰਨ ਵਿਚ ਐੱਸਸੀ, ਐੱਸਟੀ ਐਕਟ ਤੋਂ ਇਲਾਵਾ ਛੇੜ ਛਾੜ ਅਤੇ ਕੁੱਟਮਾਰ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ।
ਪੁਲਿਸ ਕਰਮਚਾਰੀਆਂ ਸਮੇਤ ਕੇਸ ਵਿਚ ਨਾਮਜ਼ਦ ਕੀਤੇ ਗਏ ਟੈਕਸੀ ਡਰਾਈਵਰਾਂ ’ਚ ਮਨਜਿੰਦਰ ਸਿੰਘ ਵੀ ਸ਼ਾਮਲ ਸਨ। ਜੋ 2022 ਦੀਆਂ ਚੋਣਾਂ ’ਚ ਆਮ ਆਦਮੀ ਪਾਰਟੀ ਵੱਲੋਂ ਖਡੂਰ ਸਾਹਿਬ ਹਲਕੇ ਤੋਂ ਵਿਧਾਇਕ ਚੁਣੇ ਗਏ।
Read More : ਮੁੱਲਾਂਪੁਰ ਸਟੇਡੀਅਮ ਅੰਤਰਰਾਸ਼ਟਰੀ ਕ੍ਰਿਕਟ ਟੂਰਨਾਮੈਂਟ ਦੀ ਮੇਜ਼ਬਾਨੀ ਲਈ ਤਿਆਰ
