ਚੰਦੂਮਾਜਰਾ ਨੇ ‘ਜਾਗੇਗਾ ਪੰਜਾਬ ਬਚੇਗਾ ਪੰਜਾਬ’ ਦੇ ਨਾਅਰੇ ਲਾ ਕੇ ਸੰਗਤਾਂ ’ਚ ਜੋਸ਼ ਭਰਿਆ
ਲੌਂਗੋਵਾਲ, 20 ਅਗਸਤ : ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 40ਵੀ ਬਰਸੀ ਮੌਕੇ ਪੁਨਰ ਸੁਰਜੀਤ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਜਿਥੇ ਸੰਤ ਲੌਂਗੋਵਾਲ ਦੀ ਕੁਰਬਾਨੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਉਥੇ ਕੇਂਦਰ ਸਰਕਾਰਾਂ ’ਤੇ ਸਿੱਖ ਕੌਮ ਨਾਲ ਧੱਕਾ ਕਰਨ ਦੇ ਦੋਸ਼ ਲਗਾਏ।
ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਕੇਂਦਰ ਦੀ ਕਿਸੇ ਵੀ ਸਰਕਾਰ ਨੇ ਪੰਜਾਬ ਦੇ ਹਿੱਤਾਂ ਦੀ ਪੂਰਤੀ ਨਹੀਂ ਕੀਤੀ ਅਤੇ ਕਾਂਗਰਸ ਸਰਕਾਰ ਵੱਲੋਂ 1984 ’ਚ ਸਿੱਖਾਂ ਨੂੰ ਦਿੱਤੇ ਜ਼ਖਮਾਂ ’ਤੇ ਵੀ ਕਿਸੇ ਨੇ ਮਲ੍ਹਮ ਨਹੀਂ ਲਾਈ। ਉਨ੍ਹਾਂ ਕਿਹਾ ਇਹ ਗੱਲ ਮੈਂ ਸ੍ਰੀ ਅਕਾਲ ਤਖਤ ਸਾਹਿਬ ’ਤੇ ਆਏ ਦੇਸ਼ ਦੇ ਖਜ਼ਾਨਾ ਮੰਤਰੀ ਨੂੰ ਕਹੀ ਸੀ ਪਰ ਉਸ ਨੇ ਜਵਾਬ ਦਿੱਤਾ ਕਿ ਸਾਡੇ ਕੋਲੋਂ ਮਲ੍ਹਮਾ ਨਹੀਂ ਮਨਿਸਟਰੀਆਂ ਮੰਗੀਆਂ ਗਈਆਂ ਸਨ ਜੋ ਅਸੀਂ ਦੇ ਦਿੱਤੀਆਂ ਸਨ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਆਪਣੇ ਆਪ ਨੂੰ ਅਕਾਲੀ ਕਹਾਉਣ ਵਾਲੇ ਮਨਿਸਟਰੀਆਂ ਤਾਂ ਮੰਗਦੇ ਰਹੇ ਪਰ ਦੁੱਖ ਦੀ ਗੱਲ ਹੈ ਇਨ੍ਹਾਂ ਨੇ ਮਲ੍ਹਮ ਨਹੀਂ ਮੰਗੀ। ਜਦੋਂ ਇਹ ਸਰਕਾਰ ’ਚ ਸਨ ਤਾਂ ਉਸ ਵੇਲੇ ਬੰਦੀ ਸਿੰਘਾਂ ਦੀ ਰਿਹਾਈ ਦੀ ਇਨ੍ਹਾਂ ਨੂੰ ਯਾਦ ਨਹੀਂ ਆਈ ਅਤੇ ਹੁਣ ਸਟੇਜਾਂ ’ਤੇ ਗਾਣੇ ਗਾ ਰਹੇ ਹਨ।
ਇਸ ਮੌਕੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸਿਆਸੀ ਵਾਰਿਸ ਐੱਸ.ਜੀ.ਪੀ.ਸੀ. ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਮੰਚ ਤੋਂ ਬੋਲਦੇ ਹੋਏ ਸੁਖਬੀਰ ਬਾਦਲ ਨੂੰ ਅਕਾਲੀ ਦਲ ਕਮਜ਼ੋਰ ਹੋਈ ਸਥਿਤੀ ਲਈ ਜ਼ਿੰਮੇਵਾਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖ ਕੌਮ ਅਜਿਹੇ ਲੋਕਾਂ ਨੂੰ ਕਦੇ ਗਲ ਨਾਲ ਨਹੀਂ ਲਾਉਂਦੀ , ਜਿਹੜੇ ਲੋਕ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਆਕੀ ਹੋ ਗਏ ਹੋਣ।
ਇਸ ਮੌਕੇ ਸਾਬਕਾ ਸੰਸਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅੱਜ ਪੁਨਰ ਸੁਰਜੀਤ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਪੰਜਾਬ ਦੇ ਲੋਕ ਆਸ ਲਗਾਈ ਬੈਠੇ ਹਨ। ਉਨ੍ਹਾਂ ਕਿਹਾ ਕਿ ਅੱਜ ਅਜਿਹੀ ਸੁਹਿਰਦ ਲੀਡਰਸ਼ਿਪ ਦੀ ਲੋੜ ਹੈ, ਜਿਹੜੀ ਮੀਰੀ ਪੀਰੀ ਦੇ ਸਿਧਾਂਤ ’ਤੇ ਪਹਿਰਾ ਦੇ ਸਕੇ।
ਉਨ੍ਹਾਂ ਮਰਹੂਮ ਸਿਆਸਤਦਾਨ ਸੁਖਦੇਵ ਸਿੰਘ ਢੀਂਡਸਾ ਨੂੰ ਯਾਦ ਕਰਦੇ ਕਿਹਾ ਕਿ ਸ. ਢੀਂਡਸਾ ਆਪਣੇ ਜੀਵਨ ਦੇ ਆਖਰੀ ਪਲਾਂ ਮੌਕੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਨਿਘਾਰ ਭਰੀ ਹਾਲਤ ਤੋਂ ਚਿੰਤਤ ਸਨ। ਉਨ੍ਹਾਂ ਕਿਹਾ ਹੁਣ ਪੰਜਾਬੀਆਂ ਤੇ ਕੌਮ ਨੂੰ ਇਕ ਅਜਿਹਾ ਪਲੇਟਫਾਰਮ ਮਿਲ ਗਿਆ ਹੈ ਜੋ ਪੰਜਾਬ ਅਤੇ ਪੰਥ ਦੇ ਹਿੱਤਾਂ ਦੀ ਠੋਕ ਨੇ ਗੱਲ ਕਰੇਗਾ। ਚੰਦੂਮਾਜਰਾ ਨੇ ‘ਜਾਗੇਗਾ ਪੰਜਾਬ ਬਚੇਗਾ ਪੰਜਾਬ’ ਦੇ ਨਾਅਰੇ ਲਾ ਕੇ ਸੰਗਤਾਂ ’ਚ ਜੋਸ਼ ਭਰ ਦਿੱਤਾ।
ਇਸ ਮੌਕੇ ਭਰਤੀ ਕਮੇਟੀ ਦੇ ਮੈਂਬਰ ਐਡਵੋਕੇਟ ਇਕਬਾਲ ਸਿੰਘ ਝੂੰਦਾਂ , ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਅਕਾਲੀ ਆਗੂ ਸੁਰਜੀਤ ਸਿੰਘ ਰੱਖੜਾ, ਜਥੇਦਾਰ ਸੁੱਚਾ ਸਿੰਘ ਛੋਟੇਪੁਰ, ਭਰਤੀ ਕਮੇਟੀ ਮੈਂਬਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ , ਬਰਜਿੰਦਰ ਸਿੰਘ ਮੱਖਣ ਬਰਾੜ ਨੇ ਵੀ ਸੰਬੋਧਨ ਕੀਤਾ।
Read More : ਸਵੇਰੇ-ਸਵੇਰੇ ਈਡੀ ਨੇ ਫਗਵਾੜਾ ਸ਼ੂਗਰ ਮਿੱਲ ‘ਤੇ ਕੀਤੀ ਰੇਡ
