ਮੁੜ ਸੁੱਕੇ ਲੋਕਾਂ ਦੇ ਸਾਹ
ਗੁਰਦਾਸਪੁਰ, 27 ਅਗਸਤ :-ਦੋ ਦਿਨ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲਿਆਂ ਅੰਦਰ ਵੱਡਾ ਕਹਿਰ ਮਚਾਉਣ ਵਾਲੇ ਰਾਵੀ ਦਰਿਆ ’ਚ ਪਾਣੀ ਦਾ ਪੱਧਰ ਕੁਝ ਘੱਟ ਹੋਣ ਕਾਰਨ ਜਿੱਥੇ ਲੋਕਾਂ ਨੇ ਕੁਝ ਰਾਹਤ ਮਹਿਸੂਸ ਕਰਨੀ ਸ਼ੁਰੂ ਕੀਤੀ ਸੀ, ਉਸ ਦੇ ਉਲਟ ਅੱਜ ਮਾਧੋਪੁਰ ਸਥਿਤ ਰਾਵੀ ਦਰਿਆ ਦੇ ਪਾਣੀ ਨੂੰ ਕੰਟਰੋਲ ਕਰਨ ਲਈ ਬਣਾਏ ਗਏ ਹੈੱਡਵਰਕਸ ਦਾ ਇਕ ਵੱਡਾ ਗੇਟ ਪਾਣੀ ’ਚ ਵਹਿ ਜਾਣ ਕਾਰਨ ਇਸ ਹੈੱਡਵਰਕਸ ’ਤੇ ਇਕੱਤਰ ਪਾਣੀ ਮੁੜ ਆਪ ਮੁਹਾਰੇ ਵਹਣਾ ਸ਼ੁਰੂ ਹੋ ਗਿਆ ਹੈ।
ਇਸਦੇ ਚਲਦਿਆਂ ਹੁਣ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲਿਆਂ ਉੱਪਰ ਇਕ ਵਾਰ ਫਿਰ ਹੜ੍ਹ ਵਰਗੀ ਭਿਆਨਕ ਸਥਿਤੀ ਹੋਰ ਵਧਣ ਨਾਲ ਖਤਰਾ ਮੰਡਰਾਉਣ ਲੱਗ ਪਿਆ ਹੈ। ਇਨ੍ਹਾਂ ਦੋਵਾਂ ਜ਼ਿਲਿਆਂ ਦੇ ਲੋਕਾਂ ਦੇ ਸਾਹ ਸੁੱਕੇ ਦਿਖਾਈ ਦੇ ਰਹੇ ਹਨ।
ਦੱਸਣਯੋਗ ਹੈ ਕਿ ਰਣਜੀਤ ਸਿੰਘ ਡੈਮ ਦੇ ਓਵਰਫਲੋ ਹੋਣ ਕਾਰਨ ਉਥੋਂ ਛੱਡਿਆ ਜਾ ਰਿਹਾ ਪਾਣੀ ਸਿੱਧਾ ਮਾਧੋਪੁਰ ਹੈੱਡਵਰਕਸ ਪਹੁੰਚ ਰਿਹਾ ਹੈ, ਜਿੱਥੇ ਪਹਿਲਾਂ ਹੀ ਪਾਣੀ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਸੁਜਾਨਪੁਰ ਸਮੇਤ ਹੋਰ ਆਸ-ਪਾਸ ਦੇ ਇਲਾਕੇ ਪਾਣੀ ’ਚ ਡੁੱਬ ਗਏ ਹਨ। ਇਸ ਹੈੱਡਵਰਕਸ ਤੋਂ ਨਹਿਰਾਂ ’ਚ ਛੱਡਿਆ ਜਾ ਰਿਹਾ ਪਾਣੀ ਪਹਿਲਾਂ ਹੀ ਨਹਿਰਾਂ ਦੀ ਸਮਰੱਥਾ ਤੋਂ ਜ਼ਿਆਦਾ ਸੀ, ਜਿਸ ਕਾਰਨ ਨਹਿਰਾਂ ਦੇ ਨੇੜਲੇ ਇਲਾਕੇ ਵੀ ਪਾਣੀ ਦੀ ਮਾਰ ਹੇਠ ਆ ਗਏ ਸਨ।
ਦੂਜੇ ਪਾਸੇ ਹੈੱਡਵਰਕਸ ਤੋਂ ਰਾਵੀ ਦਰਿਆ ’ਚ ਛੱਡੇ ਜਾ ਰਹੇ ਪਾਣੀ ਨੂੰ ਕੰਟਰੋਲ ਕਰਨ ਲਈ ਬਣਾਏ ਗਏ ਫਲੱਡ ਗੇਟਾਂ ’ਚੋਂ ਇਕ ਗੇਟ ਪਾਣੀ ਦੇ ਤੇਜ਼ ਦਬਾਅ ਕਾਰਨ ਰੁੜ੍ਹ ਗਿਆ ਹੈ, ਜਿਸ ਕਾਰਨ ਹੁਣ ਇੱਥੇ ਪਾਣੀ ਦੀ ਰੋਕ ਲਈ ਕੋਈ ਪ੍ਰਬੰਧ ਨਹੀਂ ਰਿਹਾ ਅਤੇ ਇੱਥੇ ਜਮਾ ਪਾਣੀ ਸਿੱਧੇ ਤੌਰ ’ਤੇ ਰਾਵੀ ’ਚ ਬਿਨਾਂ ਰੋਕ ਟੋਕ ਜਾਣਾ ਸ਼ੁਰੂ ਹੋ ਗਿਆ ਹੈ। ਅਜਿਹੀ ਸਥਿਤੀ ’ਚ ਇਹ ਸੰਭਾਵਨਾ ਬਣ ਗਈ ਹੈ ਕਿ ਜੇਕਰ ਰਾਵੀ ਦਰਿਆ ’ਚ ਇਸੇ ਤਰ੍ਹਾਂ ਡੈਮ ਤੋਂ ਪਾਣੀ ਆਉਂਦਾ ਰਿਹਾ ਤਾਂ ਇਸ ਨੂੰ ਕੰਟਰੋਲ ਕਰਨਾ ਮੁਸ਼ਕਲ ਹੋ ਜਾਵੇਗਾ ਅਤੇ ਇਹ ਪਾਣੀ ਰਾਵੀ ਦਰਿਆ ਦੇ ਨੇੜਲੇ ਇਲਾਕਿਆਂ ’ਚ ਹੋਰ ਵੀ ਜ਼ਿਆਦਾ ਮਾਰ ਕਰੇਗਾ।
ਮੀਡੀਆ ’ਚ ਇਸ ਫਲੱਡ ਗੇਟ ਦੇ ਟੁੱਟਣ ਸਬੰਧੀ ਖਬਰਾਂ ਵਾਇਰਲ ਹੋਣ ਤੋਂ ਬਾਅਦ ਹੁਣ ਇਕ ਵਾਰ ਫਿਰ ਲੋਕ ਵੱਡੀ ਚਿੰਤਾ ’ਚ ਦਿਖਾਈ ਦੇ ਰਹੇ ਹਨ, ਜਿਨ੍ਹਾਂ ਨੂੰ ਇਸ ਗੱਲ ਦਾ ਡਰ ਸਤਾ ਰਿਹਾ ਹੈ ਕਿ ਅੱਜ ਦੀ ਰਾਤ ਉਨ੍ਹਾਂ ਲਈ ਮੁੜ ਵੱਡੇ ਸੰਕਟ ਵਾਲੀ ਰਾਤ ਹੋ ਸਕਦੀ ਹੈ, ਕਿਉਂਕਿ ਜੇਕਰ ਰਾਵੀ ਦਰਿਆ ਤੋਂ ਪਾਣੀ ਦੀ ਆਮਦ ਇਸੇ ਤਰ੍ਹਾਂ ਹੁੰਦੀ ਰਹੀ ਤਾਂ ਇਹ ਪਾਣੀ ਰਾਵੀ ਦਰਿਆ ਵੱਲੋਂ ਬਣਾਏ ਗਏ ਨਵੇਂ ਰਸਤਿਆਂ ਰਾਹੀਂ ਮੁੜ ਪਿੰਡਾਂ ’ਚ ਮਾਰ ਕਰੇਗਾ।
ਦੂਜੇ ਪਾਸੇ ਗੁਰਦਾਸਪੁਰ ਜ਼ਿਲੇ ਅੰਦਰ ਰਾਹਤ ਕਾਰਜ ਤੇਜ਼ੀ ਨਾਲ ਜਾਰੀ ਹਨ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਸ ਜ਼ਿਲੇ ਅੰਦਰ ਲੋਕਾਂ ਦੀ ਮਦਦ ਲਈ ਛੱਡਿਆ ਗਿਆ ਹੈਲੀਕਾਪਟਰ ਲੋਕਾਂ ਲਈ ਰਾਹਤ ਸਮੱਗਰੀ ਪਹੁੰਚਾਉਣ ਅਤੇ ਵੱਖ-ਵੱਖ ਥਾਈਂ ਫਸੇ ਲੋਕਾਂ ਨੂੰ ਕੱਢਣ ’ਚ ਮੱਦਦਗਾਰ ਸਿੱਧ ਹੋ ਰਿਹਾ ਹੈ। ਇਸ ਦੇ ਨਾਲ ਹੀ ਫੌਜ ਅਤੇ ਹੋਰ ਰਾਹਤ ਟੀਮਾਂ ਲੋਕਾਂ ਨੂੰ ਸੁਰੱਖਿਤ ਟਿਕਾਣੇ ’ਤੇ ਪਹੁੰਚਾਉਣ ਲਈ ਡਟੀਆਂ ਹੋਈਆਂ ਹਨ।
ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਡਾ. ਹਰਜਿੰਦਰ ਸਿੰਘ ਬੇਦੀ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਵੈਸੇ ਤਾਂ ਰਾਵੀ ਦਰਿਆ ’ਚ ਪਾਣੀ ਦਾ ਪੱਧਰ ਕੁਝ ਘੱਟ ਹੋ ਗਿਆ ਸੀ, ਜਿਸ ਕਾਰਨ ਰਾਹਤ ਦੀ ਉਮੀਦ ਦਿਖਾਈ ਦਿੱਤੀ ਸੀ ਪਰ ਜਿਸ ਢੰਗ ਦੇ ਨਾਲ ਹੁਣ ਮਾਧੋਪੁਰ ਹੈੱਡਵਰਕਸ ’ਤੇ ਫਲੱਡ ਗੇਟ ਟੁੱਟ ਗਿਆ ਹੈ, ਉਸ ਅਨੁਸਾਰ ਮੁੜ ਰਾਵੀ ’ਚ ਪਾਣੀ ਵਧਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਕਿਹਾ ਕਿ ਰਾਵੀ ਤੋਂ ਨਿਕਲਣ ਵਾਲਾ ਪਾਣੀ ਪਹਿਲਾਂ ਹੋਰ ਇਲਾਕਿਆਂ ’ਚ ਵੀ ਮਾਰ ਕਰੇਗਾ, ਜਿਸ ਦੇ ਰਸਤੇ ’ਚ ਪਹਿਲਾਂ ਪਠਾਨਕੋਟ ਆਉਂਦਾ ਹੈ, ਉਸ ਦੇ ਬਾਅਦ ਜੇਕਰ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਗਈ ਤਾਂ ਉਹ ਗੁਰਦਾਸਪੁਰ ’ਚ ਵੀ ਨੁਕਸਾਨ ਕਰ ਸਕਦਾ ਹੈ ਪਰ ਹਾਲ ਦੀ ਘੜੀ ਇਸ ਸਬੰਧ ’ਚ ਕੁਝ ਕਹਿਣਾ ਜ਼ਿਆਦਾ ਸੰਭਵ ਨਹੀਂ ਹੈ।
Read More : 24 ਘੰਟਿਆਂ ’ਚ ਰਾਵੀ ਦਰਿਆ ਨੇ ਦਰਜਨਾਂ ਸਰਹੱਦੀ ਪਿੰਡਾਂ ’ਚ ਮਚਾਈ ਤਬਾਹੀ