ਗੈਂਗਸਟਰ ਨੇ ਮੰਗੀ 5 ਕਰੋੜ ਦੀ ਫਿਰੌਤੀ
ਅੰਮ੍ਰਿਤਸਰ, 23 ਅਗਸਤ : ਜੇ. ਐੱਮ. ਡੀ. ਗਰੁੱਪ ਦੇ ਰਾਜਾ ਕਿੰਗ ਨੂੰ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਜੇ. ਐੱਮ. ਡੀ. (ਜੈ ਮਾਤਾ ਦੀ ਗਰੁੱਪ) ਦੇ ਆਉਣ ਵਾਲੇ ਸੀ. ਈ. ਓ. ਦਾ ਰਾਜਾ ਕਿੰਗ ਨੂੰ ਬੀਤੀ ਦਿਨੀਂ ਇਕ ਧਮਕੀ ਭਰਿਆ ਫੋਨ ਆਇਆ ਅਤੇ 5 ਕਰੋੜ ਦੀ ਫਿਰੌਤੀ ਦੇਣ ਲਈ ਕਿਹਾ ਗਿਆ। ਫੋਨ ਕਰਨ ਵਾਲੇ ਗੈਂਗਸਟਰ ਨੇ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ 5 ਕਰੋੜ ਨਾ ਪਹੁੰਚਾਇਆ ਗਿਆ ਤਾਂ ਉਸ ਨੂੰ ਗੋਲੀਆਂ ਨਾਲ ਭੁੰਨ ਦੇਣਗੇ।
ਇਸ ਸਬੰਧੀ ਥਾਣੇ ’ਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ, ਜਿਸ ’ਤੇ ਕਾਰਵਾਈ ਕਰਦੇ ਹੋਏ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਆਦੇਸ਼ਾਂ ਅਨੁਸਾਰ ਰਾਜਾ ਕਿੰਗ ਦੇ ਘਰ ਬਾਹਰ ਭਾਰੀ ਪੁਲਸ ਸਕਿਓਰਿਟੀ ਵੀ ਤਾਇਨਾਤ ਕੀਤੀ ਗਈ ਹੈ। ਦੱਸਣਯੋਗ ਹੈ ਕਿ ਦਾ ਰਾਜਾ ਕਿੰਗ ਉਹ ਸ਼ਖਸ ਹਨ, ਜਿਨ੍ਹਾਂ ਵੱਲੋਂ ਅੰਮ੍ਰਿਤਸਰ ਵਿਖੇ ਪਿਛਲੇ ਕੁਝ ਮਹੀਨਿਆਂ ਤੋਂ ਸ਼ਹਿਰ ਦੇ ਪ੍ਰਸਿੱਧ ਰੈਸਟੋਰੈਂਟ ਅਤੇ ਫਾਈਵ ਸਟਾਰ ਹੋਟਲਾਂ ’ਚ ਜਰੂਰਤਮੰਦਾਂ ਨੂੰ ਲੰਗਰ ਰੂਪੀ ਖਾਣਾ ਖੁਆਇਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਵੱਲੋ ਛੋਟੀਆਂ ਕੰਜਕਾਂ ਨੂੰ ਜਿੱਥੇ ਸੋਨੇ ਦੇ ਸਿੱਕੇ ਦਿੱਤੇ ਜਾਂਦੇ ਹਨ, ਉਥੇ ਹੀ ਲੋੜਵੰਦਾਂ ਦੀ ਵੱਧ ਤੋਂ ਵੱਧ ਸੇਵਾ ਵੀ ਕੀਤੀ ਜਾ ਰਹੀ ਹੈ। ਕਈਆਂ ਦਾ ਕਹਿਣਾ ਹੈ ਕਿ ਜੇਕਰ ਇਸ ਤਰ੍ਹਾਂ ਦੇ ਦਾਨ ਪੁੰਨ ਕਰਨ ਵਾਲੇ ਦਾਨਵੀਰ ਨੂੰ ਗੈਂਗਸਟਰਾਂ ਦੀਆਂ ਧਮਕੀਆਂ ਮਿਲ ਰਹੀਆਂ ਹਨ ਤਾਂ ਸ਼ਹਿਰ ਦੇ ਆਮ ਵਪਾਰੀ ਦਾ ਕੀ ਹਾਲ ਹੋਵੇਗਾ।
Read More : ਚਮੋਲੀ ’ਚ ਅੱਧੀ ਰਾਤ ਨੂੰ ਫਟਿਆ ਬੱਦਲ, ਥਰਾਲੀ ’ਚ ਤਬਾਹੀ