ਰਮਦਾਸ ਤੋਂ ਹੜ੍ਹ ਪੀੜਤਾਂ ਦੀ ਮਦਦ ਕਰ ਕੇ ਵਾਪਸ ਮਹਿਤਾ ਚੌਕ ਆ ਰਹੇ ਸੀ ਸੇਵਾਦਾਰ
ਬਟਾਲਾ, 11 ਸਤੰਬਰ : ਪੰਜਾਬ ਵਿਚ ਪਿਛਲੇ ਦਿਨੀਂ ਆਏ ਹੜ੍ਹ ਕਾਰਨ ਜਿਥੇ ਦੇਸ਼ ਦੇ ਕੋਨੇ-ਕੋਨੇ ਤੋਂ ਸਮਾਜ ਸੇਵੀ ਸੰਸਥਾਵਾਂ ਤੇ ਹੋਰ ਸੰਗਠਨਾਂ ਵਲੋਂ ਹੜ੍ਹ ਪੀੜਤ ਪਰਿਵਾਰਾਂ ਦੀ ਵੱਧ ਤੋਂ ਵੱਧ ਮਦਦ ਲਈ ਅੱਗੇ ਆ ਕੇ ਦਿਨ-ਰਾਤ ਉਨ੍ਹਾਂ ਦੀ ਸੇਵਾ ਕੀਤੀ ਜਾ ਰਹੀ ਹੈ, ਉਥੇ ਨਾਲ ਹੀ ਬੀਤੀ ਰਾਤ ਹੜ੍ਹ ਪੀੜਤਾਂ ਦੀ ਮਦਦ ਕਰ ਕੇ ਰਮਦਾਸ ਤੋਂ ਮਹਿਤਾ ਵਾਪਸ ਆ ਰਹੀ ਇਕ ਬੱਸ ਦੇ ਬਟਾਲਾ ਦੇ ਪਿੰਡ ਸੁਨੱਈਆ ਨੇੜੇ ਦਰੱਖਤ ਨਾਲ ਟਕਰਾਉਣ ਕਰ ਕੇ 2 ਦਰਜਨ ਦੇ ਕਰੀਬ ਸੇਵਾਦਾਰਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ।
ਜਾਣਕਾਰੀ ਮੁਤਾਬਕ ਸੁਖਜਿੰਦਰ ਕੌਰ ਵਾਸੀ ਮਹਿਤਾ, ਕੁਲਜੀਤ ਕੌਰ ਤੇ ਹਰਜੀਤ ਸਿੰਘ ਵਾਸੀ ਵਿੰਝਰਵਾਲ, ਕਿਰਪਾਲ ਕੌਰ ਤੇ ਬਲਜੀਤ ਸਿੰਘ ਵਾਸੀ ਪਿੰਡ ਬੋਹਜਾ, ਕਰਤਾਰ ਸਿੰਘ ਵਾਸੀ ਨੰਗਲੀ, ਜਸਵਿੰਦਰ ਸਿੰਘ ਤੇ ਹਰਦੀਪ ਸਿੰਘ ਵਾਸੀ ਸੈਦੋਕੇ, ਪਾਲ ਸਿੰਘ ਵਾਸੀ ਬੋਹਜਾ, ਜਰਨੈਲ ਸਿੰਘ ਵਾਸੀ ਧਰਮਚੱਕ, ਸੁਖਦੇਵ ਸਿੰਘ ਵਾਸੀ ਧਰਮਚੱਕ, ਸੁਖਦੇਵ ਸਿੰਘ ਤੇ ਜਸਵਿੰਦਰ ਸਿੰਘ ਵਾਸੀ ਨੰਗਲੀ, ਰਣਜੀਤ ਸਿੰਘ ਵਾਸੀ ਪਿੰਡ ਨੰਗਲੀ, ਸਾਹਿਲ ਵਾਸੀ ਜਾਲੀਆਂ, ਪਰਮਜੀਤ ਸਿੰਘ ਵਾਸੀ ਜਾਲੀਆਂ ਆਦਿ ਸਮੇਤ ਦੋ ਦਰਜਨ ਦੇ ਕਰੀਬ ਸੇਵਾਦਾਰ ਰਮਦਾਸ ਤੋਂ ਇਕ ਬੱਸ ਵਿਚ ਸਵਾਰ ਹੋ ਕੇ ਹੜ੍ਹ ਪੀੜਤਾਂ ਦੀ ਸੇਵਾ ਕਰਨ ਤੋਂ ਬਾਅਦ ਵਾਪਸ ਮਹਿਤਾ ਚੌਕ ਨੂੰ ਜਾ ਰਹੇ ਸਨ।
ਇਸ ਦੌਰਾਨ ਜਦੋਂ ਬੱਸ ਬਟਾਲਾ ਦੇ ਅਲੀਵਾਲ ਰੋਡ ਸਥਿਤ ਪਿੰਡ ਸੁਨੱਈਆ ਨੇੜੇ ਪਹੁੰਚੀ ਤਾਂ ਅਚਾਨਕ ਇਕ ਦਰੱਖਤ ਵਿਚ ਜ਼ੋਰਦਾਰ ਢੰਗ ਨਾਲ ਜਾ ਵੱਜੀ, ਜਿਸ ਦੇ ਸਿੱਟੇ ਵਜੋਂ ਬੱਸ ਚਾਲਕ ਹਰਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਵਿੰਝਰਵਾਲ ਸਮੇਤ ਉਕਤ ਸਾਰੇ ਸੇਵਾਦਾਰ ਜ਼ਖਮੀ ਹੋ ਗਏ।
ਇਸ ਹਾਦਸੇ ਦੀ ਸੂਚਨਾ ਮਿਲਦਿਆਂ ਸੜਕ ਸੁਰੱਖਿਆ ਫੋਰਸ ਦੇ ਏ. ਐੱਸ. ਆਈ. ਗੁਰਜੀਤ ਸਿੰਘ ਤੇ ਸਿਪਾਹੀ ਵਿਕਾਸ ਬਨੋਤਰਾ ਸਮੇਤ ਮੌਕੇ ’ਤੇ ਪਹੁੰਚੀਆਂ ਤਿੰਨ 108 ਐਂਬੂਲੈਂਸਾਂ ਦੇ ਮੁਲਾਜ਼ਮਾਂ ਨੇ ਉਕਤ ਜ਼ਖਮੀਆਂ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਦਾਖਲ ਕਰਵਾਇਆ।
ਇਹ ਵੀ ਪਤਾ ਲੱਗਾ ਹੈ ਕਿ ਨੌਜਵਾਨ ਸਾਹਿਲ, ਜੋ ਕਿ ਬੱਸ ਦੇ ਅਗਲੇ ਪਾਸੇ ਬੈਠਾ ਸੀ, ਨੂੰ ਹਾਈਡ੍ਰਾ ਕਰੇਨ ਮੰਗਵਾ ਕੇ ਬੜੀ ਜੱਦੋ ਜਹਿਦ ਤੋਂ ਬਾਅਦ ਬਾਹਰ ਕੱਢਿਆ, ਗੰਭੀਰ ਜ਼ਖਮੀ ਹੋ ਗਿਆ।
Read More : ਅਗਵਾ ਕਰਨ ਤੋਂ ਬਾਅਦ 5 ਸਾਲਾ ਬੱਚੇ ਦਾ ਕਤਲ
