ਕੈਦੀ ਖੁਦਕੁਸ਼ੀ ਮਾਮਲੇ ‘ਚ ਜੇਲ ਸੁਪਰਡੈਂਟ ਦਾ ਤਬਾਦਲਾ

ਪਰਿਵਾਰ ਨੇ ਕਤਲ ਦਾ ਲਾਇਆ ਦੋਸ਼

ਸੰਗਰੂਰ, 4 ਅਗਸਤ : ਜ਼ਿਲਾ ਜੇਲ ਸੰਗਰੂਰ ਵਿਚ ਸ਼ੁੱਕਰਵਾਰ ਰਾਤ ਨੂੰ ਇੱਕ ਕੈਦੀ ਵੱਲੋਂ ਖੁਦਕੁਸ਼ੀ ਕਰਨ ਤੋਂ ਬਾਅਦ ਜੇਲ ਸੁਪਰਡੈਂਟ ਦਾ ਤਬਾਦਲਾ ਕਰ ਦਿੱਤਾ ਗਿਆ। ਕੈਦੀ ਦਾ ਪੋਸਟਮਾਰਟਮ ਸ਼ਨੀਵਾਰ ਦੇਰ ਸ਼ਾਮ ਇਕ ਜੁਡੀਸ਼ੀਅਲ ਮੈਜਿਸਟਰੇਟ ਦੀ ਨਿਗਰਾਨੀ ਹੇਠ ਕੀਤਾ ਗਿਆ। ਮ੍ਰਿਤਕ ਦੇ ਪਰਿਵਾਰ ਨੇ ਦੋਸ਼ ਲਗਾਇਆ ਕਿ ਜੇਲ ਵਿੱਚ ਉਨ੍ਹਾਂ ਦੇ ਪੁੱਤਰ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਉਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ।

ਨੌਸ਼ਹਿਰਾ ਜ਼ਿਲਾ ਤਰਨਤਾਰਨ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਦੇ ਪਿਤਾ ਜਗੀਰ ਸਿੰਘ, ਜਿਸਨੂੰ ਕੁਝ ਮਹੀਨੇ ਪਹਿਲਾਂ ਕਪੂਰਥਲਾ ਤੋਂ ਜ਼ਿਲਾ ਜੇਲ ਸੰਗਰੂਰ ਤਬਦੀਲ ਕੀਤਾ ਗਿਆ ਸੀ, ਨੇ ਦੋਸ਼ ਲਗਾਇਆ ਕਿ ਉਨ੍ਹਾਂ ਦਾ ਪੁੱਤਰ ਖਾਲਿਸਤਾਨ ਸਮਰਥਕ ਸੀ ਅਤੇ ਉਸ ਵਿਰੁੱਧ ਯੂਏਪੀਏ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ, ਜਿਸ ਤਹਿਤ ਉਸਨੂੰ ਕੈਦ ਕੀਤਾ ਗਿਆ ਸੀ।

ਉਸਦਾ ਪੁੱਤਰ ਕਈ ਵਾਰ ਜੇਲ ਤੋਂ ਫ਼ੋਨ ਕਰ ਕੇ ਦੱਸਦਾ ਸੀ ਕਿ ਜੇਲ ਪ੍ਰਸ਼ਾਸਨ ਵੱਲੋਂ ਉਸਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਹ ਪਿਛਲੇ 7 ਸਾਲਾਂ ਤੋਂ ਜੇਲ ਵਿੱਚ ਸੀ ਅਤੇ 4 ਅਗਸਤ ਨੂੰ ਉਸਨੂੰ ਆਪਣੀ ਜ਼ਮਾਨਤ ਸਬੰਧੀ ਮਾਣਯੋਗ ਹਾਈ ਕੋਰਟ ਵਿਚ ਪੇਸ਼ ਹੋਣਾ ਸੀ।

ਪਿਤਾ ਜਗੀਰ ਸਿੰਘ ਅਤੇ ਹੋਰ ਰਿਸ਼ਤੇਦਾਰ ਸੁਖਬੀਰ ਸਿੰਘ ਨੇ ਦੱਸਿਆ ਕਿ ਜਦੋਂ ਗੁਰਵਿੰਦਰ ਸਿੰਘ ਨੂੰ ਸੰਗਰੂਰ ਜੇਲ ਭੇਜਿਆ ਗਿਆ ਸੀ, ਤਾਂ ਉਹ ਅਜੇ ਵੀ ਉਨ੍ਹਾਂ ਨੂੰ ਕਹਿ ਰਹੇ ਸਨ ਕਿ ਜੇਲ ਪ੍ਰਸ਼ਾਸਨ ਉਸਨੂੰ ਮਾਰ ਦੇਵੇਗਾ ਪਰ ਸ਼ਨੀਵਾਰ ਨੂੰ ਜੇਲ ਪ੍ਰਸ਼ਾਸਨ ਨੇ ਫ਼ੋਨ ਕਰ ਕੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ ਹੈ। ਇੱਥੇ ਆਉਣ ਤੋਂ ਬਾਅਦ ਪਤਾ ਲੱਗਾ ਕਿ ਗੁਰਵਿੰਦਰ ਸਿੰਘ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ।

ਪੁਲਿਸ ਥਾਣਾ ਸਿਟੀ ਸੰਗਰੂਰ-1 ਨੇ ਖੁਦਕੁਸ਼ੀ ਦੇ ਮਾਮਲੇ ‘ਤੇ ਇਸ ਸਬੰਧੀ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਜੇਲ ਸੁਪਰਡੈਂਟ ਦਾ ਤਬਾਦਲਾ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਰਮਨਦੀਪ ਸਿੰਘ ਭੰਗੂ ਨੂੰ ਜ਼ਿਲਾ ਜੇਲ੍ਹ ਸੰਗਰੂਰ ਦਾ ਨਵਾਂ ਸੁਪਰਡੈਂਟ ਨਿਯੁਕਤ ਕੀਤਾ ਗਿਆ ਹੈ।

ਚਾਰਜ ਸੰਭਾਲਦੇ ਹੋਏ ਰਮਨਦੀਪ ਸਿੰਘ ਭੰਗੂ ਨੇ ਕਿਹਾ ਕਿ ਜ਼ਿਲਾ ਜੇਲ ਸੰਗਰੂਰ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ ਅਤੇ ਜੇਲ ਅਨੁਸ਼ਾਸਨ ਹਰ ਸਮੇਂ ਬਰਕਰਾਰ ਰੱਖਿਆ ਜਾਵੇਗਾ। ਰਮਨਦੀਪ ਸਿੰਘ ਭੰਗੂ ਪਹਿਲਾਂ ਪਟਿਆਲਾ, ਨਾਭਾ ਅਤੇ ਬਠਿੰਡਾ ਸਮੇਤ ਵੱਖ-ਵੱਖ ਜੇਲਾ ਵਿਚ ਸੇਵਾ ਨਿਭਾ ਚੁੱਕੇ ਹਨ।

Read More : ਤਲੰਗਾਨਾ ’ਚ ਰੇਲ ਯਾਤਰਾ ਦੌਰਾਨ ਨੌਜਵਾਨ ਦੀ ਮੌਤ

Leave a Reply

Your email address will not be published. Required fields are marked *