ਤਪਾ ਮੰਡੀ, 27 ਅਗਸਤ : ਅੱਜ ਬਰਨਾਲਾ-ਬਠਿੰਡਾ ਹਾਈਵੇ ’ਤੇ ਸਥਿਤ ਘੁੰਨਸ ਨੇੜੇ ਇਕ ਡਰੇਨ ’ਤੇ ਇਕ ਦਰਦਨਾਕ ਹਾਦਸਾ ਵਾਪਰਨ ਨਾਲ 39 ਮੱਝਾਂ ਜਲਬੂਟੀ ਦੀ ਲਪੇਟ ’ਚ ਆਉਣ ਕਾਰਨ ਮਰ ਗਈਆਂ।
ਮੱਝਾਂ ਦੇ ਮਾਲਕ ਗੁਲਾਬ ਨਬੀ ਪੁੱਤਰ ਯੂਸ਼ਫ ਤੇ ਸਰੀਫ ਮੁਹੰਮਦ ਨੇ ਦੱਸਿਆ ਕਿ ਅਸੀਂ ਮੱਝਾਂ ਪਾਲ ਕੇ ਦੁੱਧ ਨਾਲ ਗੁਜ਼ਾਰਾ ਕਰਦੇ ਹਾਂ। ਅੱਜ ਜਦੋਂ ਉਹ ਪਸ਼ੂਆਂ ਨੂੰ ਚਾਰਦੇ ਹੋਏ ਇਸ ਡਰੇਨ ਦਾ ਪਾਣੀ ਪਿਲਾਉਣ ਲੱਗੇ ਤਾਂ ਪਿੱਛੋਂ ਆ ਰਹੇ ਤੇਜ਼ ਪਾਣੀ ਦੇ ਵਹਾਅ ਨਾਲ ਵਹਿ ਗਈਆਂ, ਜਿਥੇ ਜ਼ਿਆਦਾ ਜਲਬੂਟੀ ਹੋਣ ਕਾਰਨ ਉਸ ਦੀ ਲਪੇਟ ’ਚੋਂ ਬਾਹਰ ਨਹੀਂ ਨਿਕਲ ਸਕੀਆਂ, ਜਿਸ ਕਾਰਨ 56 ਮੱਝਾਂ ’ਚੋਂ 39 ਮੱਝਾਂ ਮਰ ਗਈਆਂ, ਜਿਨ੍ਹਾਂ ਦੀ ਕੁੱਲ ਕੀਮਤ 30 ਲੱਖ ਰੁਪਏ ਦੇ ਕਰੀਬ ਦੱਸੀ ਜਾਂਦੀ ਹੈ।
ਗੁੱਜਰਾਂ ਵੱਲੋਂ ਵੱਲੋਂ ਰੌਲਾ ਪਾਉਣ ’ਤੇ ਪਿੰਡ ਘੁੰਨਸ ਅਤੇ ਧੌਲਾ ਦੇ ਲੋਕ ਵੱਡੀ ਗਿਣਤੀ ’ਚ ਇਕੱਠੇ ਹੋ ਗਏ। ਉਨ੍ਹਾਂ ਜੇ. ਸੀ. ਬੀ. ਮਸ਼ੀਨ ਨਾਲ ਅਤੇ ਖੁਦ ਧੂਹ ਕੇ 16 ਮੱਝਾਂ ਬਚਾਈਆਂ। ਘਟਨਾ ਦਾ ਪਤਾ ਲੱਗਦੇ ਹੀ ਏ. ਡੀ. ਸੀ. ਸੁਖਵੰਤ ਸਿੰਘ, ਐੱਸ.ਡੀ.ਐੱਮ. ਤਪਾ ਸੋਨਮ, ਡੀ. ਐੱਸ. ਪੀ. ਤਪਾ ਗੁਰਬਿੰਦਰ ਸਿੰਘ, ਤਹਿਸੀਲਦਾਰ ਓਂਕਾਰ ਸਿੰਘ, ਰੀਡਰ ਸੁਖਵਿੰਦਰ ਸਿੰਘ, ਥਾਣਾ ਮੁਖੀ ਰੂੜੇਕੇ ਕਲਾਂ ਰੇਣੂ ਪਰੋਚਾ, ਵੈਟਰਨਰੀ ਡਾਕਟਰਜ ਡਾ. ਰਮਨਦੀਪ ਕੌਰ, ਡਾ. ਪ੍ਰੀਤ ਮਹਿੰਦਰ ਪਾਲ, ਅਭੀਨੀਤ ਕੌਰ ਭੱਟੀ, ਡਾ. ਹਰਮਨਜੋਤ ਬਚਾਅ ਕਾਰਜਾਂ ’ਚ ਜੁੱਟ ਗਏ।
ਘਟਨਾ ਦਾ ਪਤਾ ਲੱਗਦੇ ਹੀ ਭਾਕਿਯੂ ਉਗਰਾਹਾਂ ਇਕਾਈ ਦੇ ਪ੍ਰਧਾਨ ਬਲਜਿੰਦਰ ਸਿੰਘ, ਮੀਤ ਪ੍ਰਧਾਨ ਮੇਜਰ ਸਿੰਘ,ਹਰਦੇਵ ਸਿੰਘ, ਬਲਦੇਵ ਸਿੰਘ, ਮਹਿੰਦਰ ਸਿੰਘ, ਗਾਂਧੀ ਸਿੰਘ, ਬੂਟਾ ਸਿੰਘ, ਭੋਲਾ ਸਿੰਘ ਆਦਿ ਦੀ ਅਗਵਾਈ ’ਚ ਪਹੁੰਚ ਕੇ ਸਰਕਾਰ ਖਿਲਾਫ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਨੇ ਦਾਅਵੇ ਕੀਤੇ ਸਨ ਕਿ ਉਹ ਕਿਸਾਨਾਂ ਅਤੇ ਆਮ ਲੋਕਾਂ ਦੇ ਨੁਕਸਾਨ ਦੀ ਭਰਵਾਈ ਕਰਨਗੇ ਪਰ ਉਹ ਹੁਣ ਮ੍ਰਿਤਕ ਮੱਝਾਂ ਦਾ 30 ਲੱਖ ਦੇ ਕਰੀਬ ਨੁਕਸਾਨ ਹੋ ਗਿਆ ਹੈ, ਉਹ ਮਰੀਆਂ ਮੱਝਾਂ ਨੂੰ ਉਨ੍ਹਾਂ ਸਮਾਂ ਇਥੋਂ ਨਹੀਂ ਚੁੱਕਣ ਦੇਣਗੇ, ਜਿਨ੍ਹਾਂ ਸਮਾਂ ਸਰਕਾਰ ਉਨ੍ਹਾਂ ਗਰੀਬ ਪਸ਼ੂ ਪਾਲਕਾਂ ਦੇ ਨੁਕਸਾਨ ਦਾ ਭਰਪਾਈ ਨਹੀਂ ਕਰਦੀ।
ਉਨ੍ਹਾਂ ਦੱਸਿਆ ਕਿ ਸਾਡੇ ਆਉਣ ਤੋਂ ਪਹਿਲਾਂ ਕੁਝ ਬੱਚੇ ਮੱਝਾਂ ਨੂੰ ਭਾਲਣ ’ਚ ਜੁੱਟੇ ਹੋਏ ਸਨ, ਜਿਨ੍ਹਾਂ ਨੂੰ ਅਸੀਂ ਬਾਹਰ ਕੱਢਿਆ ਅਤੇ ਪ੍ਰਸ਼ਾਸਨ ਨੂੰ ਕਿਹਾ ਕਿ ਜੇਕਰ ਇਹ ਬੱਚੇ ਡੁੱਬ ਗਏ ਤਾਂ ਕੌਣ ਜ਼ਿੰਮੇਵਾਰ ਹੋਵੇਗਾ।
ਉਨ੍ਹਾਂ ਕਿਹਾ ਕਿ ਨਹਿਰੀ ਵਿਭਾਗ ਉਸ ਸਮੇਂ ਹਰਕਤ ’ਚ ਆਉਾਂਦਾ ਹੈ ਜਦ ਕੋਈ ਘਟਨਾ ਵਾਪਰ ਜਾਂਦੀ ਹੈ, ਉਸ ਤੋਂ ਪਹਿਲਾਂ ਦਫਤਰਾਂ ’ਚ ਬੈਠੇ ਏ. ਸੀ. ਦੀ ਹਵਾ ਲੈਂਦੇ ਰਹਿੰਦੇ ਹਨ। ਇਸ ਮੌਕੇ ਪੁੱਜੇ ਪਿੰਡ ਘੁੰਨਸ ਦੇ ਸਰਪੰਚ ਬੇਅੰਤ ਸਿੰਘ ਅਤੇ ਵੱਡੀ ਗਿਣਤੀ ’ਚ ਪਿੰਡ ਦੇ ਲੋਕ ਬਚਾਅ ਕਾਰਜਾਂ ’ਚ ਜੁੱਟੇ ਹੋਏ ਸਨ।
Read More : ਸ਼ਤਾਬਦੀ ਦੇ ਸਬੰਧ ’ਚ ਨਗਰ ਕੀਰਤਨ ਜਮਸ਼ੇਦਪੁਰ ਟਾਟਾ ਨਗਰ ਤੋਂ ਰਾਂਚੀ ਲਈ ਰਵਾਨਾ
