ਮੁਕੇਰੀਆਂ, 25 ਅਗਸਤ –-ਪਿਛਲੇ ਤਿੰਨ ਦਿਨਾਂ ਤੋਂ ਪੈ ਰਹੀ ਲਗਾਤਾਰ ਬਰਸਾਤ ਦੇ ਕਾਰਨ ਉੱਪ ਮੰਡਲ ਮੁਕੇਰੀਆਂ ਦੇ ਕਸਬਾ ਪੁਰਾਣਾ ਭੰਗਲਾ ਵਿਖੇ ਇਕ ਘਰ ਦੀ ਛੱਤ ਡਿੱਗਣ ਕਾਰਨ ਇਕ ਔਰਤ ਦੀ ਮੌਤ ਹੋ ਗਈ।
ਇਸ ਸਬੰਧੀ ਮ੍ਰਿਤਕਾ ਕਸ਼ਮੀਰੋ ਦੇਵੀ (46) ਪਤਨੀ ਸਵਰਗੀ ਸੋਮਰਾਜ ਨਿਵਾਸੀ ਪੁਰਾਣਾ ਭੰਗਾਲਾ ਦੀ ਲੜਕੀ ਨੇ ਦੱਸਿਆ ਕਿ ਉਹ ਅਤੇ ਉਸਦੀ ਭੈਣ ਆਪਣੇ ਕਿਸੇ ਕੰਮ ਕਾਰਣ ਗੁਆਂਢ ਕਿਸੇ ਦੇ ਘਰ ਗਈਆਂ ਹੋਈਆਂ ਸਨ ਅਤੇ ਉਨ੍ਹਾਂ ਦੀ ਮਾਂ ਘਰ ਵਿਚ ਇਕੱਲੀ ਸੀ। ਜਦੋਂ ਕਿਸੇ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਦੀ ਛੱਤ ਡਿੱਗਣ ਦੀ ਸੂਚਨਾ ਦਿੱਤੀ ਤਾਂ ਉਹ ਦੋਵੇਂ ਭੈਣਾਂ ਆਪਣੇ ਘਰ ਪਹੁੰਚੀਆਂ।
ਜਿੱਥੇ ਪਹਿਲਾਂ ਤੋਂ ਹੀ ਆਂਢ-ਗੁਆਂਢ ਦੇ ਲੋਕ ਡਿੱਗੀ ਛੱਤ ਹੇਠੋਂ ਉਨ੍ਹਾਂ ਦੀ ਮਾਂ ਨੂੰ ਬਾਹਰ ਕੱਢ ਰਹੇ ਸਨ। ਕਾਫੀ ਦੇਰ ਜਦੋ-ਜਹਿਦ ਹੋਣ ਤੋਂ ਬਾਅਦ ਜਦੋਂ ਉਨ੍ਹਾਂ ਦੀ ਮਾਂ ਨੂੰ ਛੱਤ ਹੇਠੋਂ ਬਾਹਰ ਕੱਢਿਆ ਤਾਂ ਉਸ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਸੀ। ਜਿੱਥੇ ਇਕੱਠੇ ਹੋਏ ਲੋਕਾਂ ਨੇ ਸਵਾਰੀ ਦਾ ਪ੍ਰਬੰਧ ਕਰ ਕੇ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਮੁਕੇਰੀਆਂ ਵਿਖੇ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਭਰਾ ਨੂੰ ਫੌਜ ਵਿਚ ਨੌਕਰੀ ਮਿਲਿਆਂ ਅਜੇ ਕੁਝ ਮਹੀਨੇ ਹੀ ਹੋਏ ਹਨ। ਇਸ ਲਈ ਆਰਥਿਕ ਤੰਗੀ ਹੋਣ ਕਾਰਨ ਉਨ੍ਹਾਂ ਦੇ ਘਰ ਦੀ ਛੱਤ ਕੱਚੀ ਸੀ, ਜੋ ਕਿ ਹਾਦਸੇ ਦਾ ਕਾਰਨ ਬਣੀ। ਉਨ੍ਹਾਂ ਅਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਕੋਲੋਂ ਪੁਰਜ਼ੋਰ ਮੰਗ ਕੀਤੀ ਕਿ ਉਨ੍ਹਾਂ ਦੀ ਆਰਥਿਕ ਮਦਦ ਕੀਤੀ ਜਾਵੇ ਅਤੇ ਬਣਦੀ ਸਹਾਇਤਾ ਮੁਹੱਈਆ ਕਰਵਾਈ ਜਾਵੇ।
Read More : ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪੁੱਤਰੀ ਦਾ ਦਿਹਾਂਤ