‘ਆਪ’ ਨੇ ਕਿਹੜੀਆਂ 50 ਹਜ਼ਾਰ ਨੌਕਰੀਆਂ ਦਿੱਤੀਆਂ, ਵ੍ਹਾਈਟ ਪੇਪਰ ਜਾਰੀ ਕਰਨ : ਬਾਜਵਾ
ਮਾਲੇਰਕੋਟਲਾ, 24 ਅਗਸਤ :-ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਪਿਛਲੇ ਦਿਨੀਂ ਪਿੰਡ ਮਾਣਕਵਾਲ ਵਿਖੇ ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਕੇ ਵਾਪਸ ਆਉਂਦੇ ਸਮੇਂ ਨਹਿਰ ’ਚ ਟੈਂਪੂ ਡਿੱਗਣ ਕਾਰਨ ਮਰੇ ਵਿਅਕਤੀਆਂ ਦੇ ਘਰ ਦੁੱਖ ਸਾਂਝਾ ਕੀਤਾ ਗਿਆ।
ਇਸ ਮੌਕੇ ਮਾਲੇਰਕੋਟਲਾ ਵਿਖੇ ਮਾਲੇਰਕੋਟਲਾ ਹਾਊਸ ’ਚ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਸੂਬਾ ਸਰਕਾਰ ਵੱਲੋਂ ਇਸ ਹਾਦਸੇ ਦੇ ਪੀੜਤ ਵਿਅਕਤੀਆਂ ਦੀ ਸਾਰ ਨਹੀਂ ਲਈ ਗਈ, ਜਦਕਿ ਸੂਬਾ ਸਰਕਾਰ ਸ਼ਰਾਬ ਨਾਲ ਮਰਨ ਵਾਲੇ ਵਿਅਕਤੀਆਂ ਨੂੰ ਮੁਆਵਜ਼ਾ ਤਾਂ ਦੇ ਰਹੀ ਹੈ ਅਤੇ ਇੱਕ ਪਿੰਡ ’ਚ ਇੰਨੀ ਵੱਡੀ ਘਟਨਾ ਹੋ ਜਾਣ ’ਤੇ ਸਰਕਾਰ ਦੇ ਕੰਨ ’ਤੇ ਜੂ ਨਹੀਂ ਸਰਕੀ।
ਉਨ੍ਹਾਂ ਕਿਹਾ ਕਿ ਜ਼ਿਲਾ ਕਾਂਗਰਸ ਵੱਲੋਂ ਇਸ ਮਾਮਲੇ ’ਚ ਡੀ.ਸੀ ਮਾਲੇਰਕੋਟਲਾ ਨੂੰ ਮੰਗ ਪੱਤਰ ਵੀ ਦਿੱਤਾ ਸੀ ਪਰ ਫਿਰ ਵੀ ਸਰਕਾਰ ਨੇ ਕੋਈ ਗੌਰ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਅੱਜ ਅਸੀਂ ਸਰਕਾਰ ਨੂੰ ਜਗਾਉਣ ਆਏ ਹਾਂ ਕਿਉਂਕਿ ਸਰਕਾਰ ਸੂਬੇ ਨੂੰ ਦਿੱਲੀ ਵਾਲਿਆਂ ਦੇ ਹਵਾਲੇ ਕਰਕੇ ਖੁਦ ਸੌਂ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮਾਣਕਵਾਲ ਪੀੜਤਾਂ ਨੂੰ ਮੁਆਵਜ਼ਾ ਨਾ ਦਿੱਤਾ ਤਾਂ ਕਾਂਗਰਸ ਦੀ ਸਰਕਾਰ ਆਉਣ ’ਤੇ ਇਨ੍ਹਾਂ ਨੂੰ ਪਹਿਲ ਦੇ ਅਾਧਾਰ ’ਤੇ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਸਰਕਾਰ ਹਰ ਫਰੰਟ ਤੇ ਫੇਲ ਹੈ।
ਇਸ ਮੌਕੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦਾ ਹੈ ਅਤੇ ਲੋਕ ‘ਆਪ’ ਦੇ ਇਸ ਕਾਰਜਕਲ ਤੋਂ ਅੱਕ ਚੁੱਕੇ ਹਨ। ਉਨ੍ਹਾਂ ਕਿਹਾ ਕਿ 2027 ’ਚ ਟਿਕਟਾਂ ਦੇਣਾ ਹਾਈਕਮਾਨ ਦੇ ਹੱਥ ਹੈ ਅਤੇ ਜ਼ਮੀਨੀ ਪੱਧਰ ਤੇ ਮਜ਼ਬੂਤ ਅਤੇ ਲੋਕਾਂ ਦੇ ਅਨੁਸਾਰ ਹੀ ਟਿਕਟਾਂ ਦਿੱਤੀਆਂ ਜਾਣਗੀਆਂ ਅਤੇ ਕਾਂਗਰਸ ਪਾਰਟੀ ਸਰਕਾਰ ਬਣਾਏਗੀ।
ਇਸ ਮੌਕੇ ਬੋਲਦਿਆਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸੂਬਾ ਸਰਕਾਰ ਹਰ ਫਰੰਟ ’ਤੇ ਨਾਕਾਮ ਹੈ। ਉਨ੍ਹਾਂ ਕਿਹਾ ਕਿ ‘ਆਪ’ ਬੜੇ ਜੋਰ ਨਾਲ ਕਹਿ ਰਹੀ ਹੈ 50 ਹਜ਼ਾਰ ਨੌਕਰੀਆਂ ਦਿੱਤੀਆਂ ਹਨ ਪਰ ਇਹ ਸ਼ਰੇਆਮ ਝੂਠ ਹੈ। ਜੇਕਰ ਇਸ ਗੱਲ ’ਚ ਸੱਚਾਈ ਹੈ ਤਾਂ ਮੇਰਾ ਮੁੱਖ ਮੰਤਰੀ ਦੇ ਖੇਤਰ ਸੰਗਰੂਰ ਮਾਲੇਰਕੋਟਲਾ ’ਚ ਬੈਠ ਕੇ ਚੈਲੰਜ ਹੈ ਕਿ ਸਰਕਾਰ ਵ੍ਹਾਈਟ ਪੇਪਰ ਜਾਰੀ ਕਰੇ ਅਤੇ ਦੱਸੇ ਕਿਹੜੇ ਵਿਭਾਗ ’ਚ ਕਿਹੜੇ ਨੌਜਵਾਨ ਨੂੰ ਨੌਕਰੀ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਇਕਜੁੱਟ ਹੈ ਅਤੇ ਆਉਣ ਵਾਲੇ ਸਮੇਂ ’ਚ ਹੋਰ ਮਜਬੂਤੀ ਦੇ ਨਾਲ ਸੂਬੇ ਦੇ ਲੋਕਾਂ ਨੂੰ ਨਾਲ ਲੈ ਕੇ ਇਨ੍ਹਾਂ ਨੂੰ ਇੱਥੋਂ ਭਜਾ ਕੇ ਰਹੇਗੀ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ, ਨਿਸ਼ਾਤ ਅਖ਼ਤਰ, ਸਮਿਤ ਮਾਨ, ਕਮਲ ਧਾਲੀਵਾਲ, ਸਾਬਕਾ ਬਲਾਕ ਸੰਮਤੀ ਮੈਂਬਰ ਕਮਲਜੀਤ ਸਿੰਘ ਚੱਕ ਸਮੇਤ ਕਈ ਆਗੂ ਹਾਜ਼ਰ ਸਨ।
Read More : ਡੀ.ਐੱਸ.ਜੀ.ਐੱਮ.ਸੀ. ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾਇਆ