ਪੰਜਾਬ ਦੇ 23 ਜਿਲਿਆਂ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਵਨੇ ਕੀਤਾ ਰੇਲਾਂ ਦਾ ਚੱਕਾ ਜਾਮ

– 30 ਦਸੰਬਰ ਨੂੰ ਕਿਸਾਨ ਮੋਰਚੇ ਵਲੋ ਪੰਜਾਬ ਬੰਦ ਦਾ ਸੱਦਾ

ਪਟਿਆਲਾ, 18 ਦਸੰਬਰ  : ਅੱਜ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਪੰਜਾਬ ਵਿਚ 12 ਤੋਂ ਲੈ ਕੇ 3 ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕਰਨ ਦੇ ਦਿੱਤੇ ਸੱਦੇ ਤਹਿਤ 23 ਜਿਲਿਆਂ ਵਿਚ ਲਗਭਗ 70 ਥਾਵਾਂ ‘ਤੇ ਦੁਪਹਿਰ 12 ਤੋਂ 3 ਵਜੇ ਤੱਕ ਟਰੇਨਾਂ ਨੂੰ ਰੋਕੀ ਰਖਿਆ। ਇਸ 60 ਦੇ ਕਰੀਬ ਟਰੇਨਾਂ ਵੱਖ-ਵੱਖ ਥਾਵਾਂ ‘ਤੇ ਰੁਕੀਆ ਗਈਆ। ਇਕ ਦਰਜਨ ਦੇ ਰੂਟ ਬਦਲੇ ਅਤੇ ਲੋਕ ਭਾਰੀ ਪਰੇਸ਼ਾਨ ਰਹੇ।

ਉਧਰੋ ਕਿਸਾਨ ਨੇਤਾ ਸਰਵਨ ਸਿੰਘ ਪੰਧੇਰ ਨੇ ਹੁਣ 30 ਦਸੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ ਤਾਂ ਜੋ ਕਿਸਾਨੀ ਮੰਗਾਂ ਨੂੰ ਕੇਂਦਰ ਤੋਂ ਮਨਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਬੰਦ ਦੌਰਾਨ ਐਮਰਜੈਂਸੀ ਸੇਵਾਵਾਂ ਬਹਾਲ ਰਖੀਆਂ ਜਾਣਗੀਆਂ।

ਕਿਸਾਨ ਨੇਤਾ ਸਰਵਨ ਸਿੰਘ ਪੰਧੇਰ ਨੇ ਆਖਿਆ ਕਿ 6 ਦਸੰਬਰ, 8 ਅਤੇ 14 ਦਸੰਬਰ ਨੂੰ ਦਿੱਲੀ ਕੂਚ ਕਰ ਰਹੇ 101 ਕਿਸਾਨਾਂ, ਮਜ਼ਦੂਰਾਂ ਦੇ ਜਥਿਆਂ ਉਪਰ ਮੋਦੀ ਹਕੂਮਤ ਵਲੋ ਜਬਰ ਤੇ ਜੁਲਮ ਕੀਤਾ ਗਿਆ, ਜਿਸ ਨਾਲ ਦਰਜਨਾਂ ਕਿਸਾਨ ਜ਼ਖਮੀ ਹਨ। ਉਨ੍ਹਾ ਆਖਿਆ ਕਿ ਇਸ ਤੋ ਬਾਅਦ ਵੀ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਮੋਦੀ ਸਰਕਾਰ ਨੇ ਚੁਪ ਧਾਰੀ ਹੋਈ ਹੈ।

ਪੰਧੇਰ ਨੇ ਆਖਿਆ ਕਿ ਅੱਜ ਦੇ ਰੇਲ ਰੋਕੋ ਅੰਦੋਲਨ ਨੂੰ ਪੰਜਾਬ ਵਿਚੋ ਕਿਸਾਨਾਂ ਦੇ ਨਾਲ-ਨਾਲ ਛੋਟੇ ਵਰਗਾਂ, ਦੁਕਾਨਦਾਰ ਵਪਾਰੀਆਂ ਵਲੋ ਬੇਹਦ ਸਹਿਯੋਗ ਮਿਲਿਆ ਹੈ।

ਉਨਾਂ ਕਿਹਾ ਕਿ ਭਾਰਤ ਸਰਕਾਰ ਦੇਸ਼ ਦੀ ਖੇਤੀ ਸਮੇਤ ਸਭ ਜਨਤਕ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਦਾ ਤਹਈਆ ਕਰ ਚੁੱਕੀ ਹੈ ਪਰ ਅੱਜ ਦੇਸ਼ ਦਾ ਅੰਨਦਾਤਾ ਜਾਗ ਚੁੱਕਾ ਹੈ ਅਤੇ ਸਰਕਾਰ ਦੇ ਇਹ ਮਨਸ਼ੇ ਪੂਰੇ ਨਹੀਂ ਹੋਣ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਦੇਸ਼ ਦਾ ਖੇਤੀਬਾੜੀ ਮੰਤਰੀ ਸੰਸਦ ਵਿੱਚ ਖੜ੍ਹ ਕੇ ਝੂਠ ਬੋਲ ਰਿਹਾ ਹੈ ਕਿ ਗੁੰਮਰਾਹਕੁੰਨ ਬਿਆਨ ਦੇ ਕਿ ਕਿਸਾਨਾਂ ਮਜ਼ਦੂਰਾਂ ਨੂੰ ਵਰਗਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨ ਅੰਦੋਲਨ-1 ਦੌਰਾਨ ਰੱਦ ਕੀਤੇ ਤਿੰਨੇ ਕਾਲੇ ਖੇਤੀ ਕਾਨੂੰਨ ਦੁਬਾਰਾ ਖੇਤੀ ਮਾਰਕੀਟਿੰਗ ਨੀਤੀ ਦੇ ਨਾਮ ਹੇਠ ਲਿਆ ਕੇ ਰਾਜਾਂ ਨੂੰ ਲਾਗੂ ਕਰਨ ਲਈ ਕਹਿ ਕੇ ਮੋਦੀ ਹਕੂਮਤ ਖੇਤੀ ਮੰਡੀ ਖਤਮ ਕਰ ਕੇ ਸਾਇਲੋ ਗੁਦਾਮਾਂ ਨੂੰ ਮੰਡੀ ਯਾਰਡ ਘੋਸ਼ਿਤ ਕਰ ਕੇ ਦੇਸ਼ ਦੇ 68 ਕਰੋੜ ਕਿਸਾਨਾਂ ਨੂੰ ਖੇਤੀ ਕਿੱਤੇ ਵਿੱਚੋਂ ਬਾਹਰ ਕੱਢਣ ਦੇ ਮਨਸੂਬੇ ਲਾਗੂ ਕਰ ਰਹੀ ਹੈ।

ਉਹਨਾਂ ਕਿਹਾ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਕਿਸਾਨ ਅੰਦੋਲਨ ਬਾਰੇ ਸਾਜ਼ਿਸ਼ੀ ਚੁੱਪੀ ਧਾਰੀ ਹੋਈ ਹੈ । ਉਨਾਂ ਦੇਸ਼ ਭਰ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਆਪਸੀ ਏਕਾ ਬਣਾ ਕੇ ਸੰਘਰਸ਼ ਨੂੰ ਹੋਰ ਵਿਆਪਕ ਬਣਾਇਆ ਜਾਵੇ। ਉਹਨਾਂ ਕਿਹਾ ਕਿ ਜਿੰਨੀ ਦੇਰ ਅੰਦੋਲਨ ਦੀਆਂ ਸਾਰੀਆਂ ਮੰਗਾਂ ਤੇ ਸਰਕਾਰ ਵੱਲੋਂ ਠੋਸ ਕਦਮ ਨਹੀਂ ਚੁੱਕੇ ਜਾਂਦੇ ਓਨੀ ਦੇਰ ਅੰਦੋਲਨ ਜਾਰੀ ਰਹੇਗਾ ਅਤੇ ਅਗਰ ਡੱਲੇਵਾਲ ਜੀ ਦਾ ਜਾਨੀ ਨੁਕਸਾਨ ਹੁੰਦਾ ਹੈ ਤਾਂ ਸਰਕਾਰ ਨੂੰ ਇਸਦੇ ਵੱਡੇ ਖਾਮਿਆਜ਼ੇ ਭੁਗਤਣੇ ਪੈਣਗੇ।

ਮੋਦੀ ਦੇ ਸਰਕਾਰ ਸਿਰ ਚੜ੍ਹਕੇ ਸਲਫਾਸ ਨਿਗਲਣ ਵਾਲੇ ਨੌਜਵਾਨ ਦੀ ਮੌਤ

ਪਟਿਆਲਾ : ਇਸ ਮੌਕੇ ਕਿਸਾਨ ਨੇਤਾ ਸਰਵਨ ਸਿੰਘ ਪੰਧੇਰ, ਸੁਰਜੀਤ ਸਿੰਘ ਫੂਲ, ਤੇਜਵੀਰ ਸਿੰਘ ਪੰਜੋਖੜਾ, ਜਸਵਿੰਦਰ ਸਿੰਘ ਲੋਗੋਵਾਲ, ਗੁਰਅਵਨੀਤ ਸਿੰਘ ਮਾਂਗਟ, ਪਰਮਜੀਤ ਸਿੰਘ, ਸਵਿੰਦਰ ਸਿੰਘ ਚੋਤਾਵਾ ਤੇ ਹੋਰ ਨੇਤਾਵਾਂ ਨੇ ਆਖਿਆ ਕਿ ਕੇਂਦਰ ਸਰਕਾਰ ਵੱਲੋਂ 101 ਕਿਸਾਨਾਂ ਮਜ਼ਦੂਰਾਂ ਦੇ ਜਥਿਆਂ ਤੇ ਕੀਤੇ ਗਏ ਤਸ਼ੱਦਦ ਅਤੇ ਖਨੌਰੀ ਬਾਰਡਰ ਤੇ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਜੀ ਦੀ ਨਾਜ਼ੁਕ ਹਾਲਤ ਦੇ ਸਦਮੇ ਕਾਰਨ ਸ਼ੰਭੂ ਬਾਰਡਰ ਤੇ ਸਲਫਾਸ ਨਿਗਲਣ ਵਾਲੇ ਜੇਰੇ-ਇਲਾਜ਼ ਰਣਜੋਧ ਸਿੰਘ ਵਾਸੀ ਪਿੰਡ ਰਤਨਹੇੜੀ, ਖੰਨਾ ਦੀ ਦੁਖਦ ਮੌਤ ਹੋ ਗਈ ਹੈ।

ਉਹਨਾਂ ਨੇ ਪੰਜਾਬ ਸਰਕਾਰ ਕੋਲੋਂ ਕੇਂਦਰ ਦੇ ਗ੍ਰਹਿ ਮੰਤਰੀ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਕਰਦੇ ਕਿਹਾ ਕਿ ਮ੍ਰਿਤਕ ਕਿਸਾਨ ਆਪਣਾ ਹਲਫ਼ਨਾਮਾ ਜਾਰੀ ਕਰ ਕੇ ਦੱਸ ਗਿਆ ਹੈ ਕਿ ਉਸਦੀ ਮੌਤ ਕਿ ਕੇਂਦਰ ਸਰਕਾਰ ਜਿੰਮੇਵਾਰ ਹੈ। ਉਨਾਂ ਪੰਜਾਬ ਸਰਕਾਰ ਕੋਲੋਂ ਮ੍ਰਿਤਕ ਦੇ ਪਰਿਵਾਰ ਲਈ 25 ਲੱਖ ਦੀ ਮਾਲੀ ਸਹਾਇਤਾ, ਕੁਲ ਕਰਜ਼ਾ ਖਤਮ ਕਰਨ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਦਿੱਤੇ ਜਾਣ ਦੀ ਮੰਗ ਕੀਤੀ।

ਹਰਿਆਣਾ ਦੀਆਂ ਖਾਪ ਪੰਚਾਇਤਾਂ ਕਰ ਸਕਦੀਆਂ ਹਨ ਅੱਜ ਕਿਸਾਨੀ ਸੰਘਰਸ਼ ਲਈ ਵੱਡੇ ਐਲਾਨ

ਕਿਸਾਨ ਨੇਤਾ ਤੇਜਵੀਰ ਸਿੰਘ ਪੰਜੋਖੜਾ ਨੇ ਆਖਿਆ ਕਿ ਹਰਿਆਣਾ ਦੀਆਂ ਖਾਪ ਪੰਚਾਇਤਾ ਸ਼ੰਭੂ ਤੇ ਖਨੌਰੀ ਮੋਰਚੇ ‘ਤੇ ਚਲ ਰਹੇ ਸੰਘਰਸ਼ ਦੇ ਹਕ ਵਿਚ 19 ਦਸੰਬਰ ਵੱਡੇ ਐਲਾਨ ਕਰਨਗੀਆਂ ਤਾਂ ਜੋ ਇਸ ਸੰਘਰਸ਼ ਨੂੰ ਹੋਰ ਤਿਖਾ ਕੀਤਾ ਜਾ ਸਕੇ।

Leave a Reply

Your email address will not be published. Required fields are marked *