ਹਜ਼ਾਰਾਂ ਏਕੜ ਫਸਲ ਪਾਣੀ ’ਚ ਡੁੱਬੀ
ਫਿਰੋਜ਼ਪੁਰ, 5 ਅਗਸਤ : ਪਹਾੜੀ ਇਲਾਕਿਆਂ ’ਚ ਲਗਾਤਾਰ ਹੋ ਰਹੀਆਂ ਬਾਰਿਸ਼ਾਂ ਅਤੇ ਪਿੱਛੇ ਤੋਂ ਛੱਡੇ ਜਾ ਰਹੇ ਪਾਣੀ ਦੇ ਕਾਰਨ ਫਿਰੋਜ਼ਪੁਰ ਦੇ ਸਤਲੁਜ ਦਰਿਆ ’ਚ ਪਾਣੀ ਦਾ ਵਹਾਅ ਵੱਧ ਰਿਹਾ ਹੈ। ਦਰਿਆ ’ਚ ਪਾਣੀ ਦੇ ਤੇਜ਼ ਵਹਾਅ ਕਾਰਨ ਫਿਰੋਜ਼ਪੁਰ ਦੇ ਪਿੰਡ ਬਸਤੀ ਰਾਮਲਾਲ ਨੇੜੇ ਲੋਕਾਂ ਵੱਲੋਂ ਬਣਾਏ ਗਏ ਇਕ ਆਰਜੀ ਬੰਨ੍ਹ ’ਚ ਬੀਤੀ ਸ਼ਾਮ ਅਚਾਨਕ ਦਰਾਰ ਪੈ ਗਈ, ਜਿਸ ਕਾਰਨ ਬਸਤੀ ਚਮੜਿਆਂ ਵਾਲੀ ਅਤੇ ਆਸ-ਪਾਸ ਦੇ ਕੁਝ ਪਿੰਡਾਂ ਦੀਆਂ ਹਜ਼ਾਰਾਂ ਏਕੜ ਫਸਲਾਂ ਪਾਣੀ ’ਚ ਡੁੱਬ ਗਈਆਂ ਹਨ।
ਬੰਨ੍ਹ ’ਚ ਦਰਾੜ ਦਾ ਪਤਾ ਲੱਗਣ ’ਤੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਇਕੱਠੇ ਹੋ ਗਏ ਅਤੇ ਟਰੈਕਟਰਾਂ ਤੇ ਮਸ਼ੀਨਾਂ ਦੀ ਵਰਤੋਂ ਕਰ ਕੇ ਅਤੇ ਮਿੱਟੀ ਨਾਲ ਗੁੱਟੂ ਭਰ ਕੇ ਇਸ ਦਰਾੜ ਨੂੰ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ।
ਲੋਕਾਂ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਸ ਬਾਰੇ ਪਤਾ ਲੱਗਣ ਦੇ ਬਾਵਜੂਦ ਦੇਰ ਤੱਕ ਕੋਈ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਕੋਲ ਨਹੀਂ ਆਇਆ ਅਤੇ ਨਾ ਹੀ ਉਨ੍ਹਾਂ ਦੀ ਮਦਦ ਲਈ ਕੋਈ ਸਾਮਾਨ ਭੇਜਿਆ।
ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਪੱਧਰ ’ਤੇ ਇਸ ਦਰਾਰ ਨੂੰ ਭਰਿਆ ਹੈ ਅਤੇ ਇਕ ਅੰਦਾਜ਼ੇ ਅਨੁਸਾਰ ਲੱਗਭਗ 1500 ਏਕੜ ਜ਼ਮੀਨ ’ਚ ਖੜ੍ਹੀਆਂ ਫਸਲਾਂ ਪਾਣੀ ’ਚ ਡੁੱਬ ਗਈਆਂ ਹਨ ਅਤੇ ਹੋਰ ਵੀ ਖੇਤਰ ਪਾਣੀ ਦੀ ਮਾਰ ਹੇਠ ਆ ਸਕਦਾ ਹੈ।
ਲੋਕਾਂ ਨੇ ਮੰਗ ਕੀਤੀ ਕਿ ਸਰਕਾਰ ਵੱਲੋਂ ਇਸ ਬੰਨ੍ਹ ਨੂੰ ਪੱਕੇ ਤੌਰ ’ਤੇ ਭਰਿਆ ਜਾਵੇ ਅਤੇ ਜਿਨ੍ਹਾਂ ਕਿਸਾਨਾਂ ਦੀਆਂ ਫਸਲਾਂ ਪਾਣੀ ’ਚ ਡੁੱਬ ਗਈਆਂ ਹਨ, ਉਨ੍ਹਾਂ ਨੂੰ ਬਿਨਾਂ ਕਿਸੇ ਦੇਰੀ ਦੇ ਵਿਸ਼ੇਸ਼ ਗਿਰਦਾਵਰੀ ਕਰ ਕੇ ਤੁਰੰਤ ਮੁਆਵਜ਼ਾ ਦਿੱਤਾ ਜਾਵੇ।
ਲੋਕਾਂ ਨੇ ਕਿਹਾ ਕਿ ਜੇਕਰ ਇਸ ਬੰਨ੍ਹ ਨੂੰ ਜੇਕਰ ਜਲਦੀ ਮਜ਼ਬੂਤ ਨਾ ਕੀਤਾ ਗਿਆ ਤਾਂ ਦਰਿਆ ’ਚ ਵਧ ਰਹੇ ਪਾਣੀ ਦੇ ਪੱਧਰ ਕਾਰਨ ਇਹ ਬੰਨ੍ਹ ਕਿਤੇ ਵੀ ਟੁੱਟ ਸਕਦਾ ਹੈ ਅਤੇ ਆਲੇ-ਦੁਆਲੇ ਦੇ ਪਿੰਡ ਪਾਣੀ ਦੀ ਮਾਰ ਹੇਠ ਆ ਸਕਦੇ ਹਨ।
Read More : ਕਾਲਜ ’ਚ ਦਾਖਲਾ ਲੈਣ ਜਾ ਰਹੇ ਨੌਜਵਾਨ ਦੀ ਹਾਦਸੇ ਵਿਚ ਮੌਤ
