ਮੁਲਜ਼ਮ ਹਿਰਾਸਤ ਵਿਚ, ਪੁਲਿਸ ਕਰ ਰਹੀ ਪੁੱਛਗਿੱਛ
ਦਿੱਲੀ, 20 ਅਗਸਤ : ਅੱਜ ਸਵੇਰੇ ਮੁੱਖ ਮੰਤਰੀ ਰਿਹਾਇਸ਼ ਵਿਚ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ‘ਤੇ ਹਮਲਾ ਕੀਤਾ ਗਿਆ। ਇਸ ਹਮਲੇ ਦੀ ਪੁਸ਼ਟੀ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਦਫ਼ਤਰ ਨੇ ਇਕ ਬਿਆਨ ਵਿਚ ਅੱਜ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਸਵੇਰੇ ਲਗਭਗ 8:30 ਵਜੇ ਸੀ. ਐੱਮ. ਸਿਵਲ ਲਾਈਨਜ਼ ਰਿਹਾਇਸ਼ ‘ਤੇ ਜਨਤਕ ਸੁਣਵਾਈ ਕਰ ਰਹੀ ਸੀ। ਉਸ ਦੌਰਾਨ ਇਕ ਵਿਅਕਤੀ ਨੇ ਉਨ੍ਹਾਂ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ ਕਿ ਉਹ ਸਫਲ ਹੁੰਦਾ, ਸੁਰੱਖਿਆ ਕਰਮਚਾਰੀਆਂ ਨੇ ਉਸਨੂੰ ਫੜ ਲਿਆ।
ਦਿੱਲੀ ਪੁਲਿਸ ਵੱਲੋਂ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਕੌਣ ਸੀ ਅਤੇ ਕਿਸ ਮਕਸਦ ਨਾਲ ਉਸਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਦਿੱਲੀ ਭਾਜਪਾ ਦੇ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਨੇ ਕਿਹਾ ਕਿ ਇਕ 35 ਸਾਲਾ ਵਿਅਕਤੀ ਜਨਤਕ ਸੁਣਵਾਈ ਵਿਚ ਆਇਆ। ਉਸ ਨੇ ਮੁੱਖ ਮੰਤਰੀ ਨੂੰ ਕੁਝ ਦਸਤਾਵੇਜ਼ ਦਿੱਤੇ। ਇਸ ਤੋਂ ਬਾਅਦ ਕੁਝ ਝਗੜਾ ਹੋਇਆ। ਉਸ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।
ਰੇਖਾ ਗੁਪਤਾ ‘ਤੇ ਹੋਏ ਹਮਲੇ ਦੀ ਕਾਂਗਰਸ ਨੇ ਕੀਤੀ ਨਿਖੇਧੀ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ‘ਤੇ ਹੋਏ ਹਮਲੇ ‘ਤੇ ਦਿੱਲੀ ਕਾਂਗਰਸ ਦੇ ਮੁਖੀ ਦੇਵੇਂਦਰ ਯਾਦਵ ਨੇ ਕਿਹਾ ਕਿ ਇਹ ਘਟਨਾ ਮੰਦਭਾਗੀ ਹੈ। ਅਜਿਹੀਆਂ ਘਟਨਾਵਾਂ ਦੀ ਜਿੰਨੀ ਨਿੰਦਾ ਕੀਤੀ ਜਾਵੇ, ਉਨੀ ਘੱਟ ਹੈ। ਇਸ ਘਟਨਾ ਨੇ ਔਰਤਾਂ ਲਈ ਸੁਰੱਖਿਆ ਪ੍ਰਣਾਲੀ ਦਾ ਪਰਦਾਫਾਸ਼ ਕੀਤਾ ਹੈ। ਜੇਕਰ ਦਿੱਲੀ ਦੀ ਮੁੱਖ ਮੰਤਰੀ ਸੁਰੱਖਿਅਤ ਨਹੀਂ ਹੈ ਤਾਂ ਇੱਕ ਆਮ ਆਦਮੀ ਜਾਂ ਔਰਤ ਕਿਵੇਂ ਸੁਰੱਖਿਅਤ ਰਹਿ ਸਕਦਾ ਹੈ?
ਮੁੱਖ ਮੰਤਰੀ ਤੇ ਹੋਇਆ ਹਮਲਾ ਨਿੰਦਣਯੋਗ : ਆਤਿਸ਼ੀ
ਦਿੱਲੀ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਨੇਤਾ ਅਤੇ ‘ਆਪ’ ਵਿਧਾਇਕ ਆਤਿਸ਼ੀ ਨੇ ਐਕਸ ‘ਤੇ ਲਿਖਿਆ ਕਿ ਰੇਖਾ ਗੁਪਤਾ ‘ਤੇ ਹਮਲਾ ਬਹੁਤ ਨਿੰਦਣਯੋਗ ਹੈ। ਲੋਕਤੰਤਰ ਵਿਚ ਅਸਹਿਮਤੀ ਅਤੇ ਵਿਰੋਧ ਲਈ ਜਗ੍ਹਾ ਹੁੰਦੀ ਹੈ ਪਰ ਹਿੰਸਾ ਲਈ ਕੋਈ ਜਗ੍ਹਾ ਨਹੀਂ ਹੁੰਦੀ। ਉਮੀਦ ਹੈ ਕਿ ਦਿੱਲੀ ਪੁਲਿਸ ਮੁਲਜ਼ਮ ਵਿਰੁੱਧ ਸਖ਼ਤ ਕਾਰਵਾਈ ਕਰੇਗੀ। ਉਮੀਦ ਹੈ ਕਿ ਮੁੱਖ ਮੰਤਰੀ ਪੂਰੀ ਤਰ੍ਹਾਂ ਸੁਰੱਖਿਅਤ ਹਨ।
Read More : ਪੰਜਾਬੀ ਯੂਨੀਵਰਸਿਟੀ ਦੇ ਵੀ. ਸੀ. ਵੱਲੋਂ ਕੁਰੱਪਸ਼ਨ ਖਿਲਾਫ ਐਕਸ਼ਨ