ਇਕ ਦੀ ਮੌਤ, ਦੂਜਾ ਗੰਭੀਰ ਜ਼ਖਮੀ, ਦੋਵੇਂ ਡੈਮ ’ਤੇ ਗਏ ਸੀ ਘੁੰਮਣ
ਗੜ੍ਹਦੀਵਾਲਾ, 11 ਅਗਸਤ :-ਬੀਤੀ ਰਾਤ ਕੰਢੀ ਖੇਤਰ ਦੇ ਪਿੰਡ ਥਾਨਾ ਵਿਖੇ ਡੈਮ ’ਤੇ ਘੁੰਮਣ ਗਏ ਨੌਜਵਾਨਾਂ ਦਾ ਮੋਟਰਸਾਈਕਲ ਸਲਿੱਪ ਹੋਣ ਕਰ ਕੇ ਕਰੀਬ 20-25 ਫੁੱਟ ਡੂੰਘੀ ਖਾਈ ਵਿਚ ਡਿੱਗ ਪਿਆ। ਜਿਸ ਕਾਰਨ ਗੰਭੀਰ ਸੱਟਾਂ ਲੱਗਣ ਨਾਲ ਇਕ ਦੀ ਮੌਤ ਤੇ ਇਕ ਦੀ ਲੱਤ ਟੁੱਟਣ ਕਰ ਕੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਸੁਖਪਾਲ ਰਾਏ ਪੁੱਤਰ ਸਤਨਾਮ ਵਾਸੀ ਪਿੰਡ ਬਡਾਲਾ ਮਾਹੀ, ਚੌਕੀ ਸ਼ਾਮਚੁਰਾਸੀ ਥਾਣਾ ਬੁੱਲੋਵਾਲ੍ਹ, ਨੀਰਜ ਕੁਮਾਰ ਪੁੱਤਰ ਉਮ ਪ੍ਰਕਾਸ਼ ਵਾਸੀ ਬੂਟਾ ਮੰਡੀ ਜਲੰਧਰ ਆਪਣੇ ਸਪਲੈਂਡਰ ਮੋਟਰਸਾਈਕਲ ਨੰਬਰ ਪੀ.ਬੀ. 08 ਡੀ.ਬੀ. 8163 ਅਤੇ ਨਰਿੰਦਰ ਸਿੰਘ ਪੁੱਤਰ ਦਲੇਲ ਸਿੰਘ ਵਾਸੀ ਆਲੋਵਾਲ ਥਾਣਾ ਬੁੱਲ੍ਹੋਵਾਲ, ਗੁਰਦੀਪ ਸਿੰਘ ਪੁੱਤਰ ਦੇਵਨਾਥ ਵਾਸੀ ਆਲੋਵਾਲ ਥਾਣਾ ਬੁੱਲੋਵਾਲ੍ਹ, ਦੀਪੂ ਪੁੱਤਰ ਸੋਹਣ ਲਾਲ ਵਾਸੀ ਮੱਛਰੀਵਾਲ ਥਾਣਾ ਬੁੱਲੋਵਾਲ੍ਹ ਆਦਿ ਨੌਜਵਾਨ ਆਪਣੇ ਮੋਟਰਸਾਈਕਲ ਪਲਸਰ ਨੰਬਰ-ਪੀ.ਬੀ. 07-ਬੀ.ਯੂ. 1746 ’ਤੇ ਸਵਾਰ ਹੋ ਕੇ ਬੀਤੇ ਦਿਨ ਸ਼ਾਮ ਨੂੰ ਡੈਮ ’ਤੇ ਘੁੰਮਣ ਫਿਰਨ ਲਈ ਗਏ ਸਨ।
ਜਦੋਂ ਬੀਤੀ ਦੇਰ ਸ਼ਾਮ ਸੁਖਪਾਲ ਰਾਏ ਪੁੱਤਰ ਸਤਨਾਮ ਵਾਸੀ ਪਿੰਡ ਬਡਾਲਾ ਮਾਹੀ ਤੇ ਨੀਰਜ ਵਾਸੀ ਬੂਟਾ ਮੰਡੀ ਜਲੰਧਰ ਦੋਵੇਂ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਵਾਪਸ ਪਰਤ ਰਹੇ ਸਨ। ਡੈਮ ਨੇੜੇ ਪੈਂਦੇ ਕੋਹਣੀ ਮੋੜ ’ਤੇ ਅਚਾਨਕ ਮੋਟਰਸਾਈਕਲ ਸਲਿੱਪ ਹੋਣ ਕਾਰਨ ਨੇੜੇ ਪੈਂਦੀ ਕਰੀਬ 20-25 ਫੁੱਟ ਡੂੰਘੀ ਖਾਈ ਵਿਚ ਡਿੱਗ ਪਿਆ। ਇਸ ਦੌਰਾਨ ਬਾਕੀ ਤਿੰਨੋਂ ਨੌਜਵਾਨਾਂ ਨੇ ਅੱਗੇ ਆਕੇ ਉਡੀਕ ਕਰਨੀ ਸ਼ੁਰੂ ਕੀਤੀ ਤੇ ਕਾਫੀ ਦੇਰ ਤੱਕ ਨਾ ਆਉਣ ’ਤੇ ਪਿੱਛੇ ਆਕੇ ਵੇਖਿਆ ਤਾਂ ਦੋਵੇਂ ਮੋਟਰਸਾਈਕਲ ਸਵਾਰ ਡੂੰਘੀ ਖਾਈ ਵਿਚ ਡਿੱਗੇ ਪਏ ਸਨ।
ਨੌਜਵਾਨਾਂ ਵੱਲੋਂ ਰੌਲਾ ਪਾਉਣ ’ਤੇ ਨੇੜਲੇ ਪਿੰਡ ਦੇ ਲੋਕਾਂ ਵੱਲੋਂ ਉੱਕਤ ਨੌਜਵਾਨਾਂ ਨੂੰ ਡੂੰਘੀ ਖਾਈ ਵਿਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਗਈ। ਇਸੇ ਦੌਰਾਨ ਗੜ੍ਹਦੀਵਾਲਾ ਪੁਲਸ ਨੂੰ ਸੂਚਨਾ ਮਿਲਦੇ ਹੀ ਥਾਣਾ ਮੁਖੀ ਪਰਵਿੰਦਰ ਸਿੰਘ ਧੂਤ ਫੋਰਸ ਸਮੇਤ ਮੌਕੇ ’ਤੇ ਪੁੱਜੇ। ਜਿਨ੍ਹਾਂ ਸਥਾਨਕ ਲੋਕਾਂ ਦੀ ਸਹਾਇਤਾ ਨਾਲ ਨੌਜਵਾਨਾਂ ਨੂੰ ਉੱਕਤ ਡੂੰਘੀ ਖਾਈ ਵਿਚੋਂ ਬਾਹਰ ਕੱਢਕੇ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਇਲਾਜ ਲਈ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਸੁਖਪਾਲ ਰਾਏ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜਦਕਿ ਨੀਰਜ ਵਾਸੀ ਬੂਟਾ ਮੰਡੀ ਜਲੰਧਰ ਲੱਤ ਫ੍ਰੈਕਚਰ ਹੋਣ ਨਾਲ ਗੰਭੀਰ ਜ਼ਖਮੀ ਸੀ।
ਗੜ੍ਹਦੀਵਾਲਾ ਪੁਲਸ ਵੱਲੋਂ ਮ੍ਰਿਤਕ ਸੁਖਪਾਲ ਰਾਏ ਦੀ ਲਾਸ਼ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ। ਇਸ ਮੌਕੇ ਥਾਣਾ ਮੁਖੀ ਪਰਵਿੰਦਰ ਸਿੰਘ ਧੂਤ ਨੇ ਦੱਸਿਆ ਕਿ ਪੁਲਸ ਵੱਲੋਂ ਉੱਕਤ ਹਾਦਸੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜਿਹੜੇ ਵੀ ਤੱਥ ਸਾਹਮਣੇ ਆਉਣਗੇ, ਉਸਦੇ ਹਿਸਾਬ ਨਾਲ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
Read More : ਮੁੱਖ ਮੰਤਰੀ ਭਗਵੰਤ ਮਾਨ ਦੀ ਸੁਖਬੀਰ ਬਾਦਲ ਨੂੰ ਚੁਣੌਤੀ