59885 ਕਿਊਸਿਕ ਪਾਣੀ ਬਿਆਸ ਦਰਿਆ ’ਚ ਛੱਡਿਆ
ਹੁਸ਼ਿਆਰਪੁਰ, 17 ਅਗਸਤ : ਜ਼ਿਲਾ ਹੁਸ਼ਿਆਰਪੁਰ ਪੈਂਦੇ ਪੌਂਗ ਡੈਮ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਅਤੇ ਹੁਣ ਇਹ ਖਤਰੇ ਦੇ ਨਿਸ਼ਾਨ ਦੇ ਬਹੁਤ ਨੇੜੇ ਪਹੁੰਚ ਗਿਆ ਹੈ, ਜਿਸ ਕਰ ਕੇ ਬਿਆਸ ਦਰਿਆ ਦੇ ਕਿਨਾਰੇ ਵੱਸਦੇ ਪਿੰਡਾਂ ਦੇ ਲੋਕਾਂ ਵਿਚ ਡਰ ਦਾ ਮਾਹੌਲ ਹੈ। ਪਾਣੀ ਦੇ ਪੱਧਰ ਨੂੰ ਕੰਟਰੋਲ ਕਰਨ ਲਈ ਅੱਜ ਪੌਂਗ ਡੈਮ ਤੋਂ 17620 ਟਰਬਾਈਨਾਂ ਅਤੇ 42265 ਸਪਿਲਵੇ ਗੇਟਾਂ ਰਾਹੀਂ ਕੁੱਲ 59885 ਕਿਊਸਿਕ ਪਾਣੀ ਬਿਆਸ ਦਰਿਆ ’ਚ ਛੱਡਿਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਅੱਜ ਸ਼ਾਮ 6 ਵਜੇ ਪੌਂਗ ਡੈਮ ਝੀਲ ਵਿਚ ਪਾਣੀ ਦੀ ਆਮਦ 1 ਲੱਖ 66 ਹਜ਼ਾਰ 222 ਕਿਊਸਿਕ ਦਰਜ ਕੀਤੀ ਗਈ ਅਤੇ ਡੈਮ ਦਾ ਪਾਣੀ ਪੱਧਰ 1381.10 ਫੁੱਟ ਨੋਟ ਕੀਤਾ ਗਿਆ, ਜੋ ਖਤਰੇ ਦੇ ਨਿਸ਼ਾਨ ਤੋਂ 9 ਫੁੱਟ ਦੂਰ ਹੈ। ਜਾਣਕਾਰੀ ਮੁਤਾਬਕ ਸ਼ਾਹ ਨਹਿਰ ਬੈਰਾਜ ਤੋਂ 48 ਹਜ਼ਾਰ 160 ਕਿਊਸਿਕ ਪਾਣੀ ਬਿਆਸ ਦਰਿਆ ਵਿਚ ਅਤੇ 11500 ਕਿਊਸਿਕ ਪਾਣੀ ਮੁਕੇਰੀਆਂ ਹਾਈਡਲ ਨਹਿਰ ਵਿਚ ਛੱਡਿਆ ਜਾ ਰਿਹਾ ਹੈ, ਜੋ ਪਿਛਲੇ ਦਿਨਾਂ ਨਾਲੋਂ ਵੱਧ ਹੈ।
ਪਿਛਲੇ ਕੁਝ ਦਿਨਾਂ ਤੋਂ ਹਿਮਾਚਲ ਵਿਚ ਹੋ ਰਹੀ ਭਾਰੀ ਬਾਰਿਸ਼ ਕਰ ਕੇ ਡੈਮ ਵਿਚ ਪਾਣੀ ਦੀ ਆਮਦ ਵਧ ਗਈ ਹੈ, ਜਿਸ ਨਾਲ ਕਿਸੇ ਵੀ ਵੇਲੇ ਹੋਰ ਪਾਣੀ ਛੱਡਿਆ ਜਾ ਸਕਦਾ ਹੈ ਅਤੇ ਨੀਵੇਂ ਇਲਾਕਿਆਂ ਵਿਚ ਹੜ੍ਹ ਦਾ ਖਤਰਾ ਹੋਰ ਵੱਧ ਗਿਆ ਹੈ।
ਜ਼ਿਲਾ ਪ੍ਰਸ਼ਾਸਨ ਨੇ ਇਸ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਦਰਿਆ ਦੇ ਕਿਨਾਰੇ ਰਹਿਣ ਵਾਲੇ ਸਭ ਨਿਵਾਸੀਆਂ ਨੂੰ ਤੁਰੰਤ ਸਾਵਧਾਨ ਰਹਿਣ ਅਤੇ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਅਪੀਲ ਕੀਤੀ ਹੈ। ਜੇਕਰ ਬਾਰਿਸ਼ ਦਾ ਸਿਲਸਿਲਾ ਇੰਝ ਹੀ ਜਾਰੀ ਰਿਹਾ, ਤਾਂ ਡੈਮ ਦੇ ਸਪਿਲਵੇ ਗੇਟਾਂ ਨੂੰ ਹੋਰ ਖੋਲ੍ਹਣਾ ਲਾਜ਼ਮੀ ਹੋਵੇਗਾ। ਜਿਸ ਨਾਲ ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਅਚਾਨਕ ਤੇਜ਼ੀ ਨਾਲ ਵਧੇਗਾ।
ਇਸ ਦਾ ਸਿੱਧਾ ਅਸਰ ਉਨ੍ਹਾਂ ਪਿੰਡਾਂ ਅਤੇ ਕਸਬਿਆਂ ’ਤੇ ਪਵੇਗਾ ਜੋ ਦਰਿਆ ਦੇ ਬਹੁਤ ਨੇੜੇ ਸਥਿਤ ਹਨ। ਜ਼ਿਲਾ ਪ੍ਰਸ਼ਾਸਨ ਨੇ ਆਫਤ ਪ੍ਰਬੰਧਨ ਟੀਮਾਂ ਨੂੰ ਹਾਈ ਅਲਰਟ ’ਤੇ ਰੱਖਿਆ ਹੈ ਅਤੇ ਸਭ ਸੰਭਾਵਿਤ ਖਤਰਨਾਕ ਇਲਾਕਿਆਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।