ਭਾਰਤ ਅਤੇ ਪਾਕਿਸਤਾਨ ਵਿਚਕਾਰ ਮੈਚ ਨੂੰ ਰੱਦ ਕਰਨ ਦੀ ਤੁਰੰਤ ਸੁਣਵਾਈ ਕਰਨ ਤੋਂ ਕੀਤਾ ਇਨਕਾਰ
ਨਵੀ ਦਿੱਲੀ, 11 ਸਤੰਬਰ : ਏਸ਼ੀਆ ਕੱਪ ਟੀ-20 ਕ੍ਰਿਕਟ ਵਿਚ 14 ਸਤੰਬਰ ਨੂੰ ਹੋਣ ਵਾਲੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਮੈਚ ਨੂੰ ਰੱਦ ਕਰਨ ਲਈ ਸੁਪਰੀਮ ਕੋਰਟ ਵਿਚ ਇਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ, ਜਿਸਨੂੰ ਸੁਪਰੀਮ ਕੋਰਟ ਨੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਇਹ ਮਾਮਲਾ ਜਸਟਿਸ ਜੇ.ਕੇ ਮਹੇਸ਼ਵਰੀ ਅਤੇ ਜਸਟਿਸ ਵਿਜੇ ਬਿਸ਼ਨੋਈ ਦੇ ਡਿਵੀਜ਼ਨ ਬੈਂਚ ਦੇ ਸਾਹਮਣੇ ਪੇਸ਼ ਕੀਤਾ ਗਿਆ।
ਜਸਟਿਸ ਮਹੇਸ਼ਵਰੀ ਨੇ ਵਕੀਲ ਨੂੰ ਸੁਣਦੇ ਹੋਏ ਟਿੱਪਣੀ ਕੀਤੀ ਕਿ ਇਸ ਵਿਚ ਇੰਨੀ ਜਲਦੀ ਕੀ ਹੈ? ਇਹ ਇਕ ਮੈਚ ਹੈ, ਇਸ ਨੂੰ ਜਾਰੀ ਰਹਿਣ ਦਿਉ। ਵਕੀਲ ਨੇ ਕੱਲ੍ਹ ਕੇਸ ਨੂੰ ਸੂਚੀਬੱਧ ਕਰਨ ਦੀ ਬੇਨਤੀ ਕੀਤੀ ਸੀ।
ਪਟੀਸ਼ਨਕਰਤਾਵਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਲਗਾਤਾਰ ਅੱਤਵਾਦੀਆਂ ਨੂੰ ਪਨਾਹ ਦਿੰਦਾ ਹੈ ਅਤੇ ਅਜਿਹੇ ਦੇਸ਼ ਨਾਲ ਖੇਡਣ ਨਾਲ ਸਹੀ ਸੁਨੇਹਾ ਨਹੀਂ ਜਾਂਦਾ। ਇਸ ਨਾਲ ਭਾਰਤੀ ਸੈਨਿਕਾਂ ਦਾ ਮਨੋਬਲ ਡਿੱਗ ਸਕਦਾ ਹੈ ਅਤੇ ਆਮ ਲੋਕਾਂ ਵਿਚ ਗਲਤ ਪ੍ਰਭਾਵ ਵੀ ਪੈਦਾ ਹੋ ਸਕਦਾ ਹੈ।
ਇਹ ਮੈਚ 14 ਸਤੰਬਰ ਨੂੰ ਦੁਬਈ ਵਿਚ ਖੇਡਿਆ ਜਾਣਾ ਹੈ। ਇਹ ਪਟੀਸ਼ਨ ਉਰਵਸ਼ੀ ਜੈਨ ਦੀ ਅਗਵਾਈ ਵਿਚ ਚਾਰ ਲਾਅ ਦੇ ਵਿਦਿਆਰਥੀਆਂ ਦੁਆਰਾ ਦਾਇਰ ਕੀਤੀ ਗਈ ਹੈ। ਇਹ ਪਟੀਸ਼ਨ ਐਡਵੋਕੇਟ ਸਨੇਜਾ ਰਾਣੀ, ਐਡਵੋਕੇਟ ਅਭਿਸ਼ੇਕ ਵਰਮਾ ਅਤੇ ਐਡਵੋਕੇਟ ਅਨਸ ਚੌਧਰੀ ਦੁਆਰਾ ਤਿਆਰ ਕੀਤੀ ਗਈ ਹੈ, ਜਦਕਿ ਰਿਕਾਰਡ ‘ਤੇ ਵਕੀਲ ਅੰਸਾਰ ਅਹਿਮਦ ਚੌਧਰੀ ਹਨ। ਪਟੀਸ਼ਨ ਦਾ ਡਾਇਰੀ ਨੰਬਰ 51856/2025 ਹੈ ਅਤੇ ਇਸ ਨੂੰ ਤੁਰਤ ਸੁਣਵਾਈ ਲਈ ਰੱਖਣ ਦੀ ਮੰਗ ਕੀਤੀ ਗਈ ਹੈ।
ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਪਹਿਲਗਾਮ ਅਤਿਵਾਦੀ ਹਮਲੇ ਅਤੇ ਹਾਲ ਹੀ ਵਿੱਚ ਹੋਏ ਆਪ੍ਰੇਸ਼ਨ ਸਿੰਦੂਰ ਘਟਨਾਵਾਂ ਵਿਚ ਭਾਰਤੀ ਨਾਗਰਿਕਾਂ ਅਤੇ ਸੈਨਿਕਾਂ ਨੇ ਅਪਣੀਆਂ ਜਾਨਾਂ ਗੁਆ ਦਿਤੀਆਂ। ਅਜਿਹੇ ਸਮੇਂ ਪਾਕਿਸਤਾਨ ਨਾਲ ਕ੍ਰਿਕਟ ਖੇਡਣਾ ਦੇਸ਼ ਦੀ ਸ਼ਾਨ ਦੇ ਵਿਰੁਧ ਹੈ ਅਤੇ ਇਹ ਸ਼ਹੀਦਾਂ ਅਤੇ ਉਨ੍ਹਾਂ ਦੇ ਪਰਵਾਰਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ।
ਜਦੋਂ ਵਕੀਲ ਨੇ ਦੱਸਿਆ ਕਿ ਮੈਚ ਐਤਵਾਰ (14 ਸਤੰਬਰ) ਨੂੰ ਹੈ ਅਤੇ ਜੇ ਮਾਮਲਾ ਵੀਰਵਾਰ ਨੂੰ ਸੂਚੀਬੱਧ ਨਹੀਂ ਹੁੰਦਾ, ਤਾਂ ਪਟੀਸ਼ਨ ਅਰਥਹੀਣ ਹੋ ਜਾਵੇਗੀ, ਤਾਂ ਜੱਜ ਨੇ ਕਿਹਾ, “ਮੈਚ ਇਸ ਐਤਵਾਰ ਨੂੰ ਹੈ? ਅਸੀਂ ਇਸ ਬਾਰੇ ਕੀ ਕਰ ਸਕਦੇ ਹਾਂ? ਇਸ ਨੂੰ ਜਾਰੀ ਰਹਿਣ ਦਿਉ। ਮੈਚ ਜਾਰੀ ਰਹਿਣਾ ਚਾਹੀਦਾ ਹੈ।
ਵਕੀਲ ਨੇ ਫਿਰ ਦਲੀਲ ਦਿੱਤੀ ਕਿ ਭਾਵੇਂ ਉਸ ਦਾ ਕੇਸ ਚੰਗਾ ਹੈ ਜਾਂ ਮਾੜਾ, ਘੱਟੋ-ਘੱਟ ਮਾਮਲਾ ਸੂਚੀਬੱਧ ਕੀਤਾ ਜਾ ਸਕਦਾ ਹੈ। ਹਾਲਾਂਕਿ, ਜਸਟਿਸ ਮਹੇਸ਼ਵਰੀ ਨੇ ਇਸ ਬੇਨਤੀ ਨੂੰ ਵੀ ਰੱਦ ਕਰ ਦਿੱਤਾ ਅਤੇ ਦੁਹਰਾਇਆ ਕਿ ਮੈਚ ਜਾਰੀ ਰਹਿਣਾ ਚਾਹੀਦਾ ਹੈ।
Read More : ਹਰਮੀਤ ਬਡੂੰਗਰ ‘ਆਪ’ ਛੱਡ ਕੇ ਮੁੜ ਅਕਾਲੀ ਦਲ ’ਚ ਸ਼ਾਮਲ