ਅਫਵਾਹਾਂ ਫੈਲਾਉਣ ਵਾਲਿਆਂ ’ਤੇ ਹੋਵੇਗਾ ਸਖਤ ਐਕਸ਼ਨ : ਡਾ. ਪ੍ਰੀਤੀ ਯਾਦਵ
ਪਟਿਆਲਾ, 31 ਅਗਸਤ : ਘੱਗਰ ਸਮੇਤ ਟਾਂਗਰੀ ਨਦੀ ਦੇ ਕੈਚਮੈਂਟ ਖੇਤਰ ’ਚ ਪਏ ਭਾਰੀ ਮੀਂਹ ਕਰ ਕੇ ਘੱਗਰ, ਟਾਂਗਰੀ, ਮਾਰਕੰਡਾ ਆਦਿ ਨਦੀਆਂ ਦੇ ਪਾਣੀ ਦੇ ਪੱਧਰ ’ਚ ਦੇਰ ਰਾਤ ਤੋਂ ਲਗਾਤਾਰ ਵਾਧਾ ਹੋਇਆ ਹੈ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਪੁੂਰੀ ਟੀਮ ਨਾਲ ਮੋਰਚਾ ਸੰਭਾਲੀ ਰੱਖਿਆ। ਉਨ੍ਹਾਂ ਅਧਿਕਾਰੀਆਂ ਨਾਲ ਵਰ੍ਹਦੇ ਮੀਂਹ ’ਚ ਅੱਜ ਮੁੜ ਤੋਂ ਜ਼ਿਲੇ ’ਚ ਨਦੀਆਂ ਦੇ ਵਹਾਅ ਦਾ ਗਰਾਊਂਡ ਜ਼ੀਰੋ ’ਤੇ ਜਾ ਕੇ ਜਾਇਜ਼ਾ ਲਿਆ।
ਉਨ੍ਹਾਂ ਦੇਵੀਗੜ੍ਹ ਵਿਖੇ ਘੱਗਰ ਅਤੇ ਦੂਧਨਸਾਧਾਂ ਨੇੜੇ ਖਤੌਲੀ ਵਿਖੇ ਟਾਂਗਰੀ ਨਦੀ ਦੇ ਪਾਣੀ ਦੇ ਵਹਾਅ ਦਾ ਨਿਰੀਖਣ ਕੀਤਾ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਲੋੜ ਪਵੇ ਤਾਂ ਜ਼ਿਲਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਨੰਬਰ ਨੰਬਰ 0175-2350550 ਅਤੇ 2358550 ਨਾਲ ਸੰਪਰਕ ਕੀਤਾ ਜਾ ਸਕਦਾ ਹੈ, ਜੋ ਕਿ 24 ਘੰਟੇ ਕਾਰਜਸ਼ੀਲ ਹਨ।
ਉਨ੍ਹਾਂ ਨਾਲ ਐੱਸ. ਡੀ. ਐੱਮ. ਦੂਧਨਸਾਧਾਂ ਕਿਰਪਾਲਵੀਰ ਸਿੰਘ ਸਮੇਤ ਡਰੇਨੇਜ ਵਿਭਾਗ ਦੇ ਨਿਗਰਾਨ ਇੰਜੀਨੀਅਰ ਰਜਿੰਦਰ ਘਈ, ਕਾਰਜਕਾਰੀ ਇੰਜੀਨੀਅਰ ਪ੍ਰਥਮ ਗੰਭੀਰ ਤੇ ਹੋਰ ਅਧਿਕਾਰੀ ਤੇ ਇਲਾਕੇ ਦੇ ਪਤਵੰਤੇ ਅਤੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਨੁਮਾਇੰਦੇ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਸੁਚੇਤ ਵੀ ਕੀਤਾ ਕਿ ਕਿਸੇ ਵੀ ਤਰ੍ਹਾਂ ਦੀਆਂ ਹੜ੍ਹ ਦੀਆਂ ਅਫ਼ਵਾਹਾਂ ਨਾ ਫੈਲਾਈਆਂ ਜਾਣ ਅਤੇ ਨਾ ਹੀ ਅਜਿਹੀਆਂ ਕਿਸੇ ਗ਼ਲਤ ਖ਼ਬਰਾਂ ਜਾਂ ਸੂਚਨਾਵਾਂ ਉੱਪਰ ਵਿਸ਼ਵਾਸ਼ ਕੀਤਾ ਜਾਵੇ। ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰਤ ਟਵਿੱਟਰ-ਐਕਸ ਹੈਂਡਲ ਡੀਸੀਪਟਿਆਲਾ ਤੇ ਡੀਪੀਆਰਓ ਪਟਿਆਲਾ ਦੇ ਫੇਸਬੁੱਕ ਪੇਜ ਤੋਂ ਸਹੀ ਤੋਂ ਪੁਖ਼ਤਾ ਜਾਣਕਾਰੀ ਲਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲੇ ’ਚੋਂ ਲੰਘਦੇ ਨਦੀਆਂ ਤੇ ਨਾਲਿਆਂ ਦੀ 24 ਘੰਟੇ ਨਜ਼ਰਸਾਨੀ ਕੀਤੀ ਜਾ ਰਹੀ ਹੈ। ਐਮਰਜੈਂਸੀ ਰਿਸਪਾਂਸ ਟੀਮਾਂ ਵੀ ਬਣਾਈਆਂ ਗਈਆਂ ਹਨ, ਜਿਸ ਲਈ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਘਬਰਾਹਟ ’ਚ ਆਉਣ ਦੀ ਲੋੜ ਨਹੀਂ ਹੈ।
ਦਰਿਆਵਾਂ-ਨਦੀਆਂ ਦੇ ਕੰਡਿਆਂ ’ਤੇ ਨਾ ਜਾਓ
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਭਾਰੀ ਮੀਂਹ ਕਰ ਕੇ ਤੇ ਘੱਗਰ, ਟਾਂਗਰੀ ਤੇ ਮਾਰਕੰਡਾ ਆਦਿ ਦੇ ਕੰਢਿਆਂ ਨੇੜੇ ਨਾ ਜਾਣ ਦੀ ਸਲਾਹ ਵੀ ਦਿੱਤੀ। ਉਨ੍ਹਾਂ ਕਿਹਾ ਕਿ ਸਾਰੇ ਅਧਿਕਾਰੀ ਫੀਲਡ ’ਚ ਲੋਕਾਂ ਦੇ ਸੰਪਰਕ ’ਚ ਹਨ, ਜਿਸ ਕਰ ਕੇ ਸਾਨੂੰ ਸਹੀ ਤੇ ਜ਼ਮੀਨੀ ਪੱਧਰ ਦੀ ਜਾਣਕਾਰੀ ਮਿਲ ਰਹੀ ਹੈ। ਇਸ ਲਈ ਲੋੜੀਂਦੀਆਂ ਥਾਵਾਂ ਵਿਖੇ ਲੋੜੀਂਦੀ ਮਸ਼ੀਨਰੀ ਤੇ ਹੋਰ ਸਾਜੋ-ਸਾਮਾਨ ਤਾਇਨਾਤ ਕੀਤਾ ਗਿਆ ਹੈ ਤਾਂ ਕਿ ਲੋੜ ਪੈਣ ’ਤੇ ਨਦੀਆਂ ਦੇ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਜਾ ਸਕੇ ਅਤੇ ਲੋੜੀਂਦੀ ਸਹਾਇਤਾ ਪਹੁੰਚਾਈ ਜਾ ਸਕੇ।
Read More : ਸਿਨਹਾ ਤੇ ਕ੍ਰਿਸ਼ਨ ਕੁਮਾਰ ਨੇ ਰਾਵੀ ਦਰਿਆ ਦੇ ਮਕੌੜਾ ਪੱਤਣ ਦਾ ਕੀਤਾ ਦੌਰਾ
