ਪਰਿਵਾਰ ਨੇ ਮ੍ਰਿਤਕਦੇਹ ਪੰਜਾਬ ਲਿਆਉਣ ਦੀ ਕੀਤੀ ਅਪੀਲ
ਗੁਰਦਾਸਪੁਰ, 3 ਅਗਸਤ : ਵਿਦੇਸ਼ ਜਾਣ ਦੀ ਤਿਆਰੀ ਕਰ ਰਹੇ ਗੁਰਦਾਸਪੁਰ ਜ਼ਿਲੇ ਦੇ ਪਿੰਡ ਮੁੱਲਾਂਵਾਲ ਦੇ 21 ਸਾਲਾ ਨੌਜਵਾਨ ਪਲਵਿੰਦਰ ਸਿੰਘ ਪੁੱਤਰ ਹਰਦੀਪ ਸਿੰਘ ਦੀ ਤਲੰਗਾਨਾ ’ਚ ਰੇਲ ਯਾਤਰਾ ਦੌਰਾਨ ਸ਼ੱਕੀ ਹਾਲਾਤਾਂ ’ਚ ਮੌਤ ਹੋ ਗਈ ਹੈ। ਪਰਿਵਾਰ ਨੇ ਉਸ ਦੀ ਮ੍ਰਿਤਕਦੇਹ ਪੰਜਾਬ ਲਿਆਉਣ ਲਈ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ।
ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਿਤਾ ਹਰਦੀਪ ਸਿਘ ਨੇ ਦੱਸਿਆ ਕਿ ਪਲਵਿੰਦਰ ਸਿੰਘ ਪਹਿਲਾਂ ਵੀ ਯੂਰਪ ਦੇ ਸ਼ਹਿਰ ਅਰਮੀਨੀਆ ’ਚ ਕੰਮ ਕਰ ਕੇ ਵਾਪਸ ਪਰਤਿਆ ਸੀ। ਉਹ 30 ਜੁਲਾਈ ਨੂੰ ਦੁਬਾਰਾ ਅਰਮੀਨੀਆ ਜਾਣ ਲਈ ਘਰੋਂ ਨਿਕਲਿਆ ਸੀ। ਉਸ ਦੇ ਪਿਤਾ ਹਰਦੀਪ ਸਿੰਘ ਨੇ ਦੱਸਿਆ ਕਿ ਪਲਵਿੰਦਰ ਸਿੰਘ ਦਿੱਲੀ ਤੋਂ ਆਪਣਾ ਪਾਸਪੋਰਟ ਲੈ ਕੇ ਚੇੱਨਈ ਵੱਲ ਰੇਲਗੱਡੀ ਰਾਹੀਂ ਜਾ ਰਿਹਾ ਸੀ।
ਇਸ ਦੌਰਾਨ ਤਲੰਗਾਨਾ ਦੇ ਖਮਮ ਕਸਬੇ ਨੇੜੇ ਉਸ ਦੀ ਅਚਾਨਕ ਮੌਤ ਹੋ ਗਈ। ਉਨ੍ਹਾਂ ਨੂੰ ਇਹ ਖ਼ਬਰ ਤਲੰਗਾਨਾ ਦੇ ਕੁਝ ਪੰਜਾਬੀ ਲੋਕਾਂ ਅਤੇ ਰਿਸ਼ਤੇਦਾਰਾਂ ਰਾਹੀਂ ਮਿਲੀ।
ਮ੍ਰਿਤਕ ਦੀ ਮਾਤਾ ਕੁਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਪੁੱਤਰ ਹਨ ਅਤੇ ਪਲਵਿੰਦਰ ਨੇ ਮੈਟ੍ਰਿਕ ਤੱਕ ਪੜ੍ਹਾਈ ਕੀਤੀ ਸੀ। ਉਹ ਆਪਣੇ ਮਾਪਿਆਂ ਦਾ ਸਹਾਰਾ ਬਣਨ ਲਈ ਹੀ ਵਿਦੇਸ਼ ਕਮਾਈ ਕਰਨ ਗਿਆ ਸੀ। ਇਸ ਦੁਖਦਾਈ ਘਟਨਾ ਬਾਰੇ ਉਨ੍ਹਾਂ ਨੂੰ ਪੂਰੀ ਜਾਣਕਾਰੀ ਨਹੀਂ ਹੈ।
ਸਾਬਕਾ ਸਰਪੰਚ ਬਲਵਿੰਦਰ ਸਿੰਘ, ਮਾਮਾ ਦਲਵਿੰਦਰ ਸਿੰਘ, ਅਤੇ ਕਿਸਾਨ ਆਗੂ ਸੁਖਵਿੰਦਰ ਸਿੰਘ ਮੁੱਲਾਵਾਲ ਨੇ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਤੋਂ ਮਦਦ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਦੀ ਆਰਥਿਕ ਹਾਲਤ ਕਮਜ਼ੋਰ ਹੈ ਅਤੇ ਇਸ ਮੁਸ਼ਕਲ ਸਮੇਂ ’ਚ ਪਲਵਿੰਦਰ ਦੀ ਦੇਹ ਨੂੰ ਹਜ਼ਾਰਾਂ ਕਿਲੋਮੀਟਰ ਦੂਰੋਂ ਪਿੰਡ ਲਿਆਉਣ ਲਈ ਸਹਿਯੋਗ ਦੀ ਲੋੜ ਹੈ। ਪਰਿਵਾਰ ਵੱਲੋਂ ਮ੍ਰਿਤਕ ਦੇਹ ਦੀ ਪ੍ਰਾਪਤੀ ਲਈ ਕਾਨੂੰਨੀ ਅਤੇ ਕਾਗਜ਼ੀ ਕਾਰਵਾਈ ਪੂਰੀ ਕੀਤੀ ਜਾ ਰਹੀ ਹੈ।
ਇਸ ਸਬੰਧੀ ਥਾਣਾ ਭੈਣੀ ਮੀਆਂ ਖਾਨ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਉਹ ਇਲਾਕੇ ਦੇ ਨੁਮਾਇੰਦਿਆਂ ਪ੍ਰਤਾਪ ਸਿੰਘ ਬਾਜਵਾ ਅਤੇ ਜਗਰੂਪ ਸਿੰਘ ਸੇਖਵਾਂ ਨੂੰ ਵੀ ਇਸ ਬਾਰੇ ਜਾਣੂ ਕਰਵਾਉਣਗੇ। ਇਸ ਦੁੱਖ ਦੀ ਘੜੀ ’ਚ ਮ੍ਰਿਤਕ ਦੇ ਪਿਤਾ ਹਰਦੀਪ ਸਿੰਘ ਅਤੇ ਮਾਤਾ ਕੁਲਜੀਤ ਕੌਰ ਨਾਲ ਰਿਸ਼ਤੇਦਾਰਾਂ ਨੇ ਦੁੱਖ ਸਾਂਝਾ ਕੀਤਾ।
Read More : ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਰਾਸ਼ਟਰਪਤੀ ਮੁਰਮੂ ਨਾਲ ਕੀਤੀ ਮੁਲਾਕਾਤ