ਭਾਰਤ ਵਿਚ ਦੇਖਿਆ ਜਾਣ ਵਾਲਾ ਸਭ ਤੋਂ ਲੰਬਾ ਪੂਰਨ ਚੰਦ ਗ੍ਰਹਿਣ ਹੋਵੇਗਾ
82 ਮਿੰਟ ਤੱਕ ਪੂਰਨ ਚੰਦ ਗ੍ਰਹਿਣ ਹੋਵੇਗਾ
ਨਵੀਂ ਦਿੱਲੀ, 7 ਸਤੰਬਰ : ਅੱਜ ਐਤਵਾਰ ਨੂੰ ਭਾਰਤ ’ਚ ਸਾਲ ਦਾ ਦੂਜਾ ਅਤੇ ਆਖਰੀ ਚੰਦ ਗ੍ਰਹਿਣ ਲੱਗੇਗਾ। ਇਹ ਇਕ ਪੂਰਨ ਗ੍ਰਹਿਣ ਯਾਨੀ ਬਲੱਡ ਮੂਨ ਹੋਵੇਗਾ ਅਤੇ ਇਸ ਨੂੰ ਪੂਰੇ ਦੇਸ਼ ਅੰਦਰ ਕਿਤੇ ਵੀ ਦੇਖਿਆ ਜਾ ਸਕੇਗਾ। ਇਹ ਸਾਲ 2022 ਤੋਂ ਬਾਅਦ ਭਾਰਤ ਵਿਚ ਦੇਖਿਆ ਜਾਣ ਵਾਲਾ ਸਭ ਤੋਂ ਲੰਬਾ ਪੂਰਨ ਚੰਦ ਗ੍ਰਹਿਣ ਹੋਵੇਗਾ।
ਚੰਦ ਗ੍ਰਹਿਣ ਰਾਤੀਂ 10 ਵਜੇ ਤੋਂ ਸ਼ੁਰੂ ਹੋ ਕੇ 3 ਘੰਟੇ 28 ਮਿੰਟ ਤੱਕ ਰਹੇਗਾ ਅਤੇ ਇਸ ’ਚੋਂ 82 ਮਿੰਟ ਤੱਕ ਪੂਰਨ ਚੰਦ ਗ੍ਰਹਿਣ ਹੋਵੇਗਾ। ਇਸ ਦੌਰਾਨ ਧਰਤੀ ਸੂਰਜ ਅਤੇ ਚੰਦਰਮਾ ਦੇ ਵਿਚਕਾਰ ਆ ਜਾਵੇਗੀ, ਜਿਸ ਕਾਰਨ ਇਸਦਾ ਪਰਛਾਵਾਂ ਚੰਦਰਮਾ ’ਤੇ ਪਵੇਗਾ ਅਤੇ ਚੰਦ ਲਾਲ-ਸੰਤਰੀ ਰੰਗ ਦਾ ਦਿਖਾਈ ਦੇਵੇਗਾ। ਇਸਨੂੰ ਬਲੱਡ ਮੂਨ ਕਿਹਾ ਜਾਂਦਾ ਹੈ।
27 ਜੁਲਾਈ 2018 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਗ੍ਰਹਿਣ ਦੇਸ਼ ਦੇ ਸਾਰੇ ਹਿੱਸਿਆਂ ’ਚ ਦਿਖਾਈ ਦੇਵੇਗਾ। ਇਸ ਨੂੰ ਸਿੱਧੇ ਅੱਖਾਂ ਨਾਲ ਦੇਖਿਆ ਜਾ ਸਕਦਾ ਹੈ। ਇਸ ਲਈ ਕਿਸੇ ਐਨਕ ਜਾਂ ਫਿਲਟਰ ਦੀ ਲੋੜ ਨਹੀਂ ਹੈ। ਜਦਕਿ ਦੂਰਬੀਨ ਜਾਂ ਟੈਲੀਸਕੋਪ ਨਾਲ ਦੇਖੇ ਜਾਣ ’ਤੇ ਇਸਨੂੰ ਸਾਫ਼-ਸਾਫ਼ ਦੇਖਿਆ ਜਾ ਸਕਦਾ ਹੈ।
ਚੰਦ ਗ੍ਰਹਿਣ ਦਾ ਨਜ਼ਾਰਾ ਭਾਰਤ ਦੇ ਨਾਲ-ਨਾਲ ਏਸ਼ੀਆ, ਪੱਛਮੀ ਆਸਟਰੇਲੀਆ ਅਤੇ ਯੂਰਪ ਸਮੇਤ ਦੁਨੀਆ ਦੇ ਕਈ ਹਿੱਸਿਆਂ ਵਿੱਚ ਦਿਖਾਈ ਦੇਵੇਗਾ। ਮਾਹਿਰਾਂ ਅਨੁਸਾਰ ਏਸ਼ੀਆ ਅਤੇ ਆਸਟਰੇਲੀਆ ਦੇ ਲੋਕ ਚੰਦ ਗ੍ਰਹਿਣ ਦਾ ਸਭ ਤੋਂ ਸ਼ਾਨਦਾਰ ਦ੍ਰਿਸ਼ ਦੇਖ ਸਕਣਗੇ ਕਿਉਂਕਿ ਗ੍ਰਹਿਣ ਦੇ ਸਮੇਂ ਚੰਦਰਮਾ ਅਸਮਾਨ ਵਿੱਚ ਉੱਚਾ ਹੋਵੇਗਾ। ਯੂਰਪ ਅਤੇ ਅਫਰੀਕਾ ਦੇ ਲੋਕ ਚੰਦਰਮਾ ਦੇ ਚੜ੍ਹਨ ’ਤੇ ਥੋੜ੍ਹੇ ਸਮੇਂ ਲਈ ਇਸਨੂੰ ਦੇਖ ਸਕਣਗੇ।
ਅੰਦਾਜ਼ਾ ਲਗਾਇਆ ਗਿਆ ਹੈ ਕਿ ਦੁਨੀਆ ਦੀ ਲਗਭਗ 77% ਆਬਾਦੀ ਪੂਰਾ ਗ੍ਰਹਿਣ ਦੇਖ ਸਕੇਗੀ। ਇਹ ਬੈਂਕਾਕ ਵਿਚ ਦੁਪਹਿਰ 12:30 ਤੋਂ 1:52 ਵਜੇ ਤੱਕ, ਬੀਜਿੰਗ ਅਤੇ ਹਾਂਗਕਾਂਗ ਵਿੱਚ ਦੁਪਹਿਰ 1:30 ਤੋਂ 2:52 ਵਜੇ ਤੱਕ, ਟੋਕੀਓ ਵਿੱਚ ਦੁਪਹਿਰ 2:30 ਤੋਂ 3:52 ਵਜੇ ਤੱਕ ਅਤੇ ਸਿਡਨੀ ਵਿਚ ਦੁਪਹਿਰ 3:30 ਤੋਂ 4:52 ਵਜੇ ਤੱਕ ਦਿਖਾਈ ਦੇਵੇਗਾ।
Read More : ਹਾਈਵੇਅ ’ਤੇ ਟੂਰਿਸਟ ਬੱਸ ਡਿਵਾਈਡਰ ’ਤੇ ਪਲਟੀ