ਘੱਗਰ ਖ਼ਤਰੇ ਦੇ ਨਿਸ਼ਾਨ ਤੋਂ ਵਗ ਰਿਹੈ ਢਾਈ ਫੁੱਟ ’ਤੇ
ਪਾਤੜਾਂ, 9 ਸਤੰਬਰ : ਘੱਗਰ ਦੇ ਖਨੌਰੀ ਹੈੱਡਵਰਕਸ ’ਤੇ ਬੁਰਜੀ ਨੰਬਰ ਆਰ. ਡੀ. 460 ’ਤੇ ਘੱਗਰ ਦਾ ਪਾਣੀ ਖ਼ਤਰੇ ਦੇ ਨਿਸ਼ਾਨ 748 ਨੂੰ ਪਾਰ ਕਰ ਕੇ 750.6 ’ਤੇ 14450 ਕਿਊਸਕ ਚੱਲ ਰਿਹਾ ਹੈ। ਭਾਵੇਂ ਕਿ ਸਰਕਾਰੀ ਰਿਪੋਰਟ ਅਨੁਸਾਰ ਘੱਗਰ ਦਰਿਆ ਦੇ ਪਾਣੀ ਦਾ ਪੱਧਰ ਇਕ ਇੰਚ ਘਟਿਆ ਦੱਸਿਆ ਜਾ ਰਿਹਾ ਹੈ ਪਰ ਲੋਕ ਵੱਲੋਂ ਲਾਈਆਂ ਨਿਸ਼ਾਨੀਆਂ ਤਹਿਤ ਅਜੇ ਪਾਣੀ ਘਟਣਾ ਸ਼ੁਰੂ ਨਹੀਂ ਹੋਇਆ। ਉਹ ਅਜੇ ਵੀ ਬੰਨ੍ਹਾਂ ਦੀ ਮਜ਼ਬੂਤੀ ਲਈ ਨਿਗਰਾਨੀ ਕਰ ਰਹੇ ਹਨ ਕਿਉਂਕਿ ਖਨੌਰੀ ਸੈਫਨ ’ਤੇ ਖ਼ਬਰ ਲਿਖੇ ਜਾਣ ਤੱਕ 750.6 ਫੁੱਟ ਪਾਣੀ ਦਾ ਪੱਧਰ ਅਤੇ 14450 ਕਿਊਸਕ ਪਾਣੀ ਬੀਤੇ 2 ਦਿਨਾਂ ਤੋਂ ਸਥਿਰ ਚੱਲ ਰਿਹਾ ਹੈ।
ਇਸ ਸਮੇਂ ਪਟਿਆਲਾ ਦੀ ਵੱਡੀ ਨਦੀ ਖਾਲੀ ਹੈ। ਡੇਰਾਬਸੀ, ਸ਼ੰਭੂ, ਸਰਾਲਾ ਕੋਲ ਘੱਗਰ ’ਚ ਪਾਣੀ ਘੱਟ ਗਿਆ, ਫਿਰ ਵੀ ਅੱਗੇ ਪਾਣੀ ਹਰਿਆਣਾ ਦੇ ਭਾਗਲ ਪਿੰਡ ਕੋਲ ਟਾਂਗਰੀ ਅਤੇ ਮਾਰਕੰਡਾ ਘੱਗਰ ’ਚ ਆ ਡਿੱਗਦੇ ਹਨ, ਜੋ ਕੇ ਦੋਨੋਂ ਹੀ ਫੁੱਲ ਵਗ ਰਹੇ ਹਨ। ਇਸ ਕਰ ਕੇ ਇਥੋਂ ਅੱਗੇ ਘੱਗਰ ਦਰਿਆ ਵੱਡੀ ਮਾਰ ਕਰ ਰਿਹਾ ਹੈ। ਇਹ ਪਾਣੀ ਅੰਬਾਲਾ, ਕਾਲੇ ਅੰਬ ਤੋਂ ਉੱਪਰੋਂ ਆ ਰਿਹਾ ਹੈ।
ਪਿੰਡ ਸ਼ੁਤਰਾਣਾ ਦੇ ਖੇਤਾਂ ਦੀ ਲਾਈਨ ਲੀਕ ਹੋਣ ਕਾਰਨ 100 ਏਕੜ ਵਿਚ ਪਾਣੀ ਭਰ ਗਿਆ। ਪਿੰਡ ਵਾਸੀਆਂ ਨੇ ਕਾਫ਼ੀ ਜੱਦੋ-ਜਹਿਦ ਮਗਰੋਂ ਪਾਣੀ ਬੰਦ ਕੀਤਾ। ਇਸੇ ਤਰ੍ਹਾਂ ਪਿੰਡ ਅਰਨੇਟੂ ਦਾ ਕਾਫੀ ਰਕਬੇ ਵਿਚ ਬਰਸਾਤੀ ਪਾਣੀ ਭਰਿਆ ਹੋਣ ਕਰ ਕੇ ਫਸਲਾਂ ਕਈ ਦਿਨਾਂ ਤੋਂ ਡੁੱਬੀਆਂ ਪਈਆਂ ਹਨ।
ਪਿੰਡ ਮਤੌਲੀ ਦੇ ਵਸਨੀਕਾਂ ਨੇ ਦੱਸਿਆ ਕਿ ਐਕਸਪ੍ਰੈੱਸਵੇਅ ਦੇ ਥੱਲਿਓਂ ਲੰਘਦੇ ਘੱਗਰ ਦਰਿਆ ਦਾ ਸਰਕਾਰੀ ਅਤੇ ਪ੍ਰਾਈਵੇਟ ਬੰਨ੍ਹ ਐਕਸਪ੍ਰੈੱਸਵੇਅ ਦੇ ਨਿਰਮਾਣ ਦੌਰਾਨ ਨੁਕਸਾਨਿਆ ਗਿਆ ਸੀ। ਸਮਾਂ ਰਹਿੰਦੇ ਜੇਕਰ ਪਿੰਡਾਂ ਦੇ ਲੋਕ ਬੰਨਿਆਂ ਨੂੰ ਆਪਣੇ ਸਾਧਨਾਂ ਰਾਹੀਂ ਮਜ਼ਬੂਤ ਨਾ ਕਰਦੇ ਤਾਂ ਵੱਡੀ ਬਰਬਾਦੀ ਹੋ ਜਾਣੀ ਸੀ।
ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਹੜ੍ਹਾਂ ਦੌਰਾਨ ਉਨ੍ਹਾਂ ਦੀ ਸੜਕ ਬੁਰੀ ਟੁੱਟੀ ਸੀ। ਅਜੇ ਤੱਕ ਪੰਜਾਬ ਸਰਕਾਰ ਵੱਲੋਂ ਮੁਰੰਮਤ ਨਹੀਂ ਕਰਵਾਈ ਗਈ। ਲੋਕਾਂ ਨੂੰ ਪਾਤੜਾਂ, ਸਮਾਣਾ ਅਤੇ ਪਿੰਡ ਦੇ ਬੱਚਿਆਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਦਸ਼ਾਹਪੁਰ ਜਾਣ ਲਈ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ।
Read More : ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਉੱਪ ਰਾਸ਼ਟਰਪਤੀ ਚੋਣ ਦਾ ਬਾਈਕਾਟ
