ਦੇਸ਼ ਦੀ ਵੰਡ ਮੌਕੇ ਪਿੰਡ ਤੋਂ ਉੱਜੜ ਕੇ ਗਏ ਸੀ ਪਾਕਿਸਤਾਨ
ਸ੍ਰੀ ਹਰਗੋਬਿੰਦਪੁਰ (ਗੁਰਦਾਸਪੁਰ), 18 ਦਸੰਬਰ – ਜਿਲਾ ਗੁਰਦਾਸਪੁਰ ਦੇ ਕਸਬਾ ਸ੍ਰੀ ਹਰਗੋਬਿੰਦਪੁਰ ਦੇ ਨਜ਼ਦੀਕ ਪੈਂਦੇ ਪਿੰਡ ਮਚਰਾਵਾਂ ਦੇ ਜੰਮਪਲ ਖੁਰਸ਼ੀਦ ਅਹਿਮਦ 77 ਸਾਲ ਬਾਅਦ ਮੁੜ ਆਪਣੇ ਪਿੰਡ ਪਹੁੰਚਿਆਂ, ਜਿਸ ਦਾ ਪਿੰਡ ਮਚਰਾਵਾਂ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਭਰਵਾਂ ਸਵਾਗਤ ਕੀਤਾ।
ਇਸ ਦੌਰਾਨ ਪਿੰਡ ’ਚ ਬੀਤੇ ਬਚਪਨ ਦੀਆਂ ਯਾਦਾਂ ਅਤੇ ਪਿੰਡ ਦੀਆਂ ਨਿਸ਼ਾਨੀਆਂ ਨੂੰ ਤਾਜ਼ਾ ਕਰਦਿਆਂ ਬਜ਼ੁਰਗ ਖੁਰਸ਼ੀਦ ਅਹਿਮਦ ਭਾਵੁਕ ਹੋ ਗਿਆ ਅਤੇ ਪਿੰਡ ਵਾਸੀਆਂ ਨਾਲ ਆਪਣੇ ਬਚਪਨ ਦੇ ਦੋਸਤਾਂ ਦੀਆਂ ਗੱਲਾਂ ਅਤੇ ਖੁਸ਼ੀ ਦੇ ਪਲ ਸਾਂਝੇ ਕੀਤੇ।
ਖੁਰਸ਼ੀਦ ਅਹਿਮਦ ਨੇ ਦੱਸਿਆਂ ਕਿ ਉਨ੍ਹਾਂ ਦਾ ਜਨਮ 1932 ਦਾ ਹੈ ਤੇ ਵੰਡ ਮੌਕੇ ਉਹ ਕੇਵਲ 15 ਸਾਲ ਦੇ ਸਨ। ਉਨ੍ਹਾਂ ਦੱਸਿਆ ਕਿ ਖੇਡਾਂ ’ਚ ਉਨ੍ਹਾਂ ਦੀ ਬਹੁਤ ਦਿਲਚਸਪੀ ਸੀ ਅਤੇ ਉਹ ਰੋਜ਼ਾਨਾ ਸਵੇਰੇ ਦੌੜ ਕੇ ਬਟਾਲਾ ਵਿਖੇ ਹੋ ਕਿ ਵਾਪਸ ਆ ਕੇ ਨਾਸ਼ਤਾ ਕਰਦੇ ਸਨ। ਉਹ ਹੁਣ ਨਨਕਾਣਾ ਸਾਹਿਬ ਜ਼ਿਲੇ ’ਚ ਪੈਂਦੇ ਪਿੰਡ ਭੁਲੇਰ ਵਿਖੇ ਰਹਿੰਦੇ ਹਨ। ਬੇਸ਼ੱਕ ਉਨ੍ਹਾਂ ਦੀ ਉੁਮਰ ਤਕਰੀਬਨ 92 ਸਾਲ ਹੋ ਗਈ ਹੈ ਤੇ ਪਿੰਡ ਮਚਰਾਵਾਂ ਨੂੰ ਛੱਡਿਆ ਤੇ ਪਾਕਿਸਤਾਨ ਗਿਆ ਲਗਭਗ 77 ਸਾਲ ਹੋ ਗਏ ਹਨ ਪਰ ਉਨ੍ਹਾਂ ਦੀ ਰੂਹ ਅਜੇ ਵੀ ਪਿੰਡ ਮਚਰਾਵਾਂ ’ਚ ਸੀ। ਉਨ੍ਹਾਂ ਕਿਹਾ ਕਿ ਪਿੰਡ ਪਹੁੰਚ ਕੇ ਉਨ੍ਹਾਂ ਦੀ ਆਤਮਾ ਤ੍ਰਿਪਤ ਹੋ ਗਈ ਹੈ।
ਕੈਨੇਡਾ ਵਾਸੀ ਗੁਰਪੀਤ ਸਿੰਘ ਨੂੰ ਬਜ਼ੁਰਗ ਖੁਰਸ਼ੀਦ ਅਹਿਮਦ ਬਾਰੇ ਲੱਗਾ ਸੀ ਪਤਾ
ਪਿੰਡ ਦੇ ਵਸਨੀਕ ਅਤੇ ਕੈਨੇਡਾ ਵਾਸੀ ਗੁਰਪੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਕੈਨੇਡਾ ਵਿਖੇ ਆਯਾਤ ਤੇ ਨਿਰਯਾਤ ਦਾ ਕੰਮ ਕਰਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਪਾਕਿਸਤਾਨ ਵਿਖੇ ਜਾਣਾ ਪੈਂਦਾ ਸੀ ਤਾਂ ਉਨ੍ਹਾਂ ਨੂੰ ਕਿਸੇ ਸਾਥੀ ਤੋ ਬਜ਼ੁਰਗ ਖੁਰਸ਼ੀਦ ਅਹਿਮਦ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਰਾਬਤਾ ਕਰ ਕੇ ਅੱਜ 77 ਸਾਲ ਬਾਅਦ ਖੁਰਸ਼ੀਦ ਅਹਿਮਦ ਨੂੰ ਵਾਹਗਾ ਬਾਰਡਰ ਰਾਹੀਂ ਮੁੜ ਉਨ੍ਹਾਂ ਦੇ ਪਿੰਡ ਮਚਰਾਵਾਂ ਲਿਆ ਕੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਹੈ।
ਪਿੰਡ ਵਾਸੀਆਂ ਨੇ ਫੁੱਲਾਂ ਦੀ ਵਰਖਾ ਕਰੇ ਕੀਤਾ ਸਵਾਗਤ
ਸਰਪੰਚ ਲਾਜਵੰਤ ਸਿੰਘ, ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਬਜ਼ੁਰਗ ਖੁਰਸ਼ੀਦ ਅਹਿਮਦ ਦੇ ਆਉਣ ਮੌਕੇ ਲੱਡੂ ਵੰਡ ਕੇ ਫੁੱਲ ਸੁੱਟ ਕੇ ਸਵਾਗਤ ਕੀਤਾ ਅਤੇ ਬਜ਼ੁਰਗ ਨੂੰ ਗੁਲਦਸਤਾ ਅਤੇ ਸਿਰਪਾਓ ਭੇਟ ਕੀਤਾ। ਇਸ ਮੌਕੇ ਸਾਬਕਾ ਸਰਪੰਚ ਜਸਕਰਨ ਸਿੰਘ, ਸਵਿੰਦਰ ਸਿੰਘ, ਦਿਲਬਾਗ ਸਿੰਘ, ਪਰਮਜੀਤ ਸਿੰਘ, ਸਵਰਨ ਸਿੰਘ, ਅਮਰਜੀਤ ਸਿੰਘ, ਸਤਿੰਦਰ ਸਿੰਘ ਆਦਿ ਹਾਜ਼ਰ ਸਨ।
