ਆਰਟੀਏ-ਸਟੇਟ ਡਰਾਈਵਿੰਗ ਸੈਂਟਰ ਦੀ ਮਿਲੀਭੁਗਤ ਸਾਹਮਣੇ ਆਈ, ਮੋਟਰ ਵਹੀਕਲ ਇੰਸਪੈਕਟਰ ਸਮੇਤ 4 ਗ੍ਰਿਫ਼ਤਾਰ
ਗੁਰਦਾਦਪੁਰ, 5 ਅਗਸਤ :-ਸਰਕਾਰੀ ਦਫ਼ਤਰਾਂ ’ਚੋਂ ਭ੍ਰਿਸ਼ਟਾਚਾਰ ਦੇ ਅਮਲ ਨੂੰ ਰੋਕਣ ਦੇ ਉਦੇਸ਼ ਨਾਲ ਪੰਜਾਬ ਵਿਜੀਲੈਂਸ ਬਿਊਰੋ ਨੇ ਰੀਜ਼ਨਲ ਟਰਾਂਸਪੋਰਟ ਅਥਾਰਟੀ (ਆਰਟੀਏ) ਗੁਰਦਾਸਪੁਰ, ਸਟੇਟ ਇੰਸਟੀਚਿਊਟ ਆਫ਼ ਆਟੋਮੋਬਾਈਲ ਐਂਡ ਡਰਾਈਵਿੰਗ ਸਕਿੱਲ ਸੈਂਟਰ, ਮਹੂਆਣਾ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਮੁਲਾਜ਼ਮਾਂ ਅਤੇ ਗੁਰਦਾਸਪੁਰ ਜ਼ਿਲੇ ’ਚ ਕੰਮ ਕਰ ਰਹੇ ਪ੍ਰਾਈਵੇਟ ਦਸਤਾਵੇਜ਼ ਏਜੰਟਾਂ ਵਿਚਕਾਰ ਮਿਲੀਭੁਗਤ ਦਾ ਪਰਦਾਫਾਸ਼ ਕਰਦਿਆਂ ਹੈਵੀ ਡਰਾਇਵਿੰਗ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਵਾਲੇ ਇਕ ਵੱਡੇ ਅਤੇ ਫਰਜ਼ੀ ਭ੍ਰਿਸ਼ਟਾਚਾਰ ਰੈਕੇਟ ਨੂੰ ਬੇਨਕਾਬ ਕੀਤਾ ਹੈ।
ਇਸ ਕੇਸ ’ਚ ਵਿਜੀਲੈਂਸ ਬਿਊਰੋ ਨੇ 7 ਮੁਲਜ਼ਮਾਂ ਵਿਰੁੱਧ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ, ਜਿਨ੍ਹਾਂ ’ਚੋਂ ਮੋਟਰ ਵਹੀਕਲ ਇੰਸਪੈਕਟਰ (ਐੱਮ. ਵੀ. ਆਈ.) ਸਮੇਤ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅੱਜ ਇੱਥੇ ਇਸ ਬਾਰੇ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪਠਾਨਕੋਟ ਦੇ ਰਹਿਣ ਵਾਲੇ ਇਕ ਵਿਅਕਤੀ ਤੋਂ ਮਿਲੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਨੇ ਆਰਟੀਏ ਗੁਰਦਾਸਪੁਰ ਵਿਖੇ ਡਾਟਾ ਐਂਟਰੀ ਆਪ੍ਰੇਟਰ ਪ੍ਰਤਿਭਾ ਸ਼ਰਮਾ ਵਿਰੁੱਧ ਡੂੰਘਾਈ ਨਾਲ ਜਾਂਚ ਸ਼ੁਰੂ ਕੀਤੀ ਸੀ।
ਹੁਣ ਤੱਕ ਦੀ ਜਾਂਚ ਦੇ ਆਧਾਰ ’ਤੇ ਇਸ ਕੇਸ ’ਚ ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ, ਆਈਪੀਸੀ ਅਤੇ ਆਈਟੀ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਐੱਫ. ਆਈ. ਆਰ. ਨੰਬਰ 32 ਮਿਤੀ 4 ਅਗਸਤ, 2025 ਦਰਜ ਕੀਤੀ ਹੈ। ਉਨ੍ਹਾਂ ਦੱਸਿਆ ਕਿ ਤਫਤੀਸ਼ ਤੋਂ ਪਤਾ ਲੱਗਾ ਹੈ ਕਿ ਐੱਸ. ਆਈ. ਏ. ਡੀ. ਐੱਸ. ਸੈਂਟਰ ਮਹੂਆਣਾ ਦੁਆਰਾ ਜਾਰੀ ਕੀਤੇ ਗਏ 51 ਡਰਾਈਵਿੰਗ ਸਿਖਲਾਈ ਸਰਟੀਫਿਕੇਟਾਂ ’ਚੋਂ 23 ਜਾਅਲੀ ਪਾਏ ਗਏ ਕਿਉਂਕਿ ਸਿਰਫ਼ 27 ਜਾਇਜ਼ ਸਰਟੀਫਿਕੇਟ ਨੰਬਰ ਰਿਕਾਰਡ ’ਚ ਸਨ।
ਦੱਸਣਯੋਗ ਹੈ ਕਿ ਸਿਸਟਮ ਜਨਰੇਟਿਡ ਫੀਲਡ ਜਿਵੇਂ ਵਿਲੱਖਣ ਸਰਟੀਫਿਕੇਟ ਨੰਬਰ, ਕਿਊਆਰ ਕੋਡ ਅਤੇ ਰਸੀਦ ਨੰਬਰ ’ਚ ਸ਼ਾਮਲ ਮੋਬਾਈਲ ਨੰਬਰ, ਜੋ ਕਿ ਪ੍ਰਮਾਣਿਕਤਾ ਦੇ ਮਹੱਤਵਪੂਰਨ ਮਾਪਦੰਡ ਹਨ, ਨੂੰ ਸਿਰਫ਼ ਸੰਸਥਾ ਦੇ ਮੁਲਾਜ਼ਮਾਂ ਦੁਆਰਾ ਹੀ ਬਦਲਿਆ ਜਾ ਸਕਦਾ ਸੀ। ਇਨ੍ਹਾਂ ਮਾਪਦੰਡਾਂ ’ਚ ਕਿਸੇ ਵੀ ਤਰ੍ਹਾਂ ਦੀ ਗੜਬੜੀ ਤੋਂ ਧੋਖਾਧੜੀ ਦੇ ਅਮਲ ਦਾ ਪਤਾ ਲਗਦਾ ਹੈ।
ਬੁਲਾਰੇ ਨੇ ਦੱਸਿਆ ਕਿ ਇਸ ਜਾਂਚ ’ਚ ਕੁਲਬੀਰ ਡਾਕੂਮੈਂਟਸ ਸੈਂਟਰ, ਸ਼ੈਲੀ ਡਾਕੂਮੈਂਟਸ ਸੈਂਟਰ, ਜੀ. ਐੱਮ. ਡੀ. ਡਾਕੂਮੈਂਟਸ ਸੈਂਟਰ ਅਤੇ ਪੰਜਾਬ ਡਾਕੂਮੈਂਟਸ ਸਮੇਤ ਪ੍ਰਾਈਵੇਟ ਏਜੰਟਾਂ ਦੀ ਭੂਮਿਕਾ ਦਾ ਪਤਾ ਲੱਗਾ ਹੈ, ਜਿਨ੍ਹਾਂ ਨੇ ਰਿਸ਼ਵਤ ਬਦਲੇ ਬਿਨੈਕਾਰਾਂ ਨੂੰ ਜਾਅਲੀ ਦਸਤਾਵੇਜ਼ ਦੇਣ ’ਚ ਮਦਦ ਕੀਤੀ। ਵਿੱਤੀ ਲੈਣ-ਦੇਣ ਤੋਂ ਪਤਾ ਲੱਗਿਆ ਕਿ ਇਨ੍ਹਾਂ ਏਜੰਟਾਂ ਵੱਲੋਂ ਸਾਬਕਾ ਆਰਟੀਏ ਡੇਟਾ ਐਂਟਰੀ ਆਪ੍ਰੇਟਰ ਰਾਕੇਸ਼ ਕੁਮਾਰ, ਜੋ ਹੁਣ ਐੱਸ. ਡੀ. ਐੱਮ. ਦਫਤਰ ਬਟਾਲਾ ਵਿਖੇ ਤਾਇਨਾਤ ਹੈ ਅਤੇ ਉਕਤ ਪ੍ਰਤਿਭਾ ਸ਼ਰਮਾ ਦੇ ਬੈਂਕ ਖਾਤਿਆਂ ’ਚ ਸਿੱਧੇ ਭੁਗਤਾਨ ਕੀਤੇ ਗਏ ਸਨ।
ਐੱਸ. ਆਈ. ਏ. ਡੀ. ਐੱਸ. ਮਹੂਆਣਾ ਵਿਖੇ ਲਾਈਟ ਮੋਟਰ ਵਹੀਕਲ (ਐੱਲ. ਐੱਮ. ਵੀ.) ਇੰਸਟ੍ਰਕਟਰ ਅਤੇ ਜੀਆਈ ਡਰਾਈਵਿੰਗ ਇੰਚਾਰਜ, ਸੁਖਦੇਵ ਸਿੰਘ ਨੇ ਜਾਅਲੀ ਸਰਟੀਫਿਕੇਟ ਤਿਆਰ ਕਰਨ ਲਈ ਸਿਸਟਮ ਤੱਕ ਆਪਣੀ ਪਹੁੰਚ ਦੀ ਦੁਰਵਰਤੋਂ ਕਰਦਿਆਂ ਗੈਰ-ਕਾਨੂੰਨੀ ਢੰਗ ਨਾਲ ਪ੍ਰਤੀ ਸਰਟੀਫਿਕੇਟ 430 ਰੁਪਏ ਵਸੂਲ ਕੇ ਸਰਕਾਰੀ ਖਜ਼ਾਨੇ ਨੂੰ ਵਿੱਤੀ ਨੁਕਸਾਨ ਪਹੁੰਚਾਇਆ।
ਇਸ ਮਾਮਲੇ ’ਚ ਵਿਜੀਲੈਂਸ ਬਿਊਰੋ ਨੇ ਚਾਰ ਮੁੱਖ ਮੁਲਜ਼ਮਾਂ-ਗੁਰਦਾਸਪੁਰ ਦੇ ਪਿੰਡ ਮੈਦੋਵਾਲ ਕਲਾਂ ਦਾ ਵਸਨੀਕ ਅਤੇ ਐੱਮ. ਵੀ. ਆਈ. ਅਤੇ ਜੀ. ਆਈ. ਡਰਾਈਵਿੰਗ ਇੰਚਾਰਜ ਐੱਸ. ਆਈ. ਏ. ਡੀ. ਐੱਸ. ਸੈਂਟਰ ਸੁਖਦੇਵ ਸਿੰਘ, ਸ਼ੈਲੀ ਡਾਕੂਮੈਂਟ ਸੈਂਟਰ ਦੇ ਅਮਿਤ ਕੁਮਾਰ ਉਰਫ ਸ਼ੈਲੀ, ਪੰਜਾਬ ਡਾਕੂਮੈਂਟ ਦੇ ਜਗਪ੍ਰੀਤ ਸਿੰਘ ਅਤੇ ਰਾਕੇਸ਼ ਕੁਮਾਰ, ਜੋ ਕਿ ਇਸ ਸਮੇਂ ਬਟਾਲਾ ’ਚ ਤਾਇਨਾਤ ਹੈ, ਨੂੰ ਗ੍ਰਿਫ਼ਤਾਰ ਕੀਤਾ ਹੈ। ਬਾਕੀ ਮੁਲਜ਼ਮਾਂ ਕੁਲਬੀਰ ਡਾਕੂਮੈਂਟ ਸੈਂਟਰ ਦੇ ਕੁਲਬੀਰ ਸਿੰਘ, ਜੀਐਮਡੀ ਡਾਕੂਮੈਂਟ ਸੈਂਟਰ ਦੇ ਰਾਕੇਸ਼ ਕੁਮਾਰ ਅਤੇ ਆਰਟੀਏ ਗੁਰਦਾਸਪੁਰ ਦੀ ਪ੍ਰਤਿਭਾ ਸ਼ਰਮਾ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਸਾਰੇ ਗ੍ਰਿਫ਼ਤਾਰ ਵਿਅਕਤੀਆਂ ਨੂੰ ਕੱਲ੍ਹ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
Read More : ਦਿੱਲੀ ਦੇ ਫਾਈਨਾਂਸਰ ਦੀ ਗੋਲੀਆਂ ਮਾਰ ਕੇ ਹੱਤਿਆ