ਪੁਲਸ ਨੇ ਟਰਾਮਾਡੋਲ ਦੀਆਂ 74,000 ਗੋਲੀਆਂ, 325 ਕਿਲੋਗ੍ਰਾਮ ਕੱਚਾ ਮਾਲ, 7.6 ਲੱਖ ਰੁਪਏ ਦੀ ਡਰੱਗ ਮਨੀ ਕੀਤੀ ਬਰਾਮਦ
ਅੰਮ੍ਰਿਤਸਰ, 31 ਜੁਲਾਈ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਵਿੱਢੀ ਨਸ਼ਾ ਵਿਰੋਧੀ ਜੰਗ ਦੌਰਾਨ ਗੈਰ-ਕਾਨੂੰਨੀ ਫਾਰਮਾ ਓਪੀਆਡ ਸਪਲਾਈ ਨੈੱਟਵਰਕ ਨੂੰ ਕਰਾਰਾ ਝਟਕਾ ਦਿੰਦਿਆਂ ਅੰਮ੍ਰਿਤਸਰ ਪੁਲਸ ਕਮਿਸ਼ਨਰੇਟ ਨੇ ਅੰਮ੍ਰਿਤਸਰ ’ਚ 35 ਗੋਲੀਆਂ ਦੀ ਛੋਟੀ ਜਿਹੀ ਬਰਾਮਦਗੀ ਤੋਂ ਲੈ ਕੇ ਉਤਰਾਖੰਡ ਦੇ ਹਰਿਦੁਆਰ ਸਥਿਤ ਨਿਰਮਾਣ ਯੂਨਿਟ ਤੱਕ ਫੈਲੀ ਟਰਾਮਾਡੋਲ ਸਪਲਾਈ ਚੇਨ ਦਾ ਪਰਦਾਫਾਸ਼ ਕੀਤਾ ਹੈ।
ਇਹ ਕਾਰਵਾਈ ਟਰਾਮਾਡੋਲ ਦੀਆਂ 35 ਗੋਲੀਆਂ ਦੀ ਬਰਾਮਦਗੀ ਅਤੇ ਅੰਮ੍ਰਿਤਸਰ ਦੇ ਥਾਣਾ ਏ-ਡਵੀਜ਼ਨ ਵਿਖੇ ਦਰਜ ਐੱਫ. ਆਈ. ਆਰ. ਵਿਚ ਸਥਾਨਕ ਸਮੱਗਲਰ ਰਵਿੰਦਰ ਸਿੰਘ ਉਰਫ਼ ਨਿੱਕਾ ਦੀ ਗ੍ਰਿਫ਼ਤਾਰੀ ਉਪਰੰਤ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਅਮਲ ’ਚ ਲਿਆਂਦੀ ਗਈ ਹੈ। ਇਸ ਮਾਮਲੇ ਦੇ ਅਗਲੇ-ਪਿਛਲੇ ਸਬੰਧਾਂ ਦੀ ਜਾਂਚ ਕਰਦਿਆਂ ਪੁਲਸ ਨੇ ਸਿਰਫ 15 ਦਿਨਾਂ ਦੇ ਅੰਦਰ ਟਰਾਮਾਡੋਲ ਦੀਆਂ 74,465 ਗੋਲੀਆਂ, ਅਲਪ੍ਰਾਜ਼ੋਲਮ ਦੀਆਂ 50 ਗੋਲੀਆਂ ਅਤੇ ਟਰਾਮਾਡੋਲ ਦਾ 325 ਕਿਲੋਗ੍ਰਾਮ ਕੱਚਾ ਮਾਲ ਬਰਾਮਦ ਕੀਤਾ ਹੈ।
ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਹੋਏ ਖੁਲਾਸਿਆਂ ਅਤੇ ਛਾਪਿਆਂ ਦੇ ਆਧਾਰ ’ਤੇ ਕੈਮਿਸਟ ਅਤੇ ਲੂਸੈਂਟ ਬਾਇਓਟੈੱਕ ਲਿਮਟਿਡ ਦੇ ਪਲਾਂਟ ਮੁਖੀ ਸਮੇਤ 6 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਲੂਸੈਂਟ ਬਾਇਓਟੈੱਕ ਲਿਮਟਿਡ, ਰੁੜਕੀ ਦੇ ਪਲਾਂਟ ਮੈਨੇਜਰ ਹਰੀ ਕਿਸ਼ੋਰ ਅਤੇ ਰਿਕਾਲ ਲਾਈਫਸਾਇੰਸਿਜ਼, ਰੁੜਕੀ ਦੇ ਮਾਲਕ-ਕਮ-ਪਾਰਟਨਰ ਬਿਕਰਮ ਵਜੋਂ ਹੋਈ ਹੈ। ਗ੍ਰਿਫ਼ਤਾਰ ਕੀਤੇ ਗਏ ਹੋਰ ਵਿਅਕਤੀਆਂ ’ਚ ਮਨੀਸ਼ ਕੁਮਾਰ ਅਰੋੜਾ, ਪੂਰਨ ਜਾਟਵ ਅਤੇ ਕੱਥੂਨੰਗਲ ਸਥਿਤ ਮੈਡੀਕਲ ਸਟੋਰ ਮਾਲਕ ਕੁਲਵਿੰਦਰ ਸਿੰਘ ਉਰਫ਼ ਕਿੰਦਾ ਸ਼ਾਮਲ ਹਨ।
ਡੀ. ਜੀ. ਪੀ. ਨੇ ਦੱਸਿਆ ਕਿ ਜ਼ਬਤ ਕੀਤੀਆਂ ਗਈਆਂ ‘ਟਰਾਕੇਮੀ-100’ ਟ੍ਰਾਮਾਡੋਲ ਦੇ ਪੱਤਿਆਂ ਜਿਨ੍ਹਾਂ ’ਤੇ ‘ਸਿਰਫ਼ ਸਰਕਾਰੀ ਸਪਲਾਈ-ਵਿਕਰੀ ਲਈ ਨਹੀਂ’ ਲਿਖਿਆ ਹੋਇਆ ਹੈ, ਗੰਭੀਰ ਚਿੰਤਾ ਦਾ ਵਿਸ਼ਾ ਹੈ ਜੋ ਕਿ ਮੈਡੀਕਲ ਸਟਾਕ ਦੀ ਗੈਰ-ਕਾਨੂੰਨੀ ਹੇਰਾਫੇਰੀ ਨੂੰ ਦਰਸਾਉਂਦਾ ਹੈ। ਉਨ੍ਹਾਂ ਦੱਸਿਆ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਮੁੱਖ ਫਾਰਮਾ ਕੰਪਨੀਆਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਰਿਕਾਰਡਾਂ ਦੀ ਘੋਖ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ।
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਅੰਮ੍ਰਿਤਸਰ ਪੁਲਸ ਅਤੇ ਡਰੱਗ ਇੰਸਪੈਕਟਰਾਂ ਦੀ ਇਕ ਸਾਂਝੀ ਟੀਮ ਨੇ ਹਰਿਦੁਆਰ ਦੇ ਰੁੜਕੀ ਸਥਿਤ ਫਾਰਮਾ ਕੰਪਨੀਆਂ ’ਤੇ ਛਾਪਾ ਮਾਰਿਆ, ਜਿਸ ਦੌਰਾਨ ਬਿਨਾਂ ਲੇਬਲ ਟ੍ਰਾਮਾਡੋਲ ਦੀਆਂ 4,130 ਗੋਲੀਆਂ ਅਤੇ 325 ਕਿਲੋਗ੍ਰਾਮ ਗੈਰ-ਰਜਿਸਟਰਡ ਕੱਚਾ ਮਾਲ ਜ਼ਬਤ ਕੀਤਾ ਗਿਆ।
ਇਹ ਬਰਾਮਦਗੀ ਪਹਿਲਾਂ ਕੀਤੀ ਗਈ 70,335 ਗੋਲੀਆਂ ਅਤੇ 7.69 ਲੱਖ ਰੁਪਏ ਦੀ ਡਰੱਗ ਮਨੀ ਦੀ ਬਰਾਮਦਗੀ ਤੋਂ ਵੱਖ ਹੈ। ਉਨ੍ਹਾਂ ਦੱਸਿਆ ਕਿ ਇਸ ਫਾਰਮਾ ਓਪੀਆਡ ਸਪਲਾਈ ਨੈੱਟਵਰਕ ’ਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਜਾਰੀ ਹੈ।
Read More : 17 ਸਾਲ ਬਾਅਦ ਐੱਨ. ਆਈ. ਏ. ਦੀ ਵਿਸ਼ੇਸ਼ ਅਦਾਲਤ ਨੇ ਸੁਣਾਇਆ ਫੈਸਲਾ