– ਨਵੀਂ ਵੀਡੀਓ ਨੇ ਪਾਇਆ ਭੜਥੂ : ਮੇਰੇੇ ਕੋਲ ਕੋਈ ਪਿਸਤੌਲ ਬਰਾਮਦ ਨਹੀਂ ਹੋਇਆ
ਪਟਿਆਲਾ, 3 ਸਤੰਬਰ : ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਅੱਜ ਦੇਰ ਸ਼ਾਮ ਆਪਣੀ ਨਵੀਂ ਜਾਰੀ ਕੀਤੀ ਵੀਡੀਓ ’ਚ ਆਖਿਆ ਕਿ ਪੰਜਾਬ ਪੁਲਸ ਮੇਰਾ ਐਨਕਾਊਂਟਰ ਕਰਨਾ ਚਾਹੁੰਦੀ ਸੀ। ਇਸੇ ਕਾਰਨ ਇਕ ਦਰਜਨ ਦੇ ਕਰੀਬ ਵੱਡੇ ਅਧਿਕਾਰੀ ਅਤੇ 300 ਦੇ ਕਰੀਬ ਪੁਲਸ ਮੁਲਾਜ਼ਮਾਂ ਨੇ ਹਰਿਆਣਾ ਦੇ ਪਿੰਡ ਡਬਵਾਲੀ ਨੂੰ ਘੇਰਿਆ ਸੀ।
ਹਰਮੀਤ ਪਠਾਣਮਾਜਰਾ ਨੇ ਪੁਲਸ ਅਧਿਕਾਰੀਆਂ ਨੂੰ ਆੜੇ ਹੱਥੀਂ ਲੈਂਦਿਆਂ ਆਖਿਆ ਕਿ ਉਹ ਮੈਨੂੰ ਗੈਂਗਸਟਰ ਸ਼ੋਅ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸਵੇਰੇ-ਸਵੇਰੇ ਮੈਂ ਆਪਣੇ ਰਿਸ਼ਤੇਦਾਰ ਦੇ ਘਰ ਰੁਕਿਆ ਸੀ, ਪੁਲਸ ਉੱਥੇ ਆਈ, ਇਨ੍ਹਾਂ ਨੂੰ ਮੈਂ ਰੋਟੀ ਵੀ ਖਵਾਈ, ਚਾਹ ਵੀ ਪਿਲਾਈ ਅਤੇ ਮੁੜ ਕੇ ਪਿੰਡ ਵਾਸੀ ਇਕਠੇ ਹੋ ਗਏ ਅਤੇ ਮੈਂ ਉੱਥੋਂ ਚਲਾ ਗਿਆ। ਇਸ ਤੋਂ ਬਾਅਦ ਇਨ੍ਹਾਂ ਨੇ ਉਸੇੇ ਪਿੰਡ ਦੇ ਮੇਰੇ ਨਜ਼ਦੀਕੀ ਨੂੰ ਫੜ ਲਿਆ ਅਤੇ ਤਿੰਨ ਡਮੀ ਪਿਸਤੌਲ ਰੱਖ ਕੇ ਮੇਰੇ ਉੱਪਰ ਕੇਸ ਦਰਜ ਕੀਤਾ ਕਿ ਪਠਾਣਮਾਜਰਾ ਨੇੇ ਗੋਲੀ ਚਲਾਈ ਹੈ।
ਪਠਾਣਮਾਜਰਾ ਨੇ ਆਖਿਆ ਕਿ ਪੰਜਾਬ ਪੁਲਸ ਦੇ ਅਧਿਕਾਰੀ ਜਾਂ ਤਾਂ ਆਪਣੇ ਬੱਚਿਆਂ ਦੀ ਸਹੁੰ ਖਾਣ ਜਾਂ ਫਿਰ ਗੁਰਦੁਆਰਾ ਮੰਦਿਰ ਜਿਥੇ ਮਰਜ਼ੀ ਚੜ੍ਹ ਕੇ ਕਹਿਣ ਕਿ ਮੈਂ ਗੋਲੀ ਚਲਾਈ। ਉਨ੍ਹਾਂ ਆਖਿਆ ਕਿ ਝੂਠ ਬੋਲ ਕੇ ਮੈਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਮੈਂ ਅਾਰਾਮ ਨਾਲ ਉੱਥੋਂ ਨਿਕਲਿਆ ਹਾਂ ਅਤੇ ਮੈਂ ਕਿਸੇ ਉੱਪਰ ਕੋਈ ਗੋਲੀ ਨਹੀਂ ਚਲਾਈ। ਉਨ੍ਹਾਂ ਆਖਿਆ ਕਿ ਮੇਰਾ ਕਿਸੇ ਪੁਲਸ ਮੁਲਾਜ਼ਮ ਨਾਲ ਕੋਈ ਤਕਰਾਰ ਤੱਕ ਨਹੀਂ ਹੋਇਆ। ਹਰਮੀਤ ਪਠਾਣਮਾਜਰਾ ਨੇ ਆਖਿਆ ਕਿ ਪੁਲਸ ਨੇ ਮੇੇਰੇ ਉੱਪਰ ਗੋਲੀ ਚਲਾੳੁਣ ਦੀ ਕੋਸ਼ਿਸ਼ ਕੀਤੀ।
ਵਿਧਾਇਕ ਪਠਾਣਮਾਜਰਾ ਨੇ ਆਖਿਆ ਕਿ 3 ਦਿਨ ਪਹਿਲਾਂ ਮੈਂ ਇਨ੍ਹਾਂ ਲਈ ਹੀਰਾ ਸੀ, ਜਦੋਂ ਮੈਂ ਸੱਚ ਬੋਲਿਆ ਤਾਂ ਗੈਂਗਸਟਰ ਬਣ ਗਿਆ। ਉਨ੍ਹਾਂ ਆਖਿਆ ਕਿ ਮੇਰੇ ਕੋਲ ਕੋਈ ਵੀ ਪਿਸਤੌਲ ਨਹੀਂ ਹੈ ਅਤੇ ਨਾ ਹੀ ਮੈਂ ਕਿਸੇ ਨਾਲ ਕੋਈ ਝਗੜਾ ਕੀਤਾ ਹੈ ਅਤੇ ਨਾ ਕਰਾਂਗਾ।
ਮੈਂ ਸਿਰਫ ਇਹੀ ਅਪੀਲ ਕਰਨਾ ਚਾਹੁੰਦਾ ਹਾਂ ਕਿ ਲੋਕਾਂ ਸਾਹਮਣੇ ਸੱਚ ਆ ਜਾਵੇ। ਉਨ੍ਹਾਂ ਸਮੁੱਚੇ ਵਿਧਾਇਕਾਂ ਨੂੰ ਅਪੀਲ ਕੀਤੀ ਕਿ ਉਹ ਜਾਗਣ ਤੇ ਪੰਜਾਬ ਨੂੰ ਸੰਭਾਲਣ ਕਿਉਂਕਿ ਮੁੱਖ ਮੰਤਰੀ ਸਾਹਿਬ ਵੀ ਸੋ ਰਹੇ ਹਨ।
Read More : ਸੂਬਾ ਸਰਕਾਰ ਨੇ ਪੰਜਾਬ ਨੂੰ ਐਲਾਨਿਆ ਆਫਤ ਪ੍ਰਭਾਵਿਤ ਸੂਬਾ