Dam

ਨੱਕੋ-ਨੱਕ ਭਰੇ ਰਣਜੀਤ ਸਾਗਰ ਅਤੇ ਪੌਂਗ ਡੈਮ

ਰਾਵੀ ਅਤੇ ਬਿਆਸ ’ਚ ਖਤਰੇ ਦੇ ਨਿਸ਼ਾਨਾਂ ’ਤੇ ਵਹਿ ਰਿਹਾ ਪਾਣੀ

ਗੁਰਦਾਸਪੁਰ, 24 ਅਗਸਤ : ਪਹਾੜੀ ਖੇਤਰ ’ਚ ਨਿਰੰਤਰ ਹੋ ਰਹੀ ਬਾਰਿਸ਼ ਦੇ ਚਲਦਿਆਂ ਜ਼ਿਲਾ ਗੁਰਦਾਸਪੁਰ ਦੇ ਨਾਲ ਲੱਗਦੇ ਪਠਾਨਕੋਟ ਅਤੇ ਹੁਸ਼ਿਆਰਪੁਰ ਜ਼ਿਲਿਆਂ ’ਚ ਬਣੇ ਡੈਮ ਨੱਕੋ ਨੱਕ ਭਰ ਗਏ ਹਨ। ਸਥਿਤੀ ਇਹ ਬਣੀ ਹੋਈ ਹੈ ਕਿ ਡੈਮ ’ਚੋਂ ਛੱਡੇ ਜਾ ਰਹੇ ਪਾਣੀ ਅਤੇ ਪਹਾੜਾਂ ’ਚੋਂ ਵੱਖ-ਵੱਖ ਦਰਿਆਵਾਂ ਤੇ ਨਾਲਿਆਂ ਰਾਹੀਂ ਆ ਰਹੇ ਪਾਣੀ ਨੇ ਗੁਰਦਾਸਪੁਰ ਜ਼ਿਲੇ ’ਚੋਂ ਗੁਜਰਦੇ ਬਿਆਸ ਅਤੇ ਰਾਵੀ ਦਰਿਆ ’ਚ ਹੁਣ ਤੱਕ ਪਾਣੀ ਦੀ ਮਾਤਰਾ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ।

ਹਾਲਾਤ ਇਹ ਬਣ ਗਏ ਹਨ ਕਿ ਅੱਜ ਦੁਪਹਿਰ ਤੱਕ ਰਾਵੀ ਦਰਿਆ ’ਚ ਕਰੀਬ ਡੇਢ ਲੱਖ ਕਿਊਸਿਕ ਪਾਣੀ ਸੀ, ਜੋ ਸ਼ਾਮ ਤੱਕ ਵੱਧ ਕੇ 2 ਲੱਖ 70 ਹਜ਼ਾਰ ਕਿਊਸਿਕ ਤੱਕ ਪਹੁੰਚ ਗਿਆ। ਇਸੇ ਤਰ੍ਹਾਂ ਬਿਆਸ ’ਚ ਵੀ ਆਮ ਤੌਰ ’ਤੇ ਇਕ ਤੋਂ ਸਵਾ ਲੱਖ ਕਿਊਸਿਕ ਤੱਕ ਪਾਣੀ ਵਹਿ ਰਿਹਾ ਸੀ ਪਰ ਇਸ ਪਾਣੀ ਦੀ ਮਾਤਰਾ ਵੀ ਡੇਢ ਲੱਖ ਕਿਊਸਿਕ ਤੱਕ ਹੋ ਗਈ ਹੈ।

ਇਸ ਦੌਰਾਨ ਪ੍ਰਸ਼ਾਸਨ ਨੇ ਇੱਕਦਮ ਚੌਕਸੀ ਵਧਾ ਦਿੱਤੀ ਹੈ ਅਤੇ ਨਾਲ ਹੀ ਲੋਕਾਂ ਦੀ ਸੁਰੱਖਿਆ ਲਈ ਪ੍ਰਬੰਧਾਂ ਨੂੰ ਹੋਰ ਪੁਖਤਾ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਚੌਕਸ ਅਤੇ ਉਪਲਬਧ ਰਹਿਣ ਦੀਆਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਦੋਵਾਂ ਦਰਿਆਵਾਂ ਦਾ ਪਾਣੀ ਖਤਰੇ ਦੇ ਨਿਸ਼ਾਨਾਂ ’ਤੇ ਵਹਿ ਰਿਹਾ ਹੈ, ਜਿਸ ਕਾਰਨ ਦਰਿਆਵਾਂ ਨੇੜਲੇ ਲੋਕ ਵੀ ਡਰ ਦੇ ਮਾਹੌਲ ਵਿਚ ਹਨ।

ਏ. ਡੀ. ਸੀ. ਡਾ. ਹਰਜਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਦਰਿਆਵਾਂ ਦੇ ਨੇੜਲੇ ਪਿੰਡਾਂ ’ਚ ਪਹਿਲਾਂ ਹੀ ਲੋਕਾਂ ਨੂੰ ਘੱਟੋ-ਘੱਟ 200 ਮੀਟਰ ਦੂਰ ਰਹਿਣ ਲਈ ਅਪੀਲ ਕੀਤੀ ਜਾ ਚੁੱਕੀ ਹੈ ਅਤੇ ਦਰਿਆਵਾਂ ਦੀ ਮਾਰ ਹੇਠਲੇ ਇਲਾਕਿਆਂ ’ਚ ਲੋਕਾਂ ਨੂੰ ਪਹਿਲਾਂ ਹੀ ਸੁਰੱਖਿਤ ਥਾਵਾਂ ’ਤੇ ਜਾਣ ਲਈ ਕਿਹਾ ਗਿਆ ਸੀ। ਦਰਿਆ ਦੇ ਨੇੜੇ ਜਿਹੜੇ ਲੋਕ ਡੇਰੇ ਬਣਾ ਕੇ ਰਹਿ ਰਹੇ ਸਨ, ਉਨ੍ਹਾਂ ਨੂੰ ਵੀ ਪਹਿਲਾਂ ਹੀ ਸ਼ਿਫਟ ਕਰਨ ਲਈ ਕਿਹਾ ਗਿਆ ਸੀ, ਜਿਹੜੇ ਕੁਝ ਲੋਕ ਰਹਿ ਗਏ ਸਨ, ਉਨ੍ਹਾਂ ਨੇ ਵੀ ਪਾਣੀ ਦੇ ਖਤਰੇ ਨੂੰ ਦੇਖਦਿਆਂ ਖੁਦ ਹੀ ਸੁਰੱਖਿਤ ਥਾਵਾਂ ’ਤੇ ਜਾਣ ਦਾ ਫੈਸਲਾ ਕੀਤਾ ਸੀ।

ਅੱਜ ਵੀ ਸਬੰਧਤ ਵਿਭਾਗਾਂ ਦੇ ਅਧਿਕਾਰੀ ਅਤੇ ਵੱਖ-ਵੱਖ ਟੀਮਾਂ ਦਰਿਆਵਾਂ ਦੇ ਨੇੜੇ ਹੀ ਮੌਜੂਦ ਹਨ ਅਤੇ ਜੇਕਰ ਕਿਸੇ ਵੀ ਜਗ੍ਹਾ ’ਤੇ ਪਾਣੀ ਦਰਿਆ ਤੋਂ ਬਾਹਰ ਆਉਂਦਾ ਹੈ ਤਾਂ ਲੋਕਾਂ ਦੀ ਸੁਰੱਖਿਆ ਲਈ ਹਰ ਤਰ੍ਹਾਂ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ।

ਕੀ ਹੈ ਰਣਜੀਤ ਸਾਗਰ ਡੈਮ ਅਤੇ ਰਾਵੀ ਦਰਿਆ ਦੀ ਸਥਿਤੀ?

ਰਾਵੀ ਦਰਿਆ ’ਚ ਇਸ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਪਾਣੀ ਵਹਿ ਰਿਹਾ ਹੈ। ਐਕਸੀਅਨ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇਸ ਦਰਿਆ ’ਚ ਦੋ ਲੱਖ 60 ਹਜ਼ਾਰ ਕਿਊਸਿਕ ਤੱਕ ਪਾਣੀ ਆਇਆ ਸੀ, ਜੋ ਦਰਿਆ ਦੇ ਨਾਲ ਨੇੜਲੇ ਨੀਵਿਆਂ ਇਲਾਕਿਆਂ ’ਚ ਪਹੁੰਚ ਗਿਆ ਸੀ ਪਰ ਅਗਲੇ ਹੀ ਦਿਨ ਪਾਣੀ ਮੁੜ ਵਾਪਸ ਦਰਿਆ ’ਚ ਚਲਾ ਗਿਆ ਸੀ।

ਉਨ੍ਹਾਂ ਕਿਹਾ ਕਿ ਅੱਜ ਸ਼ਾਮ ਤੱਕ ਮੁੜ ਇੱਥੇ 2 ਲੱਖ 70 ਹਜ਼ਾਰ ਦੇ ਕਰੀਬ ਪਾਣੀ ਪਹੁੰਚਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਰਣਜੀਤ ਸਾਗਰ ਡੈਮ ਵਿਚ ਪਾਣੀ ਦਾ ਪੱਧਰ 525.98 ਤੱਕ ਪਹੁੰਚ ਗਈ ਹੈ, ਜਦੋਂ ਕਿ ਇਸ ਡੈਮ ਦੀ ਕੁੱਲ ਸਮਰੱਥਾ 527 ਮੀਟਰ ਦੇ ਕਰੀਬ ਹੈ। ਇਸ ਡੈਮ ਤੋਂ ਛੱਡਿਆ ਜਾ ਰਿਹਾ ਪਾਣੀ ਅਤੇ ਪਹਾੜੀ ਖੇਤਰ ’ਚੋਂ ਲਗਾਤਾਰ ਆ ਰਿਹਾ ਪਾਣੀ ਉੱਜ ਅਤੇ ਰਾਵੀ ਦਰਿਆ ’ਚ ਮਿਕਸ ਹੋ ਰਿਹਾ ਹੈ।

ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਵਾਲੀ ਸਾਈਡ ’ਚ ਹੋਈ ਤੇਜ਼ ਬਾਰਿਸ਼ ਵੀ ਰਾਵੀ ਦਰਿਆ ’ਚ ਪਾਣੀ ਵਧਣ ਦਾ ਮੁੱਖ ਕਾਰਨ ਹੈ। ਕਿਉਂਕਿ ਉਸ ਏਰੀਏ ’ਚ ਨਿਰੰਤਰ ਬਾਰਿਸ਼ ਪੈ ਰਹੀ ਹੈ, ਜਿਸ ਦਾ ਪਾਣੀ ਸਿੱਧੇ ਤੌਰ ’ਤੇ ਰਾਵੀ ਦਰਿਆ ’ਚ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਵੀ ਦਰਿਆ ’ਚ ਮਿਲਦੇ ਵੱਖ-ਵੱਖ ਨਾਲੇ ਪੂਰੀ ਤਰ੍ਹਾਂ ਭਰੇ ਹੋਏ ਹਨ। ਇਨ੍ਹਾਂ ਨਾਲਿਆਂ ਦਾ ਪਾਣੀ ਲਗਾਤਾਰ ਇਸ ਦਰਿਆ ’ਚ ਪੈਣ ਕਾਰਨ ਸਥਿਤੀ ਖਤਰੇ ਵਾਲੀ ਬਣੀ ਹੋਈ ਹੈ।

ਇਸ ਦੇ ਬਾਵਜੂਦ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦਰਿਆ ਦੇ ਨੇੜੇ ਨਾ ਜਾਣ ਅਤੇ ਆਪਣੀ ਸੁਰੱਖਿਆ ਲਈ ਸਾਵਧਾਨ ਰਹਿਣ।

ਬਿਆਸ ਦਰਿਆ ’ਚ ਵੀ ਪਾਣੀ ਦੇ ਟੁੱਟੇ ਰਿਕਾਰਡ

ਐਕਸੀਅਨ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਤੱਕ ਬਿਆਸ ਦਰਿਆ ’ਚ ਡੇਢ ਲੱਖ ਕਿਊਸਿਕ ਤੋਂ ਵੀ ਜ਼ਿਆਦਾ ਪਾਣੀ ਵਹਿ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਦਰਿਆ ’ਚ ਪਾਣੀ ਦੀ ਇਨੀ ਮਾਤਰਾ ਪਹਿਲਾਂ ਨਹੀਂ ਸੀ। ਪੌਂਗ ਡੈਮ ’ਚ ਇਸ ਮੌੌਕੇ ਪਾਣੀ ਦਾ ਪੱਧਰ 1382.25 ਫੁੱਟ ਹੈ ਜਦੋਂ ਕਿ ਇਸ ਡੈਮ ਵਿਚ ਪਾਣੀ ਸੰਭਾਲਣ ਦੀ ਸਮਰੱਥਾ 1390 ਫੁੱਟ ਤੱਕ ਹੈ।

ਇਸ ਡੈਮ ਤੋਂ ਛੱਡਿਆ ਜਾ ਰਿਹਾ ਪਾਣੀ ਅਤੇ ਚੱਕੀ ਦਰਿਆ ’ਚ ਪਾਣੀ ਦੀ ਮਾਤਰਾ ਵਧਣ ਕਾਰਨ ਬਿਆਸ ਦਰਿਆ ਊਫਾਨ ’ਤੇ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਵਾਲੀ ਸਾਈਡ ਤੋਂ ਪਹਾੜੀ ਖੇਤਰ ’ਚੋਂ ਆ ਰਿਹਾ ਸਾਰਾ ਪਾਣੀ ਅਤੇ ਵੱਖ-ਵੱਖ ਨਾਲੇ ਬਿਆਸ ਦਰਿਆ ਅਤੇ ਚੱਕੀ ਦਰਿਆ ’ਚ ਮਿਕਸ ਹੋ ਰਹੇ ਹਨ, ਜਿਸ ਕਾਰਨ ਬਿਆਸ ਦਰਿਆ ਦਾ ਕਾਫੀ ਪਾਣੀ ਕਾਫੀ ਕਾਫੀ ਵੱਧ ਗਿਆ ਹੈ।

ਉਨ੍ਹਾਂ ਕਿਹਾ ਕਿ ਅੱਜ ਬਿਆਸ ਦਰਿਆ ਦੇ ਇਲਾਕੇ ਦਾ ਦੌਰਾ ਕੀਤਾ ਹੈ ਅਤੇ ਅਜੇ ਤੱਕ ਸਥਿਤੀ ਕੰਟਰੋਲ ’ਚ ਹੈ। ਉਨ੍ਹਾਂ ਕਿਹਾ ਕਿ ਧੁੱਸੀ ਬੰਨ੍ਹ ਪੂਰੀ ਤਰ੍ਹਾਂ ਮਜ਼ਬੂਤ ਹੈ ਅਤੇ ਕਿਸੇ ਵੀ ਜਗ੍ਹਾ ’ਤੇ ਦਰਿਆ ਦਾ ਪਾਣੀ ਧੁੱਸੀ ਤੋਂ ਬਾਹਰ ਨਹੀਂ ਆਇਆ। ਉਨ੍ਹਾਂ ਕਿਹਾ ਕਿ ਧੁੱਸੀਂ ਦੇ ਪਾਰ ਵਾਲੇ ਪਾਸੇ ਜਿਹੜੇ ਲੋਕਾਂ ਨੇ ਖੇਤਾਂ ’ਚ ਆਪਣੀਆਂ ਰਿਹਾਇਸ਼ਾਂ ਜਾਂ ਹਵੇਲੀਆਂ ਬਣਾਈਆਂ ਹੋਈਆਂ ਸਨ, ਉੱਥੇ ਕੁਝ ਜਗ੍ਹਾ ’ਤੇ ਪਾਣੀ ਜ਼ਰੂਰ ਆਇਆ ਹੈ ਪਰ ਧੁੱਸੀਂ ਬੰਨ੍ਹ ਤੋਂ ਦੂਸਰੇ ਪਾਸੇ ਅਜੇ ਖਤਰੇ ਵਾਲੀ ਕੋਈ ਸਥਿਤੀ ਨਹੀਂ ਹੈ।

ਲੋਕਾਂ ਨੇ ਖੁਦ ਹੀ ਸੁਰੱਖਿਆ ਥਾਵਾਂ ’ਤੇ ਸ਼ਿਫਟ ਕੀਤਾ ਸਮਾਨ

ਦਰਿਆ ਨੇੜਲੇ ਇਲਾਕੇ ’ਚ ਰਹਿਣ ਵਾਲੇ ਲੋਕਾਂ ਨੇ ਕਿਹਾ ਕਿ ਹਰੇਕ ਸਾਲ ਹੀ ਦਰਿਆ ਦਾ ਪਾਣੀ ਉਨ੍ਹਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦਾ ਹੈ। ਉਨ੍ਹਾਂ ਕਿਹਾ ਕਿ ਦਰਿਆ ਦੀ ਧੁੱਸੀ ਦੇ ਪਾਰਲੇ ਪਾਸੇ ਜ਼ਮੀਨਾਂ ’ਚ ਲੱਗੇ ਟਿਊਬਵੈੱਲ ਅਤੇ ਉਨ੍ਹਾਂ ਦੀਆਂ ਹਵੇਲੀਆਂ ’ਚ ਪਿਆ ਸਾਮਾਨ ਅਕਸਰ ਖਰਾਬ ਹੋ ਜਾਂਦਾ ਹੈ ਕਿਉਂਕਿ ਦਰਿਆ ਦਾ ਪਾਣੀ ਬਹੁਤ ਨੁਕਸਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਹੁਣ ਵੀ ਸਮਾਂ ਰਹਿੰਦਿਆਂ ਹੀ ਉਨ੍ਹਾਂ ਨੇ ਆਪਣੇ ਪਸ਼ੂ ਅਤੇ ਹੋਰ ਕੀਮਤੀ ਸਾਮਾਨ ਟਰਾਲੀਆਂ ’ਚ ਲੋਡ ਕਰ ਕੇ ਸੁਰੱਖਿਤ ਥਾਵਾਂ ’ਤੇ ਪਹੁੰਚਾ ਦਿੱਤਾ ਹੈ।

Read More : ਪੰਜਾਬ ਆਪਣੇ ਹਿੱਤਾਂ ਲਈ ਲੜਨਾ ਜਾਣਦੈ : ਮੰਤਰੀ ਈ.ਟੀ.ਓ.

Leave a Reply

Your email address will not be published. Required fields are marked *