ਅੱਜ 63,732 ਕਿਊਸਿਕ ਛੱਡਿਆ ਪਾਣੀ
ਹੁਸ਼ਿਆਰਪੁਰ , 25 ਅਗਸਤ : ਹਿਮਾਚਲ ਵਿਚ ਪਿਛਲੇ ਦਿਨਾਂ ਤੋਂ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਪੌਂਗ ਡੈਮ ਦਾ ਜਲ ਪੱਧਰ ਖਤਰੇ ਦੇ ਨਿਸ਼ਾਨ ਤੋਂ ਸਿਰਫ 3.80 ਫੁੱਟ ਦੂਰ ਰਹਿ ਗਿਆ ਹੈ। ਜਿਸ ਕਾਰਨ ਹੇਠਲੇ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਦੀ ਚਿੰਤਾ ਵਧ ਗਈ ਹੈ। ਪਾਣੀ ਦੇ ਪੱਧਰ ਨੂੰ ਕੰਟਰੋਲ ਕਰਨ ਅਤੇ ਕਿਸੇ ਵੀ ਐਮਰਜੈਂਸੀ ਤੋਂ ਬਚਣ ਲਈ ਅੱਜ ਪੌਂਗ ਡੈਮ ਵਿਚੋਂ ਟਰਬਾਈਨਾਂ ਅਤੇ ਸਪਿੱਲਵੇਅ ਗੇਟਾਂ ਰਾਹੀਂ ਕੁੱਲ 63,732 ਕਿਊਸਿਕ ਪਾਣੀ ਸ਼ਾਹ ਨਹਿਰ ਬੈਰਾਜ ਵਿਚ ਛੱਡਿਆ ਗਿਆ।
ਜਾਣਕਾਰੀ ਅਨੁਸਾਰ ਅੱਜ ਸ਼ਾਮ 6 ਵਜੇ ਪੌਂਗ ਡੈਮ ਝੀਲ ਵਿਚ ਪਾਣੀ ਦੀ ਆਮਦ 2 ਲੱਖ 5 ਹਜ਼ਾਰ 515 ਕਿਊਸਿਕ ਨੋਟ ਕੀਤੀ ਗਈ। ਡੈਮ ਦਾ ਜਲ ਪੱਧਰ 1386.20 ਫੁੱਟ ਦਰਜ ਕੀਤਾ ਗਿਆ, ਜਦੋਂ ਕਿ ਖਤਰੇ ਦਾ ਨਿਸ਼ਾਨ 1390 ਫੁੱਟ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਾਹ ਨਹਿਰ ਬੈਰਾਜ ਤੋਂ 52 ਹਜ਼ਾਰ 232 ਕਿਊਸਿਕ ਪਾਣੀ ਬਿਆਸ ਦਰਿਆ ਵਿਚ ਅਤੇ 11500 ਕਿਊਸਿਕ ਪਾਣੀ ਮੁਕੇਰੀਆਂ ਹਾਈਡਲ ਨਹਿਰ ਵਿਚ ਛੱਡਿਆ ਜਾ ਰਿਹਾ ਹੈ। ਪ੍ਰ
ਸ਼ਾਸਨਿਕ ਅਤੇ ਬੀ.ਬੀ.ਐੱਮ.ਬੀ. ਅਧਿਕਾਰੀਆਂ ਅਨੁਸਾਰ ਡੈਮ ਦੇ ਜਲ ਪੱਧਰ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਸਾਰੇ ਜ਼ਰੂਰੀ ਸਾਵਧਾਨੀ ਉਪਾਅ ਕੀਤੇ ਜਾ ਰਹੇ ਹਨ। ਡੀ.ਸੀ. ਹੁਸ਼ਿਆਰਪੁਰ ਆਸ਼ਿਕਾ ਜੈਨ ਨੇ ਜ਼ਿਲੇ ਵਿਚ ਹੜ੍ਹ ਪ੍ਰਬੰਧਨ ਟੀਮਾਂ ਨੂੰ ਹਾਈ ਅਲਰਟ ਜਾਰੀ ਕਰ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਜ਼ਿਲਾ ਰੈੱਡ ਕਰਾਸ ਸੋਸਾਇਟੀ, ਬਾਬਾ ਦੀਪ ਸਿੰਘ ਸੇਵਾ ਸੋਸਾਇਟੀ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਆਪਣੀਆਂ ਸੇਵਾਵਾਂ ਦੇ ਰਹੀਆਂ ਹਨ। ਉਨ੍ਹਾਂ ਨੇ ਹੇਠਲੇ ਇਲਾਕਿਆਂ, ਖਾਸ ਕਰ ਕੇ ਕਾਂਗੜਾ ਅਤੇ ਹੁਸ਼ਿਆਰਪੁਰ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।
Read More : ਧੁੱਸੀ ਬੰਨ੍ਹ ’ਚ ਕਈ ਥਾਵਾਂ ’ਤੇ ਪਿਆ ਪਾੜ, ਪਾਣੀ ’ਚ ਘਿਰੇ ਕਈ ਪਿੰਡ
