ਘਰ ਦੇ ਬਾਹਰ ਖੜ੍ਹੀ ਕਾਰ ਨੂੰ ਬਣਾਇਆ ਨਿਸ਼ਾਨਾ
ਹੁਸ਼ਿਆਰਪੁਰ, 10 ਅਗਸਤ : ਬੀਤੀ ਰਾਤ ਕੁਝ ਅਣਪਛਾਤੇ ਲੋਕਾਂ ਨੇ ਆਮ ਆਦਮੀ ਪਾਰਟੀ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ਮੁਹਿੰਮ ਲਈ ਹੁਸ਼ਿਆਰਪੁਰ ਵਿਧਾਨ ਸਭਾ ਲਈ ਨਿਯੁਕਤ ਕੋਆਰਡੀਨੇਟਰ ਕੰਚਨ ਦਿਓਲ ਦੇ ਘਰ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਅੰਦਰ ਕੋਈ ਗੱਲ ਨਹੀਂ ਬਣੀ ਤਾਂ ਉਨ੍ਹਾਂ ਨੇ ਘਰ ਦੇ ਬਾਹਰ ਖੜ੍ਹੀ ਇਕ ਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸਦੀ ਭੰਨਤੋੜ ਕੀਤੀ।
ਜਾਣਕਾਰੀ ਦਿੰਦੇ ਹੋਏ ਕੰਚਨ ਦਿਓਲ ਨੇ ਦੱਸਿਆ ਕਿ ਉਹ ਬੀਤੀ ਰਾਤ ਚੰਡੀਗੜ੍ਹ ਗਈ ਹੋਈ ਸੀ। ਉਨ੍ਹਾਂ ਕੋਲ 2 ਕਾਰਾਂ ਹਨ। ਉਹ ਇਕ ਕਾਰ ਨਾਲ ਲੈ ਗਈ ਸੀ ਅਤੇ ਦੂਜੀ ਅੰਦਰ ਖੜ੍ਹੀ ਸੀ। ਉਨ੍ਹਾਂ ਦੇ ਗੁਆਂਢੀਆਂ ਦਾ ਉਸਨੂੰ ਫੋਨ ਆਇਆ ਕਿ 2 ਨੌਜਵਾਨ ਉਨ੍ਹਾਂ ਦੇ ਘਰ ਦੀ ਕੰਧ ਟੱਪ ਰਹੇ ਹਨ। ਉਨ੍ਹਾਂ ਨੇ ਉਨ੍ਹਾਂ ਨੂੰ ਰੋਕਿਆ ਅਤੇ ਦੱਸਿਆ ਕਿ ਉੱਪਰ ਕੈਮਰੇ ਲੱਗੇ ਹੋਏ ਹਨ। ਇਸ ’ਤੇ ਨੌਜਵਾਨ ਹੇਠਾਂ ਆ ਗਏ ਅਤੇ ਬਾਹਰ ਖੜ੍ਹੀ ਇਕ ਕਾਰ ਨੂੰ ਉਸਦੀ ਸਮਝ ਕੇ ਉਸਦਾ ਪਿਛਲਾ ਸ਼ੀਸ਼ਾ ਤੋੜ ਦਿੱਤਾ ਅਤੇ ਕਾਰ ਦੀ ਭੰਨਤੋੜ ਕੀਤੀ। ਉਸਨੇ ਦੱਸਿਆ ਕਿ ਉਸਦੇ ਗੁਆਂਢੀਆਂ ਨੇ ਕੁਝ ਦਿਨ ਪਹਿਲਾਂ ਹੀ ਨਵੀਂ ਕਾਰ ਲਈ ਸੀ।
ਕੰਚਨ ਦਿਓਲ ਨੇ ਦੱਸਿਆ ਕਿ ਅਜਿਹਾ ਲੱਗਦਾ ਹੈ ਕਿ ਕੁਝ ਗੈਰ-ਸਮਾਜੀ ਅਨਸਰ ਉਸਨੂੰ ਉਸਦੇ ਰਸਤੇ ਤੋਂ ਹਟਾਉਣਾ ਚਾਹੁੰਦੇ ਹਨ। ਕਿਉਂਕਿ ਜੇ ਉਹ ਚੋਰੀ ਕਰਨ ਆਏ ਹੁੰਦੇ ਤਾਂ ਉਹ ਅੰਦਰੋਂ ਕੁਝ ਸਾਮਾਨ ਜ਼ਰੂਰ ਲੈ ਕੇ ਜਾਂਦੇ। ਅਜਿਹਾ ਲੱਗਦਾ ਹੈ ਕਿ ਉਹ ਸਿਰਫ ਉਸਨੂੰ ਧਮਕਾਉਣ ਲਈ ਹੀ ਆਏ ਹਨ। ਉਨ੍ਹਾਂ ਨੇ ਦੱਸਿਆ ਕਿ ਉਸ ਕੋਲ ਕੋਈ ਸੁਰੱਖਿਆ ਨਹੀਂ ਹੈ। ਇਹ ਉਸਦੀ ਆਪਣੀ ਹਿੰਮਤ ਅਤੇ ਜਜ਼ਬਾਤ ਹਨ, ਜਿਸਦੇ ਬਲ ’ਤੇ ਉਹ ਲੋਕਾਂ ਨੂੰ ਨਸ਼ਾ ਕਰਨ ਤੋਂ ਰੋਕ ਰਹੀ ਹੈ।
ਉਨ੍ਹਾਂ ਨੇ ਦੱਸਿਆ ਕਿ ਜਦੋਂ ਵੀ ਉਹ ਕਿਸੇ ਵੀ ਮੁਹਿੰਮ ’ਤੇ ਜਾਂਦੀ ਹੈ ਤਾਂ ਕਿਸੇ ਖਾਸ ਵਿਅਕਤੀ ਖਿਲਾਫ ਨਹੀਂ ਬਲਕਿ ਨਸ਼ੇ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਗੱਲ ਕਰਦੀ ਹੈ। ਪੰਜਾਬ ਸਰਕਾਰ ਨਸ਼ਿਆਂ ਨੂੰ ਖਤਮ ਕਰਨ ਲਈ ਦ੍ਰਿੜ ਹੈ ਅਤੇ ਅਜਿਹੀਆਂ ਘਟਨਾਵਾਂ ਉਸਦਾ ਰਸਤਾ ਨਹੀਂ ਰੋਕ ਸਕਦੀਆਂ। ਉਨ੍ਹਾਂ ਨੇ ਦੱਸਿਆ ਕਿ ਪੁਲਸ ਪ੍ਰਸ਼ਾਸਨ ਨੂੰ ਸੀ.ਸੀ.ਟੀ.ਵੀ. ਫੁੱਟੇਜ ਉਪਲੱਬਧ ਕਰਵਾ ਦਿੱਤੀ ਗਈ ਹੈ ਅਤੇ ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਜਿਨ੍ਹਾਂ ਲੋਕਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ, ਉਨ੍ਹਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ।
ਮੌਕੇ ’ਤੇ ਮੌਜੂਦ ਗੁਆਂਢੀਆਂ ਨੇ ਦੱਸਿਆ ਕਿ ਅਜਿਹਾ ਲੱਗਦਾ ਹੈ ਕਿ ਕੁਝ ਲੋਕਾਂ ਨੂੰ ਕੰਚਨ ਦਿਓਲ ਦੁਆਰਾ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਸਫਲਤਾ ਹਜ਼ਮ ਨਹੀਂ ਹੋ ਰਹੀ ਹੈ। ਇਸ ਲਈ ਉਹ ਉਨ੍ਹਾਂ ਨੂੰ ਧਮਕਾ ਕੇ ਰੋਕਣਾ ਚਾਹੁੰਦੇ ਹਨ।
Read More : ਪੰਜਾਬ ਹਰ ਖੇਤਰ ਵਿਚ ਬੇਮਿਸਾਲ ਵਿਕਾਸ ਦੇਖ ਰਿਹੈ : ਮੁੱਖ ਮੰਤਰੀ