25 ਤੋਲੇ ਸੋਨਾ, 6 ਲੱਖ ਰੁਪਏ ਅਤੇ 2 ਹਜ਼ਾਰ ਅਮਰੀਕੀ ਡਾਲਰ ਲੁੱਟੇ
ਮੇਹਟੀਆਣਾ, 18 ਅਗਸਤ : ਜ਼ਿਲਾ ਹੁਸ਼ਿਆਰਪੁਰ ਵਿਚ ਥਾਣਾ ਮੇਹਟੀਆਣਾ ਅਧੀਨ ਪੈਂਦੇ ਪਿੰਡ ਟੋਡਰਪੁਰ ਦੇ ਇਕ ਘਰ ’ਚ ਤਿੰਨ ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਵੱਲੋਂ ਬੀਤੀ ਰਾਤ ਕੰਧ ਟੱਪ ਕੇ ਅੰਦਰ ਦਾਖਲ ਹੋ ਕੇ ਅਤੇ ਔਰਤ ਨੂੰ ਬੰਦੀ ਬਣਾ ਕੇ ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਨ ਉਪਰੰਤ 25 ਤੋਲੇ ਸੋਨਾ, 6 ਲੱਖ ਦੀ ਭਾਰਤੀ ਕਰੰਸੀ ਅਤੇ 2 ਹਜ਼ਾਰ ਅਮਰੀਕੀ ਡਾਲਰ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ। ਘਟਨਾ ਬੀਤੀ ਰਾਤ 9 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ।
ਲੁੱਟ ਦੀ ਘਟਨਾ ਦੀ ਸ਼ਿਕਾਰ ਪੀੜ੍ਹਤ ਔਰਤ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਹ ਖੁਦ ਅਤੇ ਉਸ ਦਾ ਸਹੁਰਾ ਗੁਰਦੀਪ ਸਿੰਘ ਉਸ ਘਰ ਵਿਚ ਰਹਿ ਰਹੇ ਹਨ। ਬੀਤੀ ਰਾਤ 9 ਵਜੇ ਦੇ ਕਰੀਬ ਜਦੋਂ ਉਹ ਆਪਣੇ ਸਹੁਰੇ ਨੂੰ ਲੌਬੀ ਵਿਚ ਟੈਲੀਵਿਜ਼ਨ ਦੇਖਦਿਆਂ ਨੂੰ ਛੱਡ ਕੇ ਆਪਣੇ ਕਮਰੇ ਵਿਚ ਸੌਣ ਲਈ ਗਈ ਤਾਂ ਘਰ ਦਾ ਮੇਨ ਦਰਵਾਜ਼ਾ ਤੋੜ ਕੇ ਤਿੰਨ ਹਥਿਆਰਬੰਦ ਲੁਟੇਰੇ ਘਰ ਅੰਦਰ ਦਾਖਲ ਹੋਏ। ਉਨ੍ਹਾਂ ਨੇ ਜਸਪ੍ਰੀਤ ਕੌਰ ਦੀ ਬੇਰਹਿਮੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਉਸ ਦੇ ਸਹੁਰੇ ਨੂੰ ਜਦੋਂ ਪਤਾ ਲੱਗਾ ਤਾਂ ਉਹ ਅੱਖ ਬਚਾਅ ਕੇ ਘਰੋਂ ਬਾਹਰ ਨਿਕਲ ਗਿਆ ਅਤੇ ਆਂਢ-ਗੁਆਂਢ ’ਚ ਰੌਲਾ ਪਾ ਕੇ ਇਕੱਠੇ ਕਰਨ ਲੱਗਾ। ਜਦੋਂ ਤੱਕ ਲੋਕ ਇਕੱਠੇ ਹੋਏ ਉਸ ਦੌਰਾਨ ਤਿੰਨੇ ਲੁਟੇਰੇ ਘਰ ਵਿਚ ਅਲਮਾਰੀ ਦੇ ਲਾਕਰ ’ਚ ਪਿਆ ਸੋਨਾ ਤੇ ਨਕਦੀ ਲੈ ਕੇ ਰਫੂ ਚੱਕਰ ਹੋ ਗਏ।
ਘਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਮੁਤਾਬਿਕ ਇਹ ਤਿੰਨੋਂ ਲੁਟੇਰੇ ਘਰ ਦੀ ਚਾਰ ਦੀਵਾਰੀ ਨੂੰ ਟੱਪ ਕੇ ਅੰਦਰ ਦਾਖਲ ਹੋਏ ਅਤੇ ਘਰ ਦੇ ਮੇਨ ਦਰਵਾਜ਼ੇ ਨੂੰ ਲੱਤਾਂ ਮਾਰ ਕੇ ਭੰਨ੍ਹ ਕੇ ਲੁੱਟ ਦੀ ਇਸ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਰਫੂ ਚੱਕਰ ਹੋ ਗਏ। ਸਥਾਨਕ ਪੁਲਸ ਨੇ ਪਹੁੰਚ ਕੇ ਇਸ ਲੁੱਟ ਦੀ ਵਾਰਦਾਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Read More : ਰਾਹੁਲ ਗਾਂਧੀ ਦੀ ਜਗਦੀਸ਼ ਟਾਈਟਲਰ ਨਾਲ ਤਸਵੀਰ ਹੋਈ ਵਾਇਰਲ
