uncle killed

ਖੂਨ ਹੋਇਆ ਪਾਣੀ ; ਨਸ਼ੇੜੀ ਭਤੀਜੇ ਵੱਲੋਂ ਦਿਵਿਆਂਗ ਚਾਚੇ ਦੀ ਹੱਤਿਆ

ਭਵਾਨੀਗੜ੍ਹ, 23 ਅਗਸਤ : ਜ਼ਿਲਾ ਸੰਗਰੂਰ ਦੇ ਕਸਬਾ ਭਵਾਨੀਗੜ੍ਹ ਨੇੜੇ ਪੈਂਦੇ ਪਿੰਡ ਰਾਮਪੁਰਾ ਵਿਚ ਖੂਨ ਦੇ ਰਿਸ਼ਤੇ ਪਾਣੀ ਹੋ ਗਏ ਜਿੱਥੇ ਕਥਿਤ ਨਸ਼ੇੜੀ ਭਤੀਜੇ ਨੇ ਆਪਣੇ ਦਿਵਿਆਂਗ ਚਾਚੇ ਨੂੰ ਸਿਰ ਵਿਚ ਲੋਹੇ ਦੀ ਚੀਜ਼ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।ਮੁਲਜ਼ਮ ਹਥਿਆਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਮੁਲਜ਼ਮ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ।

ਇਸ ਸਬੰਧੀ ਦਰਜ ਮਾਮਲੇ ਅਨੁਸਾਰ ਗੋਬਿੰਦਰ ਸਿੰਘ ਪੁੱਤਰ ਭੂਰਾ ਸਿੰਘ ਨਿਵਾਸੀ ਚੱਠਾ ਨਨਹੇੜਾ ਹਾਲ ਅਬਾਦ ਰਾਮਪੁਰਾ ਨੇ ਪੁਲਸ ਨੂੰ ਆਪਣੇ ਬਿਆਨਾਂ ‘ਚ ਦੱਸਿਆ ਕਿ ਉਹ ਆਪਣੇ ਭਰਾ ਨਾਲ ਪਿੰਡ ਰਾਮਪੁਰਾ ਵਿਖੇ ਪਵਿੱਤਰ ਸਿੰਘ (52) ਪੁੱਤਰ ਜਗਜੀਤ ਸਿੰਘ ਦੇ ਘਰ ਰਹਿ ਰਿਹਾ ਹੈ। ਪਵਿੱਤਰ ਸਿੰਘ ਦੋਵੇਂ ਲੱਤਾਂ ਤੋਂ ਅਪਾਹਜ ਸੀ ਤੇ ਬਾਹਾਂ ਵੀ ਠੀਕ ਤਰ੍ਹਾਂ ਕੰਮ ਨਹੀਂ ਕਰਦੀਆਂ ਸਨ।

ਪਵਿੱਤਰ ਸਿੰਘ ਨੇ ਵਿਆਹ ਨਹੀੰ ਕਰਵਾਇਆ ਸੀ। ਗੋਬਿੰਦਰ ਸਿੰਘ ਨੇ ਦੱਸਿਆ ਕਿ ਪਵਿੱਤਰ ਸਿੰਘ ਨੇ ਉਨ੍ਹਾਂ ਦੋਵੇੰ ਭਰਾਵਾਂ ਨੂੰ ਭਰਾਵਾਂ ਵਾਂਗ ਰੱਖਿਆ ਹੋਇਆ ਸੀ। ਸ਼ਿਕਾਇਤਕਰਤਾ ਅਨੁਸਾਰ ਪਵਿੱਤਰ ਸਿੰਘ ਤੋੰ ਉਸਦੇ ਵੱਡੇ ਭਰਾ ਹਰਕੀਰਤ ਸਿੰਘ ਦਾ ਲੜਕਾ ਮਨਵੀਰ ਸਿੰਘ (30) ਅਕਸਰ ਨਸ਼ੇ ਦੀ ਪੂਰਤੀ ਲਈ ਪੈਸੇ ਲੈਣ ਲਈ ਆਉਂਦਾ ਸੀ ਤੇ ਪੈਸਿਆਂ ਲਈ ਲੜਾਈ ਝਗੜਾ ਕਰਦਾ ਸੀ।

ਗੋਬਿੰਦਰ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਵੀ ਉਕਤ ਮਨਵੀਰ ਆਪਣੇ ਚਾਚੇ ਪਵਿੱਤਰ ਸਿੰਘ ਦੇ ਕਮਰੇ ਵਿਚ ਆਇਆ ਸੀ ਤੇ ਜਦੋਂ ਉਸਨੇ ਕਮਰੇ ਵਿਚੋਂ ਉੱਚੀ ਆਵਾਜ਼ ਸੁਣੀ ਤਾਂ ਉਹ ਕਮਰੇ ਵੱਲ ਭੱਜਿਆ। ਉਸਨੇ ਸ਼ੀਸ਼ੇ ‘ਚੋਂ ਦੇਖਿਆ ਕਿ ਮਨਵੀਰ ਕਿਸੇ ਲੋਹੇ ਦੀ ਚੀਜ਼ ਨਾਲ ਪਵਿੱਤਰ ਸਿੰਘ ਦੇ ਸਿਰ ‘ਤੇ ਵਾਰ ਕਰ ਰਿਹਾ ਸੀ ਜੋ ਮੈਨੂੰ ਆਉਂਦਾ ਦੇਖ ਕੇ ਹਥਿਆਰ ਸਮੇਤ ਮੌਕੇ ਤੋਂ ਭੱਜ ਗਿਆ।

ਗੋਬਿੰਦਰ ਨੇ ਦੱਸਿਆ ਕਿ ਜਦੋਂ ਪਵਿੱਤਰ ਸਿੰਘ ਨੂੰ ਕਮਰੇ ਵਿਚ ਦੇਖਿਆ ਤਾਂ ਉਹ ਖੂਨ ਨਾਲ ਲੱਥਪਥ ਸੀ ਤੇ ਉਸਦੇ ਸਿਰ ਵਿਚੋਂ ਖੂਨ ਵਗ ਰਿਹਾ ਸੀ। ਮੌਕੇ ਤੋਂ ਭੱਜਦੇ ਸਮੇਂ ਮਨਵੀਰ ਪਵਿੱਤਰ ਸਿੰਘ ਦੇ ਸਿਰਹਾਣੇ ਪਏ ਤਿੰਨ-ਚਾਰ ਮੋਬਾਈਲ ਫੋਨ ਤੇ ਕੁਝ ਨਕਦੀ ਵੀ ਲੈ ਗਿਆ। ਬਾਅਦ ’ਚ ਪਵਿੱਤਰ ਸਿੰਘ ਨੂੰ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਲਿਜਾਂਦਾ ਗਿਆ ਜਿੱਥੇ ਸ਼ੁੱਕਰਵਾਰ ਰਾਤ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਉੱਧਰ, ਸ਼ਨੀਵਾਰ ਸਵੇਰੇ ਭਵਾਨੀਗੜ੍ਹ ਥਾਣੇ ਦੇ ਇੰਚਾਰਜ ਅਵਤਾਰ ਸਿੰਘ ਨੇ ਕਿਹਾ ਕਿ ਪੁਲਸ ਨੇ ਮਨਵੀਰ ਸਿੰਘ ਵਿਰੁੱਧ ਕਤਲ ਦੇ ਦੋਸ਼ ਹੇਠ ਮਾਮਲਾ ਦਰਜ ਕਰ ਲਿਆ ਹੈ, ਫਿਲਹਾਲ ਮੁਲਜ਼ਮ ਫਰਾਰ ਹੈ ਜਿਸਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

Read More : ਦਿੱਲੀ ਵਿਚ ਫਿਰ ਮਿਲੀ ਇਕ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ

Leave a Reply

Your email address will not be published. Required fields are marked *