ਸੜਕਾਂ-ਗਲੀਆਂ ਨੇ ਧਾਰਿਆ ਖੌਫਨਾਕ ਰੂਪ
ਲੁਧਿਆਣਾ, 1 ਸਤੰਬਰ : ਪੰਜਾਬ ਭਰ ’ਚ ਲਗਾਤਾਰ ਪੈ ਰਹੇ ਮੀਂਹ ਕਾਰਨ ਲੁਧਿਆਣਾ ’ਚ ਵੱਡਾ ਹਾਦਸਾ ਵਾਪਰਿਆ, ਜਿਥੇ ਸ਼ਹਿਰ ਦਾ ਮਸ਼ਹੂਰ ਰੇਲਵੇ ਪੁੱਲ, ਜੋ ਕਿ ਦੋਮੋਰੀਆ ਪੁੱਲ ਦੇ ਨਾਂ ਤੋਂ ਜਾਣਿਆ ਜਾਂਦਾ ਹੈ, ਉਸ ਦੀ ਇਕ ਸਾਈਡ ਦੀ ਕੰਧ ਮੀਂਹ ਪੈਣ ਕਰ ਕੇ ਡਿੱਗ ਗਈ ਹੈ।
ਰੇਲਵੇ ਪੁੱਲ ਦੀ ਕੰਧ ਡਿੱਗਣ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਕੰਧ ਦੀ ਲਪੇਟ ’ਚ ਕਈ ਵਾਹਨ ਆ ਕੇ ਨੁਕਸਾਨੇ ਗਏ। ਲੋਕਾਂ ਦਾ ਕਹਿਣਾ ਹੈ ਕਿ ਇਸ ਪੁੱਲ ਦੀ ਇਕ ਕੰਧ, ਜੋ ਕਿ ਛਾਉਣੀ ਮੁਹੱਲਾ ਵੱਲ ਜਾਂਦੀ ਹੈ, ਕਾਫੀ ਸਾਲਾਂ ਪੁਰਾਣੀ ਸੀ, ਜੋ ਕਿ ਲਗਾਤਾਰ ਪੈ ਰਹੇ ਮੀਂਹ ਕਾਰਨ ਡਿੱਗ ਗਈ। ਇਸ ਹਾਦਸੇ ’ਚ ਤਕਰੀਬਨ ਚਾਰ ਕਾਰਾਂ ਅਤੇ ਹੋਰ ਵਾਹਨ ਮਲਬੇ ਹੇਠ ਦੱਬ ਗਏ।
ਜ਼ਿਆਦਾਤਰ ਇਲਾਕਿਆਂ ’ਚ ਗਲੀਆਂ ’ਚੋਂ ਪਾਣੀ ਘਰਾਂ ਵਿਚ ਵੜ ਗਿਆ। ਬੁੱਢਾ ਦਰਿਆ ਦਾ ਪਾਣੀ ਵਧਣ ਦੀ ਸੰਭਾਵਨਾ ਵੱਧ ਗਈ ਹੈ। ਮੌਸਮ ਵਿਭਾਗ ਨੇ ਪਹਿਲਾਂ ਹੀ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਸਤਲੁਜ ’ਚ ਗੇਜ 774.30 ਤੱਕ ਪਹੁੰਚ ਗਿਆ ਹੈ, ਜੋ ਕਿ ਖ਼ਤਰੇ ਦੇ ਪੱਧਰ ਤੋਂ ਸਿਰਫ਼ 1.50 ਫੁੱਟ ਹੇਠਾਂ ਹੈ। ਸ਼ਾਮ ਤੱਕ ਇਹ ਲਾਲ ਨਿਸ਼ਾਨ ਨੂੰ ਪਾਰ ਕਰ ਜਾਵੇਗਾ। ਇਸ ਵੇਲੇ 46000 ਕਿਊਸਿਕ ਪਾਣੀ ਵਹਿ ਰਿਹਾ ਹੈ। ਸ਼ਾਮ 4:00 ਵਜੇ ਤੱਕ ਇਹ 70000 ਦੇ ਪੱਧਰ ਤੱਕ ਪਹੁੰਚ ਜਾਵੇਗਾ।
Read More : ਪੰਜਾਬ ਸਰਕਾਰ ਵੱਲੋਂ ਸਾਰੇ ਕਾਲਜਾਂ-ਯੂਨੀਵਰਸਿਟੀਆਂ ਵਿਚ ਛੁੱਟੀਆਂ