ਸੰਗਰੂਰ, 5 ਅਗਸਤ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਅਹੁਦੇਦਾਰਾਂ ਨਾਲ ਅਹਿਮ ਮੀਟਿੰਗ ਕੀਤੀ। ਇਹ ਮੀਟਿੰਗ ਵਿਨਰਜੀਤ ਸਿੰਘ ਗੋਲਡੀ ਵੱਲੋਂ ਨਿਰਧਾਰਿਤ ਸਥਾਨ ’ਤੇ ਕੀਤੀ ਗਈ, ਜਿਸ ਦਾ ਮੁੱਖ ਉਦੇਸ਼ 20 ਅਗਸਤ ਨੂੰ ਮਨਾਏ ਜਾਣ ਵਾਲੇ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੀ ਬਰਸੀ ਸਮਾਗਮ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਬਾਰੇ ਵਿਚਾਰ-ਵਟਾਂਦਰਾ ਕਰਨਾ ਸੀ।
ਇਸ ਮੌਕੇ ਸੰਗਰੂਰ ਅਤੇ ਸੁਨਾਮ ਹਲਕਿਆਂ ਦੇ ਇੰਚਾਰਜ ਵਿਨਰਜੀਤ ਸਿੰਘ ਗੋਲਡੀ, ਭਦੌੜ ਹਲਕੇ ਦੇ ਇੰਚਾਰਜ ਅਤੇ ਸ਼੍ਰੋਮਣੀ ਅਕਾਲੀ ਦਲ (ਜ਼ਿਲਾ ਬਰਨਾਲਾ ਦਿਹਾਤੀ) ਦੇ ਪ੍ਰਧਾਨ ਐਡਵੋਕੇਟ ਸਤਨਾਮ ਸਿੰਘ ਰਾਹੀ, ਮਹਿਲ ਕਲਾਂ ਹਲਕੇ ਦੇ ਇੰਚਾਰਜ ਨਾਥ ਸਿੰਘ ਹਮੀਦੀ ਅਤੇ ਸ਼੍ਰੋਮਣੀ ਅਕਾਲੀ ਦਲ (ਜ਼ਿਲਾ ਸ਼ਹਿਰੀ) ਦੇ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਵੀ ਮੌਜੂਦ ਸਨ।
ਸੁਖਬੀਰ ਬਾਦਲ ਨੇ ਮੀਟਿੰਗ ਦੌਰਾਨ ਕਿਹਾ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਪੰਜਾਬ ਅਤੇ ਪੰਜਾਬੀਆਂ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਉਨ੍ਹਾਂ ਦਾ ਜੀਵਨ ਸੇਵਾ, ਸਿਧਾਂਤਾਂ ਅਤੇ ਸ਼ਾਂਤੀ ਲਈ ਸਮਰਪਿਤ ਸੀ। ਇਸ ਲਈ ਉਨ੍ਹਾਂ ਦੀ ਬਰਸੀ ਨੂੰ ਪਾਰਟੀ ਵੱਲੋਂ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਵੇਗਾ।
ਮੀਟਿੰਗ ’ਚ ਫੈਸਲਾ ਲਿਆ ਗਿਆ ਕਿ ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ, ਜੋ ਪ੍ਰਬੰਧਾਂ ਦੀ ਦੇਖ-ਰੇਖ ਕਰਨਗੀਆਂ।
ਵਿਨਰਜੀਤ ਗੋਲਡੀ ਨੇ ਬਾਦਲ ਨੂੰ ਭਰੋਸਾ ਦਿਵਾਇਆ ਕਿ ਸੰਗਰੂਰ ਅਤੇ ਸੁਨਾਮ ਹਲਕਿਆਂ ਦੇ ਵਰਕਰ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਸੰਤ ਲੌਂਗੋਵਾਲ ਦਾ ਨਾਂ ਪੰਜਾਬ ਦੀ ਰਾਜਨੀਤੀ ’ਚ ਸ਼ਾਂਤੀ ਅਤੇ ਸਦਭਾਵਨਾ ਦਾ ਪ੍ਰਤੀਕ ਹੈ ਅਤੇ ਉਨ੍ਹਾਂ ਦੀ ਵਿਰਾਸਤ ਨੂੰ ਅੱਗੇ ਵਧਾਉਣਾ ਸ਼੍ਰੋਮਣੀ ਅਕਾਲੀ ਦਲ ਦੀ ਮੁੱਖ ਜ਼ਿੰਮੇਵਾਰੀ ਹੈ।
ਐਡਵੋਕੇਟ ਸਤਨਾਮ ਸਿੰਘ ਰਾਹੀ ਤੇ ਨਾਥ ਸਿੰਘ ਹਮੀਦੀ ਨੇ ਵੀ ਮੀਟਿੰਗ ’ਚ ਆਪਣੇ ਵਿਚਾਰ ਰੱਖੇ ਅਤੇ ਕਿਹਾ ਕਿ ਭਦੌੜ, ਬਰਨਾਲਾ ਅਤੇ ਮਹਿਲ ਕਲਾਂ ਹਲਕੇ ਦੇ ਵਰਕਰ ਅਤੇ ਆਗੂ ਵੱਡੀ ਗਿਣਤੀ ’ਚ ਬਰਸੀ ਸਮਾਗਮ ’ਚ ਸ਼ਾਮਲ ਹੋਣਗੇ।
ਯਾਦਵਿੰਦਰ ਸਿੰਘ ਬਿੱਟੂ ਨੇ ਸ਼ਹਿਰੀ ਖੇਤਰ ’ਚੋਂ ਵਰਕਰਾਂ ਦੀ ਲਾਮਬੰਦੀ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਸ਼ਹਿਰਾਂ ’ਚ ਵੀ ਅਕਾਲੀ ਦਲ ਦੇ ਸਮਰਥਕ ਇਸ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਉਤਾਵਲੇ ਹਨ।
ਮੀਟਿੰਗ ਦਾ ਅੰਤ ਸੁਖਬੀਰ ਸਿੰਘ ਬਾਦਲ ਦੇ ਭਾਸ਼ਣ ਨਾਲ ਹੋਇਆ, ਜਿਸ ’ਚ ਉਨ੍ਹਾਂ ਨੇ ਸਾਰੇ ਅਹੁਦੇਦਾਰਾਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਦਾ ਮੁੱਖ ਉਦੇਸ਼ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨਾ ਹੈ ਅਤੇ ਸੰਤ ਲੌਂਗੋਵਾਲ ਵਰਗੇ ਮਹਾਨ ਸ਼ਹੀਦਾਂ ਦੇ ਸਿਧਾਂਤਾਂ ’ਤੇ ਚੱਲਦਿਆਂ ਹੀ ਇਹ ਸੰਭਵ ਹੋ ਸਕਦਾ ਹੈ।
Read More : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਚੇਚਾ ਜਨਰਲ ਇਜਲਾਸ