ਜ਼ਿਲਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ, ਧਰਮਕੋਟ ਰੰਧਾਵਾ ਅਤੇ ਬਹਿਰਾਮਪੁਰ ਵਿਖੇ ਹੜ੍ਹ ਪੀੜਤਾਂ ਨਾਲ ਕੀਤੀ ਮੁਲਾਕਾਤ
ਗੁਰਦਾਸਪੁਰ, 5 ਸਤੰਬਰ : ਜ਼ਿਲਾ ਗੁਰਦਾਸਪੁਰ ਵਿਚ ਰਾਵੀ ਦਰਿਆ ਨਾਲ ਲੱਗਦੇ ਇਲਾਕਿਆਂ ਵਿਚ ਆਏ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਅੱਜ ਕੇਂਦਰ ਸਰਕਾਰ ਦੀ ਟੀਮ ਵੱਲੋਂ ਜ਼ਿਲਾ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਤਿੰਨ ਮੈਂਬਰੀ ਇਸ ਕੇਂਦਰੀ ਟੀਮ ’ਚ ਰਾਜੇਸ਼ ਗੁਪਤਾ, ਟੀ.ਐੱਲ. (ਡੀ.ਐੱਮ.) ਮਨਿਸਟਰੀ ਆਫ਼ ਹੋਮ ਅਫ਼ੇਅਰ, ਕੰਡਾਰਪ ਵੀ. ਫਟੇਲ, ਡੀ.ਐੱਸ., ਐਕਸਪੈਂਡੀਚਰ, ਮਨਿਸਟਰੀ ਆਫ਼ ਫਾਈਨੈਂਸ ਅਤੇ ਰਾਕੇਸ਼ ਕੁਮਾਰ, ਆਰ.ਓ, ਮਨਿਸਟਰੀ ਆਫ ਰੋਡ ਟਰਾਂਸਪੋਰਟ ਐਂਡ ਹਾਈਵੇਅ ਸ਼ਾਮਲ ਸਨ।
ਕੇਂਦਰ ਸਰਕਾਰ ਦੀ ਇਸ ਟੀਮ ਵੱਲੋਂ ਸਭ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਹੜ੍ਹ ਪ੍ਰਭਾਵਿਤ ਪਿੰਡ ਧਰਮਕੋਟ ਰੰਧਾਵਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਜ਼ਿਲਾ ਪ੍ਰਸ਼ਾਸਨ ਗੁਰਦਾਸਪੁਰ ਦੇ ਅਧਿਕਾਰੀਆਂ ਕੋਲੋਂ ਹੜ੍ਹਾਂ ਸਬੰਧੀ ਹੋਏ ਨੁਕਸਾਨ ਦੀ ਜਾਣਕਾਰੀ ਹਾਸਲ ਕੀਤੀ ਅਤੇ ਨਾਲ ਹੀ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਵੀ ਮੁਲਾਕਾਤ ਕੀਤੀ।
ਇਸ ਤੋਂ ਬਾਅਦ ਇਸ ਟੀਮ ਵੱਲੋਂ ਗੁ. ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਨੂੰ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਵੀ ਲਿਆ ਗਿਆ। ਇਸ ਉਪਰੰਤ ਕੇਂਦਰੀ ਟੀਮ ਵੱਲੋਂ ਜ਼ਿਲਾ ਗੁਰਦਾਸਪੁਰ ਦੇ ਹੋਰ ਹੜ੍ਹ ਪ੍ਰਭਾਵਿਤ ਇਲਾਕਿਆਂ ਕਲਾਨੌਰ ਤੇ ਬਹਿਰਾਮਪੁਰ ਦਾ ਦੌਰਾ ਵੀ ਕੀਤਾ ਗਿਆ।
ਕੇਂਦਰੀ ਟੀਮ ਦੇ ਅਧਿਕਾਰੀਆਂ ਨੇ ਕਿਹਾ ਕਿ ਉਨਾਂ ਵੱਲੋਂ ਅੱਜ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਉਹ ਹੜ੍ਹਾਂ ਦੇ ਨੁਕਸਾਨ ਸਬੰਧੀ ਆਪਣੀ ਰਿਪੋਰਟ ਕੇਂਦਰ ਸਰਕਾਰ ਨੂੰ ਸੌਂਪਣਗੇ।
ਇਸ ਮੌਕੇ ਕੇਂਦਰੀ ਟੀਮ ਦੇ ਨਾਲ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਅਰੁਨ ਸੇਖੜੀ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਹਰਜਿੰਦਰ ਸਿੰਘ ਬੇਦੀ, ਐੱਸ.ਡੀ.ਐੱਮ. ਡੇਰਾ ਬਾਬਾ ਨਾਨਕ ਡਾ. ਅਦਿੱਤਯ ਸ਼ਰਮਾ, ਐੱਸ.ਡੀ.ਐੱਮ. ਫ਼ਤਹਿਗੜ ਚੂੜੀਆਂ ਗੁਰਮੰਦਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।
Read More : ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 84 ਲੱਖ ਦੇ ਗਾਂਜਾ ਸਮੇਤ ਤਿੰਨ ਗ੍ਰਿਫ਼ਤਾਰ