ਕਿਹਾ : ਐਗਜੈਕਟਿਵ ਕਮੇਟੀ ’ਚੋਂ ਖਾਰਜ ਕੀਤੇ ਗਏ 9 ਹੋਰ ਮੈਂਬਰ ਵੀ ਬਹਾਲ ਕਰਵਾਏ ਜਾਣਗੇ
ਅੰਮ੍ਰਿਤਸਰ, 20 ਅਗਸਤ :-ਚੀਫ ਖਾਲਸਾ ਦੀਵਾਨ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕੀਤੇ ਗਏ ਐਡੀਸ਼ਨਲ ਆਨਰੇਰੀ ਸਕੱਤਰ ਤੇ ਜੀ. ਟੀ. ਰੋਡ ਸਕੂਲ ਦੇ ਮੁੱਖ ਦਫਤਰ ਦੇ ਮੈਂਬਰ ਇੰਚਾਰਜ ਸੁਖਜਿੰਦਰ ਸਿੰਘ ਪ੍ਰਿੰਸ ਨੂੰ ਮਾਣਯੋਗ ਅਦਾਲਤ ਨੇ ਸਟੇਅ ਜਾਰੀ ਕਰ ਕੇ ਵੱਡੀ ਰਾਹਤ ਦਿੱਤੀ ਹੈ।
ਇਸ ਸਬੰਧ ’ਚ ਸੁਖਜਿੰਦਰ ਸਿੰਘ ਪ੍ਰਿੰਸ ਨੇ ਕਿਹਾ ਕਿ ਚੀਫ ਖਾਲਸਾ ਦੀਵਾਨ ’ਚ ਕੁਝ ਚਹੇਤੇ ਅਹੁਦੇਦਾਰਾਂ ਨੂੰ ਵੱਡੀ ਗਿਣਤੀ ’ਚ ਅਹੁਦੇ ਦਿੱਤੇ ਜਾਣ ਦੇ ਖਿਲਾਫ ਆਵਾਜ਼ ਚੁੱਕਣ ਕਾਰਨ 12 ਅਗਸਤ 2025 ਨੂੰ ਮੈਨੂੰ ਇਕ ਸਾਜਿਸ਼ ਤਹਿਤ ਦੀਵਾਨ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ ਸੀ ਜਿਸ ਦੌਰਾਨ ਮੇਰਾ ਪੱਖ ਸੁਣਨਾ ਵੀ ਜ਼ਰੂਰੀ ਨਹੀਂ ਸਮਝਿਆ ਗਿਆ।
ਉਨ੍ਹਾਂ ਕਿਹਾ ਕਿ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ ਤੇ ਉਨ੍ਹਾਂ ਦੇ ਸਾਥੀਆਂ ਨੇ ਜਿਨ੍ਹਾਂ ਸ਼ਿਕਾਇਤਾਂ ਨੂੰ ਆਧਾਰ ਬਣਾ ਕੇ ਮੈਨੂੰ ਚੀਫ ਖਾਲਸਾ ਦੀਵਾਨ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕੀਤਾ ਸੀ ਉਨ੍ਹਾਂ ਸ਼ਿਕਾਇਤਾਂ ਦੀ ਕਈ ਵਾਰ ਮੈਂ ਕਾਪੀ ਵੀ ਮੰਗੀ ਤਾਂ ਜੋ ਮੈਂ ਸ਼ਿਕਾਇਤਾਂ ਦਾ ਜਵਾਬ ਦੇ ਸਕਾਂ ਪਰ ਉਕਤ ਸ਼ਿਕਾਇਤਾਂ ਦੀ ਮੈਨੂੰ ਕਦੇ ਕੋਈ ਕਾਪੀ ਵੀ ਮੁਹੱਈਆ ਨਹੀਂ ਕਰਵਾਈ ਗਈ।
ਪ੍ਰਿੰਸ ਨੇ ਕਿਹਾ ਕਿ ਬਦਲਾਖੋਰੀ ਦੀ ਭਾਵਨਾ ਨਾਲ ਮੇਰੇ ਵਿਰੁੱਧ ਕੀਤੀ ਗਈ ਕਾਰਵਾਈ ਦੇ ਮਾਮਲੇ ’ਚ ਇਨਸਾਫ ਹਾਸਲ ਕਰਨ ਲਈ ਅਖੀਰ ਮੈਨੂੰ ਮਾਣਯੋਗ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਿਆ ਜਿਥੋਂ ਮੈਨੂੰ ਚੀਫ ਖਾਲਸਾ ਦੀਵਾਨ ਦੇ ਅਹੁਦਿਆਂ ’ਤੇ ਬਣੇ ਰਹਿਣ ਲਈ ਸਟੇਅ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚੀਫ ਖਾਲਸਾ ਦੀਵਾਨ ਦੀ ਮੈਨੇਜਮੈਂਟ ਵਲੋਂ ਮੇਰੇ ਨਾਲ ਕੀਤੀ ਗਈ ਧੱਕੇਸ਼ਾਹੀ ਦੇ ਮਾਮਲੇ ’ਚ ਇਨਸਾਫ ਲੈਣ ਲਈ ਮੇਰੀ ਇਹ ਲੜਾਈ ਅੱਗੇ ਵੀ ਨਿਰੰਤਰ ਜਾਰੀ ਰਹੇਗੀ।
ਸੁਖਜਿੰਦਰ ਪ੍ਰਿੰਸ ਨੇ ਅਖੀਰ ’ਚ ਕਿਹਾ ਕਿ ਚੀਫ ਖਾਲਸਾ ਦੀਵਾਨ ਦੀ ਐਗਜੈਕਟਿਵ ਕਮੇਟੀ ’ਚੋਂ ਜਿਹੜੇ 9 ਹੋਰ ਮੈਂਬਰ ਖਾਰਜ ਕੀਤੇ ਗਏ ਹਨ। ਉਨ੍ਹਾਂ ਨੂੰ ਵੀ ਮਾਣਯੋਗ ਅਦਾਲਤ ਦਾ ਸਹਾਰਾ ਲੈ ਕੇ ਜਲਦ ਬਹਾਲ ਕਰਵਾਇਆ ਜਾਵੇਗਾ।
Read More : ਆਸਾਮ ਤੋਂ ਨਗਰ ਕੀਰਤਨ ਦੀ ਆਰੰਭਤਾ ਲਈ ਪੰਥਕ ਸ਼ਖਸੀਅਤਾਂ ਦਾ ਜਥਾ ਰਵਾਨਾ
