ਅਕਾਲੀ ਲੀਡਰਸ਼ਿਪ ਨੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕੀਤੀ ਸ਼ੁਕਰਾਨੇ ਦੀ ਅਰਦਾਸ
ਅੰਮ੍ਰਿਤਸਰ, 28 ਅਗਸਤ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਅੱਜ ਅਕਾਲੀ ਵਰਕਰਾਂ ਅਤੇ ਪੰਜਾਬੀਆਂ ਦੇ ਨਿਰੰਤਰ ਸੰਘਰਸ਼ ਸਦਕਾ ਲੈਂਡ ਪੂਲਿੰਗ ਸਕੀਮ ਰੱਦ ਹੋਣ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਨਤਮਸਤਕ ਹੋ ਕੇ ਸ਼ੁਕਰਾਨੇ ਦੀ ਅਰਦਾਸ ਕੀਤੀ।
ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਕਿ ਉਨਾਂ ਨੇ ਪੰਥਕ ਪਾਰਟੀ ਨੂੰ ਇਹ ਤਾਕਤ ਬਖਸ਼ੀ ਕਿ ਉਸ ਵੱਲੋਂ 65,000 ਏਕੜ ਬੇਸ਼ਕੀਮਤੀ ਉਪਜਾਊ ਜ਼ਮੀਨ ਚਿੱਲੜਾਂ ਦੇ ਭਾਅ ਦਿੱਲੀ ਦੇ ਵਪਾਰੀਆਂ ਨੂੰ ਦੇਣ ਦੇ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਫੈਸਲੇ ਦੀ ਡਟਵੀਂ ਵਿਰੋਧਤਾ ਦੀ ਤਾਕਤ ਬਖਸ਼ਿਸ਼ ਕੀਤੀ।
ਅਕਾਲੀ ਲੀਡਰਸ਼ਿਪ ਨੇ ਕਿਹਾ ਕਿ ਜ਼ਮੀਨ ਹੜੱਪ ਕਰਨ ਦੀ ਇਹ ਨੀਤੀ ਪੰਜਾਬੀਆਂ ਦੀ ਇਕਜੁੱਟਤਾ ਕਾਰਨ ਰੱਦ ਕਰਵਾਈ ਜਾ ਸਕੀ ਹੈ। ਪਾਰਟੀ ਨੇ ਇਸ ਲਹਿਰ ਦਾ ਹਿੱਸਾ ਬਣਨ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਪਾਰਟੀ ਲੀਡਰਸ਼ਿਪ ਨੇ ਅਕਾਲ ਪੁਰਖ਼ ਅੱਗੇ ਇਹ ਵੀ ਅਰਦਾਸ ਕੀਤੀ ਕਿ ਅੰਨਦਾਤੇ ਤੇ ਪੰਜਾਬੀਆਂ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਇਆ ਜਾਵੇ ਅਤੇ ਖੇਤਾਂ ਵਿਚੋਂ ਹੜ੍ਹਾਂ ਦਾ ਪਾਣੀ ਛੇਤੀ ਨਿਕਲਣ ਵਾਸਤੇ ਮਿਹਰ ਬਖਸ਼ਿਸ਼ ਕੀਤੀ ਜਾਵੇ। ਪਾਰਟੀ ਨੇ ਅੰਨਦਾਤੇ ਨੂੰ ਵੀ ਅਪੀਲ ਕੀਤੀ ਕਿ ਅਕਾਲ ਪੁਰਖ਼ ’ਤੇ ਵਿਸ਼ਵਾਸ ਰੱਖਿਆ ਜਾਵੇ ਅਤੇ ਅਰਦਾਸ ਕੀਤੀ ਕਿ ਹੜ੍ਹਾਂ ਦਾ ਪਾਣੀ ਛੇਤੀ ਤੋਂ ਛੇਤੀ ਖੇਤਾਂ ਵਿਚੋਂ ਨਿਕਲੇ ਅਤੇ ਹਾਲਾਤ ਆਮ ਵਰਗੇ ਹੋਣ।
Read More : ਘੁੰਨਸ ਡਰੇਨ ਵਿਚ 39 ਮੱਝਾਂ ਦੀ ਮੌਤ