ਸ਼ਮਸ਼ੇਰ ਸੰਧੂ ਦਾ ਖੇਡਾਂ ਪ੍ਰਤੀ ਪਿਆਰ, ਭਾਰਤੀ ਹਾਕੀ ਕਪਤਾਨ ਹਰਮਨਪ੍ਰੀਤ ਸਿੰਘ ਕੋਲੋਂ ਨਵੀਂ ਪੁਸਤਕ ਕਰਵਾਈ ਰਿਲੀਜ਼

ਹਰਮਨਪ੍ਰੀਤ ਸਿੰਘ ਤੇ ਗੁਰਜੰਟ ਸਿੰਘ ਵੱਲੋਂ ਕਾਵਿ ਸੰਗ੍ਰਹਿ ‘ਕਿੱਥੇ ਖੋ ਗਏ ਚੱਜ ਦੇ ਬੰਦੇ’ ਨੂੰ ਕੀਤਾ ਲੋਕ ਅਰਪਣ

ਚੰਡੀਗੜ੍ਹ, 19 ਦਸੰਬਰ,- ਨਾਮੀਂ ਗੀਤਕਾਰ ਤੇ ਪੱਤਰਕਾਰ ਸ਼ਮਸ਼ੇਰ ਸੰਧੂ ਨੇ ਖੇਡਾਂ ਪ੍ਰਤੀ ਆਪਣੇ ਸਨੇਹ ਨੂੰ ਜ਼ਾਹਰ ਕਰਦਿਆਂ ਆਪਣੀ ਨਵੀਂ ਪੁਸਤਕ ‘ਕਿੱਥੇ ਖੋ ਗੋਏ ਚੱਜ ਦੇ ਬੰਦੇ’ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਤੇ ਖਿਡਾਰੀ ਗੁਰਜੰਟ ਸਿੰਘ ਕੋਲੋਂ ਰਿਲੀਜ਼ ਕਰਵਾਈ। ਸ਼ਮਸ਼ੇਰ ਸੰਧੂ ਜਿਨ੍ਹਾਂ ਗੀਤ, ਕਹਾਣੀਆਂ, ਵਾਰਤਕ ਅਤੇ ਖਿਡਾਰੀਆਂ ਬਾਰੇ ਲਿਖਣ ਵਿੱਚ ਨਾਮਣਾ ਖੱਟਿਆ ਹੈ, ਇਹ ਉਨ੍ਹਾਂ ਦਾ ਪਹਿਲਾ ਕਾਵਿ ਸ੍ਰੰਗਹਿ ਹੈ। ਇਹ ਉਨ੍ਹਾਂ ਦੀ ਕੁੱਲ ਨੌਵੀਂ ਪੁਸਤਕ ਹੈ।

ਸ਼ਮਸ਼ੇਰ ਸੰਧੂ ਨੇ ਕਬੱਡੀ ਖਿਡਾਰੀਆਂ ਤੇ ਪਹਿਲਵਾਨਾਂ ਬਾਰੇ ਲਿਖ ਕੇ ਵੀ ਆਪਣੀ ਚੰਗੀ ਪਛਾਣ ਬਣਾਈ ਹੈ ਅਤੇ ਨਵੀਂ ਪੁਸਤਕ ਨੂੰ ਚੰਡੀਗੜ੍ਹ ਵਿਖੇ ਹਾਕੀ ਸਟੇਡੀਅਮ ਵਿੱਚ ਭਾਰਤੀ ਟੀਮ ਦੇ ਮੌਜੂਦਾ ਕਪਤਾਨ ਹਰਮਨਪ੍ਰੀਤ ਸਿੰਘ ਤੇ ਫਾਰਵਰਡ ਗੁਰਜੰਟ ਸਿੰਘ ਕੋਲੋਂ ਖੇਡ ਲੇਖਕ ਨਵਦੀਪ ਸਿੰਘ ਗਿੱਲ ਦੀ ਹਾਜ਼ਰੀ ਵਿੱਚ ਰਿਲੀਜ਼ ਕਰਵਾਇਆ। ਦੋਵੇਂ ਖਿਡਾਰੀਆਂ ਨੇ ਭਾਰਤ ਲਈ ਪੈਰਿਸ ਤੇ ਟੋਕੀਓ ਵਿਖੇ ਓਲੰਪਿਕ ਖੇਡਾਂ ਵਿੱਚ ਲਗਾਤਾਰ ਦੋ ਕਾਂਸੀ ਦੇ ਤਮਗ਼ੇ ਜਿੱਤੇ ਹਨ।

ਹਾਕੀ ਕੈਂਪਾਂ ਵਿਚ ਸ਼ਮਸ਼ੇਰ ਸੰਧੂ ਦੇ ਵੱਜਦੇ ਗੀਤਾਂ ਨੂੰ ਸੁਣ ਕੇ ਚੜ੍ਹਦਾ ਹੈ ਜੋਸ਼ : ਹਰਮਨਪ੍ਰੀਤ ਸਿੰਘ

ਹਰਮਨਪ੍ਰੀਤ ਸਿੰਘ ਨੇ ਸ਼ਮਸ਼ੇਰ ਸੰਧੂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਕਿ ਅੱਜ ਨਾਮੀਂ ਗੀਤਕਾਰ ਦੀ ਕਿਤਾਬ ਨੂੰ ਰਿਲੀਜ਼ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਹਾਕੀ ਕੈਂਪਾਂ ਦੌਰਾਨ ਸਮੂਹ ਖਿਡਾਰੀ ਸ਼ਮਸ਼ੇਰ ਸੰਧੂ ਵੱਲੋਂ ਲਿਖੇ ਗੀਤਾਂ ਨੂੰ ਸੁਣ ਕੇ ਵਾਰਮ-ਅੱਪ ਹੁੰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਮਸ਼ੇਰ ਸੰਧੂ ਦੇ ਲਿਖੇ ਗੀਤ ਜੋ ਸੁਰਜੀਤ ਬਿੰਦਰਖੀਆ, ਸਤਵਿੰਦਰ ਬਿੱਟੀ, ਸੁਰਜੀਤ ਖਾਨ ਆਦਿ ਵੱਡੇ ਗਾਇਕਾਂ ਨੇ ਗਾਏ ਹਨ, ਸਾਨੂੰ ਜੋਸ਼ ਚੜ੍ਹਾਉਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਉਹ ਸ਼ਮਸ਼ੇਰ ਸੰਧੂ ਦੀਆਂ ਕਵਿਤਾਵਾਂ ਵੀ ਪੜ੍ਹਨਗੇ।

ਪਾਠਕਾਂ ਦੀ ਮੰਗ ਉਤੇ ਪਹਿਲੀ ਵਾਰ ਲਿਖੀ ਹੈ ਕਵਿਤਾਵਾਂ ਦੀ ਪੁਸਤਕ : ਸੰਧੂ

ਸ਼ਮਸ਼ੇਰ ਸੰਧੂ ਨੇ ਕਿਹਾ ਕਿ ਮਿੱਤਰ ਮੰਡਲੀ ਅਤੇ ਪਾਠਕਾਂ ਦੀ ਮੰਗ ਉਤੇ ਉਨ੍ਹਾਂ ਪਹਿਲੀ ਵਾਰ ਕਵਿਤਾਵਾਂ ਦੀ ਕਿਤਾਬ ਲਿਖੀ ਹੈ। ਇਸ ਪਲੇਠੇ ਕਾਵਿ ਸ੍ਰੰਗਹਿ ਨੂੰ ਚੇਤਨਾ ਪ੍ਰਕਾਸ਼ਨ ਨੇ ਛਾਪਿਆ ਹੈ ਜਿਸ ਦਾ ਮੁੱਖਬੰਦ ਮਹਾਨ ਸ਼ਾਇਰ ਸਰਜੀਤ ਪਾਤਰ ਨੇ ‘ਸ਼ਮਸ਼ੇਰ ਸੰਧੂ ਦੀ ਚੌਥੀ ਕੂਟ’ ਸਿਰਲੇਖ ਹੇਠ ਲਿਖਿਆ ਹੈ। ਸੁਰਜੀਤ ਪਾਤਰ ਦੀ ਇਹ ਆਖਰੀ ਰਚਨਾ ਹੈ ਜਿਸ ਵਿੱਚ ਉਨ੍ਹਾਂ ਸ਼ਮਸ਼ੇਰ ਸੰਧੂ ਦਾ ਗੀਤਾਂ, ਕਹਾਣੀਆਂ ਤੇ ਵਾਰਤਕ ਤੋਂ ਬਾਅਦ ਕਵਿਤਾ ਦੇ ਖੇਤਰ ਵਿੱਚ ਦਾਖਲੇ ਲਈ ਸਵਾਗਤ ਕਰਦਿਆਂ ਯੂਨੀਵਰਸਿਟੀ ਦਿਨਾਂ ਦੀਆਂ ਯਾਦਾਂ ਤਾਜ਼ਾ ਕੀਤੀਆਂ ਹਨ। ਪੁਸਤਕ ਦੇ ਸਰਵਰਕ ਉਪਰ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਲਿਖਿਆ ਹੈ ਜਿਨ੍ਹਾਂ ਕਵੀ ਦੀ ਵਿਦਿਆਰਥੀ ਜੀਵਨ ਤੋਂ ਸਾਹਿਤਕ ਰੁੱਚੀਆਂ ਤੋਂ ਲੈ ਕੇ ਹੁਣ ਤੱਕ ਸ਼ਾਨਾਮੱਤੇ ਸਫਰ ਬਾਰੇ ਸੰਖੇਪ ਝਾਤ ਪਾਈ ਹੈ।

Leave a Reply

Your email address will not be published. Required fields are marked *