ਸਿੱਖੀ ਦੇ ਪ੍ਰਚਾਰਕ ਮਹਾਪੁਰਖ ਬਾਬਾ ਜੀ ਦੇ ਵਿਛੋੜੇ ਨਾਲ ਸਿੱਖ ਕੌਮ ਨੂੰ ਵੱਡਾ ਘਾਟਾ ਪਿਆ : ਵਿੱਤ ਮੰਤਰੀ
ਰਾੜਾ ਸਾਹਿਬ, 25 ਅਗਸਤ : ਰਾੜਾ ਸਾਹਿਬ ਸੰਪ੍ਰਦਾਇ ਦੇ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਰਾਤ ਦੇ ਦੀਵਾਨ ਤੋਂ ਬਾਅਦ ਆਪਣਾ ਅਚਾਨਕ ਹੀ ਸਰੀਰ ਛੱਡ ਗਏ, ਜਿਸ ਕਾਰਨ ਸਿੱਖ ਜਗਤ ’ਚ ਸੋਗ ਦੀ ਲਹਿਰ ਹੈ। ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਪੰਜਾਬ ਦੇ ਵਿੱਤ ਤੇ ਯੋਜਨਾ, ਕਰ ਅਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਸੋਮਵਾਰ ਨੂੰ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਸੰਤ ਬਾਬਾ ਬਲਜਿੰਦਰ ਸਿੰਘ ਜੀ ਦੀ ਦੇਹ ਨੂੰ ਪੰਜਾਬ ਸਰਕਾਰ ਵੱਲੋਂ ਲੋਈ ਵੀ ਭੇਟ ਕੀਤੀ। ਇਸ ਮੌਕੇ ਉਨ੍ਹਾਂ ਦੇ ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੀ ਮੌਜੂਦ ਸਨ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਸੰਤ ਬਾਬਾ ਬਲਜਿੰਦਰ ਸਿੰਘ ਜੀ ਦੇ ਜਾਣ ਨਾਲ ਸਿੱਖ ਕੌਮ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਇਹ ਸੰਪ੍ਰਦਾਇ ਬਹੁਤ ਲੰਬੇ ਸਮੇਂ ਤੋਂ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰ ਰਹੀ ਹੈ, ਜਿੱਥੇ ਸਾਨੂੰ ਨਿੱਜੀ ਤੌਰ ’ਤੇ ਦੁੱਖ ਮਹਿਸੂਸ ਹੋਇਆ ਹੈ, ਉੱਥੇ ਹੀ ਸਮੁੱਚੇ ਸਿੱਖ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ।
ਬਾਅਦ ਵਿਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਭਗਤੀ ਦੇ ਪੁੰਜ ਅਤੇ ਵਿਸ਼ਵ ਪ੍ਰਸਿੱਧ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਦੇ ਬਾਨੀ ਸੱਚਖੰਡ ਵਾਸੀ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦੇ ਚੱਲ ਰਹੇ 50ਵੇਂ ਬਰਸੀ ਸਮਾਗਮਾਂ ਮੌਕੇ ਸ਼ਰਧਾ ਤੇ ਸਤਿਕਾਰ ਸਹਿਤ ਹਾਜ਼ਰੀ ਭਰੀ।
ਉਨ੍ਹਾਂ ਕਿਹਾ ਕਿ ਜਿੱਥੇ ਅੱਜ ਅਸੀਂ ਸੰਤ ਬਾਬਾ ਈਸ਼ਰ ਸਿੰਘ ਜੀ ਦੀ 50ਵੀਂ ਬਰਸੀ ਮਨਾ ਰਹੇ ਹਾਂ ਉੱਥੇ ਅੱਜ ਰਾੜਾ ਸਾਹਿਬ ਸੰਪ੍ਰਦਾਇ ਦੇ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਜੀ ਵੀ ਸਾਨੂੰ ਸਦੀਵੀ ਵਿਛੋੜਾ ਦੇ ਕੇ ਸੱਚਖੰਡ ਜਾ ਬਿਰਾਜੇ ਹਨ, ਜੋ ਕਿ ਸੰਗਤਾਂ ਲਈ ਇਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪ੍ਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਸੰਗਤਾਂ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ।
Read More : ਵਿਧਾਨ ਸਭਾ ਹਲਕਾ ਦਿੜ੍ਹਬਾ ਦੇ ਪਿੰਡ ਬਣ ਰਹੇ ਨੇ ਵਿਕਾਸ ਦਾ ਧੁਰਾ : ਹਰਪਾਲ ਚੀਮਾ
