ਅਕਾਲੀ ਦਲ ਮੁੜ ਇਕਮੁੱਠ ਹੋ ਕੇ ਪੰਜਾਬ ਦੇ ਹਿੱਤਾਂ ਦੀ ਲੜਾਈ ਲੜ ਰਿਹੈ : ਸੁਖਬੀਰ ਬਾਦਲ
ਪਟਿਆਲਾ, 10 ਸਤੰਬਰ : ਸ਼੍ਰੋਮਣੀ ਅਕਾਲੀ ਦਲ ਜ਼ਿਲਾ ਸ਼ਹਿਰੀ ਦੇ ਪ੍ਰਧਾਨ ਅਮਿਤ ਸਿੰਘ ਰਾਠੀ ਦੀ ਪ੍ਰੇਰਨਾ ਸਦਕਾ ਅਕਾਲੀ ਦਲ ਦੇ ਬੀ. ਸੀ. ਵਿੰਗ ਦੇ ਸਾਬਕਾ ਪ੍ਰਧਾਨ ਹਰਮੀਤ ਸਿੰਘ ਬਡੂੰਗਰ ਨੇ ਆਮ ਆਦਮੀ ਪਾਰਟੀ ਛੱਡ ਕੇ ਮੁੜ ਤੋਂ ਅਕਾਲੀ ਦਲ ’ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ’ਚ ਸ਼ਾਮਲ ਹੋਣ ’ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਰਮੀਤ ਸਿੰਘ ਬਡੂੰਗਰ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਮੁੜ ਤੋਂ ਇਕਮੁੱਠ ਅਤੇ ਇਕਜੁੱਟ ਹੋ ਚੁੱਕਿਆ ਹੈ ਅਤੇ ਅੱਜ ਪੰਜਾਬ ਦੇ ਹਿੱਤਾਂ ਦੀ ਲੜਾਈ ਲੜ ਰਿਹਾ ਹੈ। ਜਿਥੇ ਦਿੱਲੀ ਤੋਂ ਆਈਆਂ ਪਾਰਟੀਆਂ ਸੰਕਟ ਦੇ ਸਮੇਂ ’ਚ ਸਾਥ ਛੱਡ ਕੇ ਦਿੱਲੀ ਭੱਜ ਗਈਆਂ ਹਨ। ਉੱਥੇ ਅਕਾਲੀ ਦਲ ਆਪਣੇ ਲੋਕਾਂ ਨਾਲ ਖੜ੍ਹਾ ਹੈ।
ਜ਼ਿਲਾ ਪ੍ਰਧਾਨ ਅਮਿਤ ਸਿੰਘ ਰਾਠੀ ਨੇ ਕਿਹਾ ਕਿ ਹਰਮੀਤ ਸਿੰਘ ਬਡੂੰਗਰ ਨੇ ਜ਼ਮੀਰ ਦੀ ਅਾਵਾਜ਼ ਸੁਣ ਕੇ ਸਹੀ ਫੈਸਲਾ ਲਿਆ ਹੈ। ਹੁਣ ਪੰਜਾਬ ਦੇ ਲੋਕ ਵੀ ਸਮਝ ਗਏ ਹਨ ਕਿ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਹੀ ਕਰ ਸਕਦਾ ਹੈ। ਬਡੂੰਗਰ ਤੋਂ ਬਾਅਦ ਵੀ ਵੱਡੀ ਗਿਣਤੀ ਆਗੂ ਅਕਾਲੀ ਦਲ ’ਚ ਸ਼ਾਮਲ ਹੋਣ ਲਈ ਤਿਆਰ ਬੈਠੇ ਹਨ। ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਲੋਕਾਂ ਨੇ ਹਮੇਸ਼ਾ ਅਕਾਲੀ ਦਲ ਦਾ ਸਾਥ ਦਿੱਤਾ ਹੈ।
ਜ਼ਿਲਾ ਪ੍ਰਧਾਨ ਰਾਠੀ ਨੇ ਕਿਹਾ ਕਿ ਹਰਮੀਤ ਸਿੰਘ ਬਡੁੰੂਗਰ ਨੇ ਘਰ ਵਾਪਸੀ ਕੀਤੀ ਹੈ ਕਿਉਂਕਿ ਇਹ ਉਨ੍ਹਾਂ ਦਾ ਆਪਣਾ ਘਰ ਹੈ। ਰਾਠੀ ਨੇ ਕਿਹਾ ਕਿ ਜਿਸ ਤਰ੍ਹਾਂ ਦੀ ਲੋਕ ਲਹਿਰ ਬਣ ਚੁੱਕੀ ਹੈ, ਉਸ ਨਾਲ ਪੰਜਾਬ ਦੇ ਲੋਕ ਮੁੜ ਆਪਣੀ ਪਾਰਟੀ ਅਕਾਲੀ ਦਲ ਦੇ ਝੰਡੇ ਹੇਠ ਲਾਮਬੰਦ ਹੋ ਚੁੱਕੇ ਹਨ। ਜਦੋਂ ਪੰਜਾਬੀ ਇਕਮੁੱਠ ਹੋ ਜਾਣ ਤਾਂ ਦੁਨੀਆਂ ਦੀ ਕੋਈ ਤਾਕਤ ਉਨ੍ਹਾਂ ਅੱਗੇ ਨਹੀਂ ਟਿਕਦੀ।
ਇਸ ਮੌਕੇ ਕੋਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਪਟਿਆਲਾ ਸ਼ਹਿਰੀ ਦੇ ਹਲਕਾ ਇੰਚਾਰਜ ਅਮਰਿੰਦਰ ਸਿੰਘ ਬਜਾਜ, ਯੂਥ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਕਰਨਵੀਰ ਸਿੰਘ ਸਾਹਨੀ, ਸਰਕਲ ਪ੍ਰਧਾਨ ਗੌਰਵ ਜਿੰਦਲ, ਯੂਥ ਆਗੂ ਕਰਨ ਗਿੱਲ ਬਡੂੰਗਰ ਅਤੇ ਸੁਮੇਲ ਕੁਰੈਸ਼ੀ ਵੀ ਮੌਜੂਦ ਸਨ।
Read More : ਪ੍ਰਧਾਨ ਮੰਤਰੀ ਨੇ ਮਾਮੂਲੀ ਪੈਕੇਜ ਦੇ ਕੇ ਪੰਜਾਬੀਆਂ ਦਾ ਕੀਤਾ ਅਪਮਾਨ : ਅਮਨ ਅਰੋੜਾ