ਪਾਰਟੀ ਦਾ ਨਾਂ ਵਰਤਿਆ ਤਾਂ ਕਰਾਂਗੇ ਜਾਲਸਾਜ਼ੀ ਦਾ ਕੇਸ
ਚੰਡੀਗੜ੍ਹ, 13 ਅਗਸਤ : ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਨਵੇਂ ਬਣੇ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਂ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਜਾਲਸਾਜ਼ੀ ’ਚ ਕੇਸ ਦਰਜ ਕਰਵਾਇਆ ਜਾਵੇਗਾ।
ਅਕਾਲੀ ਦਲ ਨੇ ਨਵੀਂ ਬਣਨ ਵਾਲੀ ਪਾਰਟੀ ਨੂੰ ‘ਵੱਖਰਾ ਚੁੱਲ੍ਹਾ ਪਾਰਟੀ’ ਨਾਂ ਦਿੱਤਾ ਹੈ। ਓਧਰ, ਨਵੇਂ ਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਕੇਸ ਦਰਜ ਕਰਵਾਉਣ ਦਾ ਸਵਾਗਤ ਹੈ। ਜਦੋਂ ਸਾਨੂੰ ਨੋਟਿਸ ਮਿਲੇਗਾ, ਅਸੀਂ ਇਸ ਦਾ ਬਾਕਾਇਦਾ ਜਵਾਬ ਦੇਵਾਂਗੇ।
ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 1996 ਦੇ ਨੋਟੀਫਿਕੇਸ਼ਨ ਮੁਤਾਬਕ ਚੋਣ ਕਮਿਸ਼ਨ ਕੋਲ ਰਜਿਸਟਰਡ ਤੇ ਮਾਨਤਾ ਪ੍ਰਾਪਤ ਪਾਰਟੀ ਹੈ। ਅਕਾਲੀ ਦਲ ਦੇ ਸਾਰੇ ਮੈਂਬਰਾਂ ਨੇ 10 ਰੁਪਏ ਦੀ ਫੀਸ ਜਮ੍ਹਾਂ ਕਰਵਾ ਕੇ ਪਾਰਟੀ ਦੀ ਮੈਂਬਰਿਸ਼ਪ ਲਈ ਹੈ, ਜਿਹੜੀ ਪੰਜ ਸਾਲ ਲਈ ਹੈ। ਵੱਖਰੇ ਧੜੇ ਨੇ ਸੰਵਿਧਾਨ ਮੁਤਾਬਕ ਭਰਤੀ ਵੀ ਨਹੀਂ ਕੀਤੀ, ਜਿਸ ਮੁਤਾਬਕ ਹਰ ਮੈਂਬਰ ਲਈ 10 ਰੁਪਏ ਫੀਸ ਭਰਨੀ ਲਾਜ਼ਮੀ ਹੈ। ਇਸ ਲਈ ਉਨ੍ਹਾਂ ਨੂੰ ਆਪਣੀ ਪਾਰਟੀ ਦੀ ਬੈਠਕ ਨੂੰ ਅਕਾਲੀ ਦਲ ਦਾ ਇਜਲਾਸ ਕਹਿਣ ਦਾ ਕੋਈ ਅਧਿਕਾਰ ਨਹੀਂ।
ਡਾ. ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ 100 ਫੀਸਦੀ ਡੈਲੀਗੇਟ ਪਾਰਟੀ ਦੇ ਨਾਲ ਹਨ ਤੇ ਇਕ ਵੀ ਮੈਂਬਰ ਵੱਖਰੇ ਗਰੁੱਪ ਨਾਲ ਨਹੀਂ ਹੈ, ਜਦਕਿ ਇਹ ਧੜਾ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਦੀ ਦੁਰਵਰਤੋਂ ਕਰ ਰਿਹਾ ਹੈ। ਚੀਮਾ ਨੇ ਵੱਖਰੇ ਧੜੇ ਦੀ ਕਾਰਵਾਈ ਨੂੰ ਗ਼ੈਰ-ਕਾਨੂੰਨੀ, ਗ਼ੈਰ-ਸੰਵਿਧਾਨਕ ਤੇ ਗ਼ੈਰ ਇਖ਼ਲਾਕੀ ਕਰਾਰ ਦਿੰਦਿਆਂ ਕਿਹਾ ਕਿ ਅਕਾਲੀ ਦਲ ਇਸ ਮਾਮਲੇ ’ਚ ਫ਼ੌਜਦਾਰੀ ਸ਼ਿਕਾਇਤ ਕਰਨ ਵਾਸਤੇ ਕਾਨੂੰਨੀ ਮਾਹਰਾਂ ਨਾਲ ਰਾਇ-ਮਸ਼ਵਰਾ ਕਰ ਰਿਹਾ ਹੈ।
ਚੀਮਾ ਨੇ ਗਿਆਨੀ ਹਰਪ੍ਰੀਤ ਸਿੰਘ ’ਤੇ 2 ਦਸੰਬਰ 2024 ਨੂੰ ਜਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰਨ ਦਾ ਵੀ ਦੋਸ਼ ਲਗਾਇਆ ਜਿਸ ’ਚ ਕਿਹਾ ਗਿਆ ਸੀ ਕਿ ਵੱਖਰੇ ਸਮੂਹ ਨੂੰ ਆਪਣੀ ਦੁਕਾਨ ਬੰਦ ਕਰ ਦੇਣੀ ਚਾਹੀਦੀ ਹੈ ਤੇ ਪੰਥਕ ਹਿੱਤ ’ਚ ਸ਼੍ਰੋਮਣੀ ਅਕਾਲੀ ਦਲ ’ਚ ਰਲੇਵਾਂ ਕਰਨ ਲੈਣਾ ਚਾਹੀਦਾ ਹੈ।
ਚੀਮਾ ਨੇ ਸਰਕਾਰ ਨੂੰ ਲੈਂਡ ਪੂਲਿੰਗ ਪਾਲਸੀ ਵਾਪਸ ਲੈਣ ਲਈ ਮਜਬੂਰ ਕਰਨ ਲਈ ਸੰਘਰਸ਼ ਵਿਚ ਯੋਗਦਾਨ ਪਾਉਣ ਵਾਲਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ 31 ਅਗਸਤ ਨੂੰ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸ਼ੁਕਰਾਨਾ ਸਮਾਗਮ ਕੀਤਾ ਜਾਵੇਗਾ।
ਨਵੇਂ ਧੜੇ ਨੇ ਅਗਲੀ ਰਣਨੀਤੀ ਤੈਅ ਕਰਨ ਲਈ 14 ਅਗਸਤ ਨੂੰ ਸੱਦੀ ਬੈਠਕ
ਓਧਰ ਨਵੀਂ ਪਾਰਟੀ ਦੇ ਆਗੂ ਚਰਨਜੀਤ ਸਿੰਘ ਬਰਾੜ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਨਾਂ ਦੇ ਮੁੱਦੇ ’ਤੇ ਕੇਸ ਦਰਜ ਕਰਵਾਉਂਦਾ ਹੈ ਤਾਂ ਅਸੀਂ ਉਸ ਦਾ ਸਵਾਗਤ ਕਰਦੇ ਹਾਂ। ਜਦੋਂ ਇਸ ਬਾਰੇ ਸਾਨੂੰ ਕੋਈ ਨੋਟਿਸ ਮਿਲੇਗਾ ਤਾਂ ਉਸ ਦਾ ਬਾਕਾਇਦਾ ਜਵਾਬ ਦੇਵਾਂਗੇ। ਪਾਰਟੀ ਦੇ ਚੋਣ ਨਿਸ਼ਾਨ ਤੱਕੜੀ ਤੇ ਦਫ਼ਤਰ ਆਦਿ ਬਾਰੇ ਬਰਾੜ ਨੇ ਕਿਹਾ ਕਿ ਅਜੇ ਸਾਨੂੰ ਕਾਹਲੀ ਨਹੀਂ। ਨਵੇਂ ਧੜੇ ਨੇ ਅਗਲੀ ਰਣਨੀਤੀ ਤੈਅ ਕਰਨ ਲਈ 14 ਅਗਸਤ ਨੂੰ ਬੈਠਕ ਸੱਦੀ ਹੈ।
ਹੁਣ ਪੰਥ ਦੋਫਾੜ ਕਰ ਦਿੱਤਾ : ਧਾਮੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜਦੋਂ ਭਰਤੀ ਕਮੇਟੀ ਬਣੀ ਸੀ ਉਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਸ ਦੇ ਚੇਅਰਮੈਨ ਸਨ ਤੇ ਉਨ੍ਹਾਂ ਦੀ ਮਨਸ਼ਾ ਉਸੇ ਸਮੇਂ ਪ੍ਰਧਾਨ ਬਣਨ ਦੀ ਸੀ। ਇਹ ਸਾਰਾ ਪਹਿਲਾਂ ਤੋਂ ਤੈਅ ਸੀ ਤੇ ਹੁਣ ਉਨ੍ਹਾਂ ਦੀ ਮਨਸ਼ਾ ਪੂਰੀ ਹੋ ਗਈ ਹੈ। ਪੰਥ ’ਚ ਝਗੜਾ ਨਾ ਹੋਵੇ, ਇਸ ਲਈ ਮੈਂ ਉਸ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕੀਤੀ ਪਰ ਹੁਣ ਪੰਥ ਦੋਫਾੜ ਕਰ ਦਿੱਤਾ ਗਿਆ ਹੈ।
Read More : ਮੁੱਖ ਮੰਤਰੀ ਮਾਨ ਨੇ ਸ਼੍ਰੀ ਕਾਲੀ ਮਾਤਾ ਮੰਦਰ ਵਿਚ ਟੇਕਿਆ ਮੱਥਾ
