ਨੌਵੀਂ ਕਲਾਸ ’ਚ ਪੜ੍ਹਦਾ ਸੀ ਅਮਰਿੰਦਰ ਸ਼ਰਨ
ਪਟਿਆਲਾ, 14 ਅਗਸਤ : ਸ਼ਹਿਰ ਪਟਿਆਲਾ ਦੇ ਆਨੰਦ ਨਗਰ-ਬੀ ਦੀ ਗਲੀ ਨੰਬਰ -6 ’ਚ 13 ਸਾਲ ਦੇ ਬੱਚੇ ਦਾ ਉਸ ਦੇ ਸਕੇ ਚਾਚੇ ਨੇ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਹ ਘਟਨਾ ਸਵੇਰੇ 7.00 ਵਜੇ ਦੀ ਹੈ, ਜਦੋਂ ਕਿ ਬੱਚਾ ਸਕੂਲ ਜਾਣ ਦੀ ਤਿਆਰੀ ਕਰ ਰਿਹਾ ਸੀ। ਬੱਚੇ ਦੀ ਪਛਾਣ ਅਮਰਿੰਦਰ ਸਿੰਘ ਉਰਫ ਸ਼ਰਨ ਵਜੋਂ ਹੋਈ, ਜੋ ਦੇਹਰਾਦੂਨ ਪਬਲਿਕ ਸਕੂਲ ਪਟਿਆਲਾ ’ਚ ਨੌਵੀਂ ਕਲਾਸ ’ਚ ਪੜ੍ਹਦਾ ਸੀ।
ਸ਼ਰਨ ਦੇ ਕਤਲ ਤੋਂ ਬਾਅਦ ਉਸ ਦਾ ਇਕ ਚਾਚਾ ਜੋਨੀ ਖੂਨ ਨਾਲ ਲਥਪਥ ਕੱਪੜਿਆਂ ਸਮੇਤ ਘਰ ਦੀ ਕੰਧ ਟੱਪ ਕੇ ਫਰਾਰ ਹੋ ਗਿਆ। ਬੱਚੇ ਦੀ ਮਾਂ ਨੇ ਦੂਜੇ ਹੋਰ 2 ਚਾਚਿਆਂ ’ਤੇ ਵੀ ਕਤਲ ਵਿਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ। ਸ਼ਰਨ ਸਿੰਘ ਦਾ ਪਿਤਾ ਅਮਰਪ੍ਰੀਤ ਸਿੰਘ ਸਿਕਿਓਰਿਟੀ ਗਾਰਡ ਦਾ ਕੰਮ ਕਰਦਾ ਹੈ ਤੇ ਮਾਂ ਘਰੇਲੂ ਮਹਿਲਾ ਹੈ।
ਪਰਿਵਾਰ ਦਾ ਇਕੱਲਾ ਪੁੱਤਰ ਸ਼ਰਨ ਸਿੰਘ ਵੀਰਵਾਰ ਨੂੰ ਸਕੂਲ ਜਾਣ ਲਈ ਤਿਆਰ ਹੋ ਰਿਹਾ ਸੀ। ਸਵੇਰੇ ਸਮੇਂ ਸ਼ਰਨ ਸਿੰਘ ਦੀ ਮਾਂ ਗਲੀ ’ਚ ਸੈਰ ਕਰ ਰਹੀ ਸੀ। ਸ਼ਰਨ ਦੇ ਤਿੰਨਾਂ ਚਾਚੇ ਜੋਨੀ, ਮੋਨੂ ਤੇ ਹੈਪੀ ਅਵਿਵਾਹਿਤ ਹਨ ਅਤੇ ਮਾਂ ਦੇ ਦਿਹਾਂਤ ਤੋਂ ਬਾਅਦ ਸਾਰੇ ਇੱਕੋ ਘਰ ’ਚ ਵੱਖ-ਵੱਖ ਕਮਰਿਆਂ ’ਚ ਰਹਿੰਦੇ ਸਨ। ਵੀਰਵਾਰ ਸਵੇਰੇ ਜੋਨੀ ਨੇ ਟ੍ਰੰਕ ’ਚ ਰੱਖੇ ਚਾਕੂ ਨਾਲ ਸ਼ਰਨ ਸਿੰਘ ਦੇ ਪੇਟ ’ਚ ਲਗਾਤਾਰ ਵਾਰ ਕਰਦੇ ਹੋਏ ਉਸ ਦਾ ਕਤਲ ਕਰ ਦਿੱਤਾ ਅਤੇ ਚਾਕੂ ਨੂੰ ਮੌਕੇ ’ਤੇ ਹੀ ਛੱਡ ਕੇ ਭੱਜ ਗਿਆ।
ਮੌਕੇ ’ਤੇ ਹਾਜ਼ਰ ਰਿਸ਼ਤੇਦਾਰਾਂ ਨੇ ਦੱਸਿਆ ਕਿ ਘਰ ਵਿਚ ਕਿਸੇ ਤਰ੍ਹਾਂ ਦਾ ਕੋਈ ਕਲੇਸ਼ ਨਹੀਂ ਸੀ ਅਤੇ ਨਾ ਹੀ ਕੋਈ ਜ਼ਮੀਨੀ ਵਿਵਾਦ ਸੀ, ਸਿਰਫ ਇਹ ਘਰ ਹੀ ਹੈ। ਸ਼ਰਨ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ।
ਇਸ ਸਬੰਧੀ ਥਾਣਾ ਤ੍ਰਿਪੜੀ ਦੇ ਐੱਸ. ਐੱਚ. ਓ. ਇੰਸ. ਸੁਖਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਮਾਮਲੇ ਵਿਚ ਜੋਨੀ ਦੇ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ, ਜਿਹੜਾ ਕਿ ਡਲਿਵਰੀ ਦਾ ਕੰਮ ਕਰਦਾ ਦੱਸਿਆ ਜਾਂਦਾ ਹੈ, ਜਿਸ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਜਾਂਚ ਤੋਂ ਬਾਅਦ ਜੇਕਰ ਕਿਸੇ ਹੋਰ ਦੀ ਸ਼ਮੂਲੀਅਤ ਪਾਈ ਗਈ ਤਾਂ ਉਸ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।