ਭਾਜਪਾ ਤੇ ਚੋਣ ਕਮਿਸ਼ਨ ਦੀ ਦੱਸੀ ਮਿਲੀਭੁਗਤ
ਨਵੀਂ ਦਿੱਲੀ, 7 ਅਗਸਤ : ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਰਨਾਟਕ ਦੇ ਇਕ ਵਿਧਾਨ ਸਭਾ ਹਲਕੇ ਦਾ ਹਵਾਲਾ ਦਿੱਤਾ ਅਤੇ ਦੋਸ਼ ਲਗਾਇਆ ਕਿ ਵੋਟਰ ਸੂਚੀ ’ਚ ਵੱਡੇ ਪੱਧਰ ’ਤੇ ਧਾਂਦਲੀ ਦਾ ਫਾਇਦਾ ਭਾਜਪਾ ਨੂੰ ਹੋਇਆ। ਉਨ੍ਹਾਂ ਨੇ ਕਰਨਾਟਕ ਦੇ ਮਹਾਦੇਵਪੁਰਾ ਵਿਧਾਨ ਸਭਾ ਹਲਕੇ ਦੀ ਵੋਟਰ ਸੂਚੀ ਦਾ ਡਾਟਾ ‘ਵੋਟ ਚੋਰੀ’ ਸਿਰਲੇਖ ਹੇਠ ਪੇਸ਼ ਕਰ ਕੇ ਧਾਂਦਲੀ ਦਾ ਦਾਅਵਾ ਕੀਤਾ।
ਰਾਹੁਲ ਗਾਂਧੀ ਨੂੰ ਚੋਣ ਧਾਂਦਲੀ ਦੇ ਸਬੂਤ ਇਕੱਠੇ ਕਰਨ ਲਈ ਕੁੱਲ 6 ਮਹੀਨੇ ਲੱਗ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਚੋਣ ਕਮਿਸ਼ਨ ਵੋਟਰ ਸੂਚੀਆਂ ਦਾ ‘ਮਸ਼ੀਨ ਰੀਡੇਬਲ’ ਡਾਟਾ ਪ੍ਰਦਾਨ ਨਹੀਂ ਕਰ ਰਿਹਾ ਹੈ ਤਾਂ ਜੋ ਇਹ ਸਭ ਫੜਿਆ ਨਾ ਜਾ ਸਕੇ।
ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਬੈਂਗਲੁਰੂ ਕੇਂਦਰੀ ਲੋਕ ਸਭਾ ਸੀਟ ਦੇ ਮਹਾਦੇਵਪੁਰਾ ਵਿਧਾਨ ਸਭਾ ਹਲਕੇ ਦੇ ਡੇਟਾ ਦਾ ਵਿਸ਼ਲੇਸ਼ਣ ਕੀਤਾ ਅਤੇ ਫਿਰ ਅੰਤਰ ਪਾਇਆ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਬੈਂਗਲੁਰੂ ਕੇਂਦਰੀ ਲੋਕ ਸਭਾ ਸੀਟ ਦੇ 7 ਵਿਧਾਨ ਸਭਾ ਹਲਕਿਆਂ ’ਚੋਂ 6 ’ਚ ਪਿੱਛੇ ਰਹਿ ਗਈ ਪਰ ਉਸਨੂੰ ਮਹਾਦੇਵਪੁਰਾ ’ਚ ਇਕ ਪਾਸੜ ਵੋਟ ਮਿਲੀ।
ਰਾਹੁਲ ਗਾਂਧੀ ਨੇ ਕਿਹਾ ਕਿ ਲੋਕ ਸਭਾ ਚੋਣਾਂ ’ਚ ਮਹਾਦੇਵਪੁਰਾ ਵਿਧਾਨ ਸਭਾ ਹਲਕੇ ਵਿਚ 1,00,250 ਵੋਟਾਂ ਚੋਰੀ ਹੋਈਆਂ। ਉਨ੍ਹਾਂ ਕਿਹਾ ਕਿ ‘ਇਕ ਪਤੇ ’ਤੇ 50-50 ਵੋਟਰ ਸਨ… ਕਈ ਥਾਵਾਂ ’ਤੇ ਨਾਮ ਇੱਕੋ ਜਿਹੇ ਸਨ, ਫੋਟੋਆਂ ਵੱਖਰੀਆਂ ਸਨ।
ਕਾਂਗਰਸ ਨੇਤਾ ਨੇ ਕਿਹਾ ਕਿ ਸਾਡੇ ਸੰਵਿਧਾਨ ’ਚ ਦਰਜ ਗੱਲਾਂ ਇਸ ਤੱਥ ’ਤੇ ਅਧਾਰਿਤ ਹਨ ਕਿ ਇਕ ਵਿਅਕਤੀ ਨੂੰ ਇਕ ਵੋਟ ਦਾ ਅਧਿਕਾਰ ਹੋਵੇਗਾ। ਸਵਾਲ ਇਹ ਹੈ ਕਿ ਹੁਣ ਇਹ ਵਿਚਾਰ ਕਿੰਨਾ ਸੁਰੱਖਿਅਤ ਹੈ ਕਿ ਇਕ ਵਿਅਕਤੀ ਨੂੰ ਇਕ ਵੋਟ ਦਾ ਅਧਿਕਾਰ ਮਿਲੇਗਾ?
ਰਾਹੁਲ ਗਾਂਧੀ ਨੇ ਕਿਹਾ ਕਿ ਕੁਝ ਸਮੇਂ ਤੋਂ ਜਨਤਾ ’ਚ ਸ਼ੱਕ ਸੀ। ਪਾਰਟੀ ਵਿਰੁੱਧ ਸੱਤਾ ਵਿਰੋਧੀ ਮਾਹੌਲ ਬਣਾਇਆ ਜਾਂਦਾ ਹੈ ਪਰ ਭਾਜਪਾ ਹੀ ਇਕ ਅਜਿਹੀ ਪਾਰਟੀ ਹੈ, ਜਿਸ ਵਿਰੁੱਧ ਇਹ ਮਾਹੌਲ ਮੌਜੂਦ ਨਹੀਂ ਹੈ। ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਰਵੇਖਣ ਕੁਝ ਕਹਿ ਰਹੇ ਸਨ, ਪਰ ਨਤੀਜੇ ਕੁਝ ਹੋਰ ਨਿਕਲੇ।
ਰਾਹੁਲ ਗਾਂਧੀ ਨੇ ਕਿਹਾ ਕਿ ‘ਜਦੋਂ ਈ. ਵੀ. ਐੱਮ. ਨਹੀਂ ਸਨ, ਤਾਂ ਪੂਰਾ ਦੇਸ਼ ਇਕ ਦਿਨ ਵੋਟ ਪਾਉਂਦਾ ਸੀ ਪਰ ਅੱਜ ਦੇ ਯੁੱਗ ’ਚ ਵੋਟਿੰਗ ਕਈ ਪੜਾਵਾਂ ਵਿਚ ਹੁੰਦੀ ਹੈ, ਇਸ ਲਈ ਲੰਬੇ ਸਮੇਂ ਤੋਂ ਸ਼ੱਕ ਦੀ ਸਥਿਤੀ ਸੀ। ਰਾਹੁਲ ਨੇ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਮਹਾਰਾਸ਼ਟਰ ’ਚ ਪੰਜ ਮਹੀਨਿਆਂ ਦੇ ਅੰਦਰ-ਅੰਦਰ ਇੰਨੇ ਵੋਟਰਾਂ ਦੇ ਨਾਮ ਜੋੜੇ ਗਏ, ਜੋ ਪਿਛਲੇ ਪੰਜ ਸਾਲਾਂ ਦੇ ਸਮੇਂ ਵਿਚ ਨਹੀਂ ਜੋੜੇ ਗਏ ਸਨ।
ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਮਹਾਰਾਸ਼ਟਰ ’ਚ ਇਕ ਕਰੋੜ ਵੋਟਰ ਵਧੇ। ਅਸੀਂ ਚੋਣ ਕਮਿਸ਼ਨ ਕੋਲ ਗਏ ਅਤੇ ਅਸੀਂ ਪੂਰੇ ਯਕੀਨ ਨਾਲ ਕਿਹਾ ਕਿ ਮਹਾਰਾਸ਼ਟਰ ’ਚ ਚੋਣ ਚੋਰੀ ਹੋਈ ਸੀ। ਉਨ੍ਹਾਂ ਅਨੁਸਾਰ ਚੋਣ ਕਮਿਸ਼ਨ ਨੇ ‘ਮਸ਼ੀਨ ਰੀਡੇਬਲ’ ਵੋਟਰ ਸੂਚੀ ਦੇਣ ਤੋਂ ਇਨਕਾਰ ਕਰ ਦਿੱਤਾ।
ਰਾਹੁਲ ਗਾਂਧੀ ਨੇ ਕਿਹਾ ਕਿ ਪਹਿਲਾਂ ਸਾਡੇ ਕੋਲ ਇਸ ਗੱਲ ਦਾ ਕੋਈ ਸਬੂਤ ਨਹੀਂ ਸੀ ਕਿ ਭਾਜਪਾ ਨਾਲ ਮਿਲੀਭੁਗਤ ਕਰ ਕੇ ਧਾਂਦਲੀ ਕੀਤੀ ਜਾ ਰਹੀ ਹੈ… ਇਸ ਤੋਂ ਬਾਅਦ ਅਸੀਂ ਪਤਾ ਲਗਾਉਣ ਦਾ ਫੈਸਲਾ ਕੀਤਾ।
1 ਅਗਸਤ ਨੂੰ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਸੀ ਕਿ ਚੋਣ ਕਮਿਸ਼ਨ ‘ਵੋਟ ਚੋਰੀ’ ’ਚ ਸ਼ਾਮਲ ਹੈ ਅਤੇ ਉਨ੍ਹਾਂ ਕੋਲ ਇਸ ਸਬੰਧ ਵਿਚ ਇੰਨਾ ਮਜ਼ਬੂਤ ਸਬੂਤ ਹੈ ਜੋ ‘ਐਟਮ ਬੰਬ’ ਵਾਂਗ ਹੈ, ਜਦੋਂ ਇਹ ਫਟਦਾ ਹੈ, ਤਾਂ ਕਮਿਸ਼ਨ ਨੂੰ ਲੁਕਣ ਲਈ ਕੋਈ ਜਗ੍ਹਾ ਨਹੀਂ ਮਿਲੇਗੀ।
ਚੋਣ ਕਮਿਸ਼ਨ ਨੇ ਉਨ੍ਹਾਂ ਦੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਨਿੰਦਣਯੋਗ ਕਰਾਰ ਦਿੱਤਾ ਸੀ ਅਤੇ ਕਿਹਾ ਸੀ ਕਿ ਹੁਣ ਸਾਬਕਾ ਕਾਂਗਰਸ ਪ੍ਰਧਾਨ ਨੇ ਵੀ ਕਮਿਸ਼ਨ ਅਤੇ ਇਸਦੇ ਕਰਮਚਾਰੀਆਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ।
