ਤਿੰਨ ਦਿਨ ਪਹਿਲਾਂ ਹੋਇਆ ਸੀ ਲਾਪਤਾ
ਫਤਿਹਗੜ੍ਹ ਸਾਹਿਬ, 6 ਅਗਸਤ : ਪਿੰਡ ਵਜੀਰਾਬਾਦ ਵਿਚ ਠੇਕੇਦਾਰ ਦੀ ਹੱਤਿਆ ਕਰ ਕੇ ਲਾਸ਼ ਦੇ 2 ਟੁਕੜੇ ਕਰ ਕੇ ਖੂਹ ਵਿਚ ਸੁੱਟ ਦਿੱਤੇ ਗਏ। ਤਿੰਨ ਦਿਨਾਂ ਬਾਅਦ ਪੁਲਿਸ ਨੇ ਖੂਹ ’ਚੋਂ ਲਾਸ਼ ਬਰਾਮਦ ਕਰ ਲਈ। ਪੁਲਿਸ ਨੇ ਹੱਤਿਆ ਦੇ ਮਾਮਲੇ ਵਿਚ ਠੇਕੇਦਾਰ ਦੇ ਸਹਿਯੋਗੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਮਾਮਲੇ ਦੀ ਜਾਂਚ ਜਾਰੀ ਹੈ। ਮਿ੍ਤਕ ਦੀ ਪਛਾਣ ਬਿਹਾਰ ਦੇ ਜ਼ਿਲ੍ਹਾ ਖਗੜੀਆ ਦੇ ਪਿੰਡ ਸੈਦਪੁਰ ਦੇ 36 ਸਾਲਾ ਗੌਤਮ ਯਾਦਵ ਵਜੋਂ ਹੋਈ ਹੈ।
ਵਜੀਰਾਬਾਦ ਵਿਚ ਜੇਐੱਮਕੇ ਇੰਡਸਟ੍ਰੀਜ਼ ਨਾਮਕ ਆਇਰਨ ਮਿੱਲ ਹੈ। ਇਸ ਵਿਚ ਲਗਪਗ ਛੇ ਸਾਲਾਂ ਤੋਂ ਗੌਤਮ ਯਾਦਵ ਠੇਕੇਦਾਰੀ ਦਾ ਕੰਮ ਕਰ ਰਿਹਾ ਸੀ। ਮਿੱਲ ਦੇ ਪਿੱਛੇ ਗੋਦਾਮ ਹੈ ਜਿਸ ਵਿਚ ਮਿੱਲ ਦੇ ਮਾਲਕ ਮੰਡੀ ਗੋਬਿੰਦਗੜ੍ਹ ਦੇ ਵਾਸੀ ਗਗਨ ਬਾਂਸਲ ਨੇ ਪਸ਼ੂ ਰੱਖੇ ਹੋਏ ਹਨ, ਜਿਨ੍ਹਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਗੌਤਮ ਯਾਦਵ ਨੂੰ ਸੌਂਪੀ ਗਈ ਸੀ। ਉਸ ਨੇ ਕੁਝ ਮਹੀਨੇ ਪਹਿਲਾਂ ਆਪਣੇ ਸਾਥੀ ਭਾਗਲਪੁਰ ਦੇ ਪਿੰਡ ਟਿੰਗਟਿੰਗਾ ਦੇ ਵਾਸੀ ਰੰਜੀਤ ਕੁਮਾਰ ਨੂੰ ਵੀ ਪਸ਼ੂਆਂ ਦੀ ਦੇਖਭਾਲ ਲਈ ਰੱਖਿਆ ਸੀ।
1 ਅਗਸਤ ਨੂੰ ਸਵੇਰੇ 6 ਵਜੇ ਗੌਤਮ ਯਾਦਵ ਆਪਣੀ ਬਾਈਕ ’ਤੇ ਜੇਐੱਮਕੇ ਮਿੱਲ ਦੇ ਰਸਤੇ ਗੋਦਾਮ ਵਿਚ ਪਹੁੰਚਦੇ ਹੋਏ ਸੀਸੀਟੀਵੀ ਕੈਮਰੇ ਵਿਚ ਕੈਦ ਹੋਇਆ। ਇਸ ਤੋਂ ਬਾਅਦ ਗੌਤਮ ਗਾਇਬ ਹੋ ਗਿਆ। ਮਿੱਲ ਦੇ ਮਾਲਕ ਗਗਨ ਬਾਂਸਲ ਨੇ ਠੇਕੇਦਾਰ ਗੌਤਮ ਦੇ ਗਾਇਬ ਹੋਣ ਦੀ ਜਾਣਕਾਰੀ ਥਾਣਾ ਸਰਹਿੰਦ ਪੁਲਿਸ ਨੂੰ ਦਿੱਤੀ। ਲੁਧਿਆਣਾ ਤੋਂ ਗੌਤਮ ਦੇ ਜੀਜਾ ਅਮਰ ਯਾਦਵ ਵੀ 2 ਅਗਸਤ ਨੂੰ ਇੱਥੇ ਪਹੁੰਚੇ। ਉਸ ਦੀ ਬਾਈਕ ਗੋਦਾਮ ਤੋਂ ਥੋੜ੍ਹੀ ਦੂਰੀ ’ਤੇ ਖੇਤਾਂ ਵਿਚ ਪਾਈ ਗਈ। ਜਦੋਂ ਪੁਲਿਸ ਨੇ ਠੇਕੇਦਾਰ ਦੇ ਸਹਿਯੋਗੀ ਰੰਜੀਤ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ, ਤਾਂ ਉਸ ਨੇ ਗੌਤਮ ਦੀ ਹੱਤਿਆ ਕਰ ਕੇ ਲਾਸ਼ ਖੂਹ ਵਿਚ ਸੁੱਟਣ ਦੀ ਜਾਣਕਾਰੀ ਦਿੱਤੀ।
Read More : ਜ਼ਮੀਨਾਂ ਲੈਣ ਲਈ ਪੁਲਸ ਜ਼ਰੀਏ ਕਿਸਾਨਾਂ ’ਤੇ ਦਬਾਅ ਬਣਾ ਰਹੀ ਸਰਕਾਰ : ਬਿੱਟੂ