ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ
ਨਵੀਂ ਦਿੱਲੀ, 24 ਅਗਸਤ : ਭਾਰਤੀ ਟੈਸਟ ਟੀਮ ਵਿਚ ਬੱਲੇਬਾਜ ਚੇਤੇਸ਼ਵਰ ਪੁਜਾਰਾ ਨੇ ਆਪਣੇ ਕਰੀਅਰ ਨੂੰ ਲੈ ਕੇ ਇਕ ਵੱਡਾ ਫ਼ੈਸਲਾ ਲਿਆ ਹੈ। ਪੁਜਾਰਾ ਨੇ ਐਤਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਐਕਸ ‘ਤੇ ਇਕ ਪੋਸਟ ਲਿਖ ਕੇ ਪੁਜਾਰਾ ਨੇ ਇਹ ਜਾਣਕਾਰੀ ਦਿੱਤੀ।
ਪੁਜਾਰਾ ਨੇ ਭਾਰਤ ਲਈ ਕੁੱਲ 103 ਟੈਸਟ ਮੈਚ ਖੇਡੇ ਹਨ, ਜਿਸ ਵਿਚ ਉਨ੍ਹਾਂ ਨੇ 43.60 ਦੀ ਔਸਤ ਨਾਲ 7195 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ 19 ਸੈਂਕੜੇ ਅਤੇ 35 ਅਰਧ ਸੈਂਕੜੇ ਨਿਕਲੇ। ਉਨ੍ਹਾਂ ਨੇ ਭਾਰਤ ਲਈ ਪੰਜ ਇਕ ਰੋਜ਼ਾ ਮੈਚ ਖੇਡੇ, ਜਿਸ ਵਿਚ ਉਨ੍ਹਾਂ ਨੇ ਸਿਰਫ਼ 51 ਦੌੜਾਂ ਬਣਾਈਆਂ ਹਨ। ਪੁਜਾਰਾ ਨੇ ਸਾਲ 2023 ਵਿਚ ਆਸਟ੍ਰੇਲੀਆ ਵਿਰੁਧ ਟੈਸਟ ਚੈਂਪੀਅਨਸ਼ਿਪ ਦੇ ਫ਼ਾਈਨਲ ਵਿਚ ਓਵਲ ਵਿਚ ਭਾਰਤ ਲਈ ਅਪਣਾ ਆਖ਼ਰੀ ਟੈਸਟ ਮੈਚ ਖੇਡਿਆ ਸੀ।
ਪੁਜਾਰਾ ਨੇ ਇੰਸਟਾਗ੍ਰਾਮ ‘ਤੇ ਪੋਸਟ ਕੀਤਾ ਕਿ ਟੀਮ ਇੰਡੀਆ ਦੀ ਜਰਸੀ ਪਹਿਨਣਾ, ਰਾਸ਼ਟਰੀ ਗੀਤ ਗਾਉਣਾ, ਹਰ ਮੈਚ ਵਿਚ ਅਪਣਾ ਸਰਵੋਤਮ ਦੇਣ ਦੀ ਕੋਸ਼ਿਸ਼ ਕਰਨਾ, ਇਹ ਉਹ ਚੀਜ਼ਾਂ ਹਨ, ਜਿਨ੍ਹਾਂ ਨੂੰ ਉਹ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦਾ।” ਉਨ੍ਹਾਂ ਲਿਖਿਆ ਕਿ ਰਾਜਕੋਟ ਦਾ ਇਕ ਛੋਟਾ ਜਿਹਾ ਮੁੰਡਾ, ਅਪਣੇ ਮਾਪਿਆਂ ਨਾਲ ਮਿਲ ਕੇ, ਸਿਤਾਰਿਆਂ ਤੱਕ ਪਹੁੰਚਣ ਦਾ ਟੀਚਾ ਰੱਖਦਾ ਸੀ ਅਤੇ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਬਣਨ ਦਾ ਸੁਪਨਾ ਦੇਖਦਾ ਸੀ। ਮੈਨੂੰ ਉਦੋਂ ਨਹੀਂ ਸੀ ਪਤਾ ਕਿ ਇਹ ਖੇਡ ਮੈਨੂੰ ਇੰਨਾ ਕੁੱਝ ਦੇਵੇਗੀ -ਅਨਮੋਲ ਮੌਕੇ, ਅਨੁਭਵ, ਤਰਕ, ਪਿਆਰ ਅਤੇ ਸੱਭ ਤੋਂ ਵੱਧ ਅਪਣੇ ਸੂਬੇ ਤੇ ਦੇਸ਼ ਦੀ ਨੁਮਾਇੰਦਗੀ ਕਰਨ ਦਾ ਮੌਕਾ।
ਉਨ੍ਹਾਂ ਲਿਖਿਆ ਕਿ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਮੁਸ਼ਕਲ ਹੈ ਪਰ ਜਿਵੇਂ ਕਿਹਾ ਜਾਂਦਾ ਹੈ, ਹਰ ਚੰਗੀ ਚੀਜ਼ ਦਾ ਅੰਤ ਹੁੰਦਾ ਹੈ। ਪੂਰੀ ਸ਼ੁਕਰਗੁਜ਼ਾਰੀ ਨਾਲ, ਮੈਂ ਭਾਰਤੀ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਦਾ ਐਲਾਨ ਕਰਦਾ ਹਾਂ।
ਪੁਜਾਰਾ ਨੇ ਅਪਣੀ ਪੋਸਟ ਵਿਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਅਤੇ ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, “ਮੈਂ ਬੀ.ਸੀ.ਸੀ.ਆਈ. ਤੇ ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਮੈਨੂੰ ਮੇਰੇ ਕ੍ਰਿਕਟ ਕਰੀਅਰ ਵਿਚ ਮੌਕਾ ਦਿੱਤਾ। ਮੈਂ ਉਨ੍ਹਾਂ ਸਾਰੀਆਂ ਟੀਮਾਂ, ਫ੍ਰੈਂਚਾਇਜ਼ੀਆਂ, ਕਾਉਂਟੀਆਂ ਦਾ ਵੀ ਬਰਾਬਰ ਧੰਨਵਾਦੀ ਹਾਂ ਜਿਨ੍ਹਾਂ ਲਈ ਮੈਂ ਖੇਡਿਆ ਸੀ। ਅਪਣੇ ਸਲਾਹਕਾਰਾਂ, ਕੋਚਾਂ, ਗੁਰੂਆਂ ਤੋਂ ਬਿਨਾਂ, ਮੈਂ ਇੱਥੇ ਨਹੀਂ ਪਹੁੰਚ ਸਕਦਾ ਸੀ। ਉਨ੍ਹਾਂ ਸਾਰਿਆਂ ਦਾ ਧੰਨਵਾਦ।”
Read More : ਮੰਡਿਆਲਾ ਹਾਦਸਾ : ਮ੍ਰਿਤਕਾਂ ਦੀ ਗਿਣਤੀ 3 ਹੋਈ