Patiala-Chika road jam

ਹਾਂਸੀ-ਬੂਟਾਣਾ ਨਹਿਰ ਕਾਰਨ ਹੜ੍ਹ-ਪ੍ਰਭਾਵਿਤ ਪਿੰਡਾਂ ਵੱਲੋਂ ਪਟਿਆਲਾ-ਚੀਕਾ ਸੜਕ ਜਾਮ

ਹਰਿਆਣਾ ਅਤੇ ਪੰਜਾਬ ਸਰਕਾਰਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਦਿੱਤਾ ਧਰਨਾ

ਪਟਿਆਲਾ, 9 ਸਤੰਬਰ : ਹਾਂਸੀ-ਬੂਟਾਣਾ ਨਹਿਰ ਵੱਲੋਂ ਘੱਗਰ ਦਰਿਆ ਦੇ ਪਾਣੀ ਨੂੰ ਲੱਗ ਰਹੀ ਡਾਫ ਕਾਰਨ ਹਰ ਸਾਲ ਦਰਜਨਾਂ ਪਿੰਡ ਹੜ੍ਹ ਦੀ ਲਪੇਟ ’ਚ ਆ ਜਾਂਦੇ ਹਨ। ਇਸ ਵਾਰ ਵੀ ਸੈਂਕੜੇ ਏਕੜ ਜ਼ਮੀਨ ਪਾਣੀ ਹੇਠ ਆ ਗਈ ਹੈ। ਇਸ ਗੰਭੀਰ ਸਮੱਸਿਆ ਦੇ ਵਿਰੋਧ ’ਚ ਅੱਜ ਹੜ੍ਹ-ਪੀੜਤ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਪ੍ਰਭਾਵਿਤ ਪਿੰਡਾਂ ਦੇ ਵੱਡੇ ਗਿਣਤੀ ਲੋਕਾਂ ਨੇ ਪਟਿਆਲਾ–ਚੀਕਾ ਸੜਕ ’ਤੇ ਤੀਖਾ ਰੋਸ ਪ੍ਰਦਰਸ਼ਨ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕਰ ਕੇ ਲਗਭਗ 2 ਘੰਟਿਆਂ ਲਈ ਆਵਾਜ਼ਾਈ ਪੂਰੀ ਤਰ੍ਹਾਂ ਠੱਪ ਕਰ ਕੇ ਧਰਨਾ ਦਿੱਤਾ।

ਇਸ ਦੌਰਾਨ ਲੋਕਾਂ ਨੇ ਹਰਿਆਣਾ ਸਰਕਾਰ ਖਿਲਾਫ ਭਾਰੀ ਨਾਅਰੇਬਾਜ਼ੀ ਕੀਤੀ। ਕਮੇਟੀ ਆਗੂਆਂ ਨੇ ਦੋਸ਼ ਲਾਇਆ ਕਿ ਹਾਂਸੀ-ਬੂਟਾਣਾ ਨਹਿਰ ਕਾਰਨ ਘੱਗਰ ਦਾ ਪਾਣੀ ਰੁਕਦਾ ਹੈ, ਜਿਸ ਨਾਲ ਹਰ ਸਾਲ ਸੈਂਕੜੇ ਏਕੜ ਫਸਲ ਬਰਬਾਦ ਹੋ ਜਾਂਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜਦ ਤੱਕ ਇਸ ਨਹਿਰ ਦੇ ਸੈਫ਼ਨ ਨਹੀਂ ਖੋਲ੍ਹੇ ਜਾਂਦੇ ਜਾਂ ਇਸ ਨੂੰ ਘੱਗਰ ਦਰਿਆ ਦੇ ਹੇਠਾਂ ਨਹੀਂ ਲੰਘਾਇਆ ਜਾਂਦਾ, ਉਸ ਸਮੇਂ ਤੱਕ ਹੜ੍ਹ ਦੀ ਸਮੱਸਿਆ ਦਾ ਸਥਾਈ ਹੱਲ ਸੰਭਵ ਨਹੀਂ।

ਕਮੇਟੀ ਨੇ ਲੋਕਾਂ ਦੀਆਂ ਮੰਗਾਂ ਸਾਫ਼ ਕਰਦਿਆਂ ਕਿਹਾ ਕਿ ਪਹਿਲੀ ਮੰਗ ਇਹ ਹੈ ਕਿ ਹਾਂਸੀ-ਬੂਟਾਣਾ ਨਹਿਰ ਦੇ ਸੈਫ਼ਨ ਕਰੀਬ 2 ਕਿਲੋਮੀਟਰ ਦੇ ਖੇਤਰ ’ਚ ਬਣਾਏ ਜਾਣ ਤਾਂ ਜੋ ਘੱਗਰ ਦੇ ਪਾਣੀ ਦੀ ਕੁਦਰਤੀ ਵਹਾਅ ਰਵਾਨਗੀ ਯਕੀਨੀ ਹੋ ਸਕੇ। ਦੂਜੀ ਮੰਗ ਇਹ ਹੈ ਕਿ ਇਸ ਨਹਿਰ ਨੂੰ ਘੱਗਰ ਦਰਿਆ ਦੇ ਹੇਠਾਂ ਲੰਘਾ ਕੇ ਸਥਾਈ ਹੱਲ ਕੱਢਿਆ ਜਾਵੇ।

ਇਸ ਤੋਂ ਇਲਾਵਾ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਭਾਵਿਤ ਪਿੰਡਾਂ ’ਚ ਪੱਕੇ ਬੰਨ੍ਹ ਬਣਾਏ ਜਾਣ ਅਤੇ ਨਿਕਾਸੀ ਦੀ ਉਚਿਤ ਪ੍ਰਣਾਲੀ ਤਿਆਰ ਕੀਤੀ ਜਾਵੇ ਤਾਂ ਜੋ ਹਰ ਸਾਲ ਲੋਕਾਂ ਨੂੰ ਹੜ੍ਹ ਦੀ ਤਬਾਹੀ ਦਾ ਸਾਹਮਣਾ ਨਾ ਕਰਨਾ ਪਵੇ। ਧਰਨੇ ਦੌਰਾਨ ਹੜ੍ਹ ਪੀੜਤ ਸੰਘਰਸ਼ ਕਮੇਟੀ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਨੈਬ ਸਿੰਘ ਸੈਣੀ ਦੇ ਨਾਂ ਮੰਗ ਪੱਤਰ ਨਾਇਬ-ਤਹਿਸੀਲਦਾਰ ਬੰਸੀ ਲਾਲ ਨੂੰ ਸੌਂਪਿਆ ਗਿਆ।

ਇਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਪਹੁੰਚੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੂੰ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਂ ਮੰਗ-ਪੱਤਰ ਦਿੱਤਾ ਗਿਆ। ਵਿਧਾਇਕ ਜੌੜਾਮਾਜਰਾ ਨੇ ਕਿਹਾ ਕਿ ਉਹ ਇਹ ਮੁੱਦਾ ਵਿਧਾਨ ਸਭਾ ’ਚ ਉਠਾਉਣਗੇ ਤਾਂ ਜੋ ਇਸ ਸਮੱਸਿਆ ਦਾ ਪੱਕਾ ਹੱਲ ਨਿਕਲ ਸਕੇ। ਇਸ ਦੌਰਾਨ ਸੀਨੀਅਰ ਆਗੂ ਸਾਬਕਾ ਸਰਪੰਚ ਹਰਚਰਨ ਸਿੰਘ ਅਤੇ ਹਰਭਜਨ ਸਿੰਘ ਨੇ ਆਖਿਆ ਕਿ ਜਦ ਤੱਕ ਹਾਂਸੀ-ਬੂਟਾਣਾ ਨਹਿਰ ਕਾਰਨ ਬਣ ਰਹੀ ਹੜ੍ਹ ਦੀ ਸਮੱਸਿਆ ਦਾ ਸਥਾਈ ਹੱਲ ਨਹੀਂ ਕੀਤਾ ਜਾਂਦਾ, ਤੱਦ ਤੱਕ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ।

ਇਸ ਮੌਕੇ ਕਸ਼ਮੀਰ ਸਿੰਘ ਵਿਰਕ, ਸਰਪੰਚ ਵਰਿੰਦਰ ਸਿੰਘ ਸੋਨੂੰ, ਲਬੜਦਾਰ ਹਰਪਾਲ ਸਿੰਘ, ਨਿਸ਼ਾਨ ਸਿੰਘ ਚੀਮਾ, ਮਲਕੀਤ ਸਿੰਘ ਚੀਮਾ, ਅਮਨ ਸਿੰਘ ਗਿੱਲ, ਰਵੀ ਸਰਪੰਚ, ਬਲਜੀਤ ਸਰਪੰਚ ਸਮੇਤ ਵੱਖ-ਵੱਖ ਪਿੰਡਾਂ ਦੇ ਵੱਡੀ ਗਿਣਤੀ ਲੋਕ ਹਾਜ਼ਰ ਸਨ।

Read More : ਪ੍ਰਧਾਨ ਮੰਤਰੀ ਦੀ ਫੇਰੀ ਨੂੰ ਲੈ ਕੇ ਪੁਲਸ ਛਾਉਣੀ ਬਣਿਆ ਗੁਰਦਾਸਪੁਰ

Leave a Reply

Your email address will not be published. Required fields are marked *