ਜੀ. ਟੀ. ਰੋਡ ਜੰਡਿਆਲਾ ਗੁਰੂ ਪੁਲ ’ਤੇ ਟੈਂਕਰ ਅਤੇ ਕਾਰ ’ਚ ਜ਼ੋਰਦਾਰ ਟੱਕਰ ਹੋਈ
ਅੰਮ੍ਰਿਤਸਰ, 30 ਜੁਲਾਈ : ਜ਼ਿਲਾ ਅੰਮ੍ਰਿਤਸਰ ਵਿਚ ਜੀ. ਟੀ. ਰੋਡ ਜੰਡਿਆਲਾ ਗੁਰੂ ’ਤੇ ਟੈਂਕਰ ਅਤੇ ਕਾਰ ’ਚ ਜ਼ੋਰਦਾਰ ਟੱਕਰ ਹੋ ਗਈ, ਜਿਸ ਕਾਰਨ ਕਾਰ ਸਵਾਰ 2 ਵਿਅਕਤੀ ਜ਼ਿੰਦਾ ਸੜ ਗਏ। ਜਾਣਕਾਰੀ ਅਨੁਸਾਰ ਟੈਂਕਰ ਦਾ ਟਾਇਰ ਫਟ ਗਿਆ, ਜਿਸ ਨਾਲ ਟੈਂਕਰ ਸਿੱਧਾ ਕਾਰ ’ਚ ਜਾ ਵੱਜਾ।
ਲੋਕਾਂ ਨੇ ਦੱਸਿਆ ਕਿ ਐਕਸੀਡੈਂਟ ਹੁੰਦਿਆਂ ਹੀ ਕਾਰ ਨੂੰ ਜ਼ਬਰਦਸਤ ਅੱਗ ਲੱਗ ਗਈ। ਕਾਰ ਨੂੰ ਲੱਗੀ ਅੱਗ ਨੂੰ ਫਾਇਰ ਬ੍ਰਿਗੇਡ ਵੱਲੋਂ ਬੁਝਾਇਆ ਗਿਆ ਪਰ ਕਾਰ ਸਵਾਰ ਅੰਦਰ ਹੀ ਸੜ ਗਏ। ਮਾਈਕਰਾ ਕਾਰ ਅੰਮ੍ਰਿਤਸਰ ਤੋਂ ਜਲੰਧਰ ਵੱਲ ਜਾ ਰਹੀ ਸੀ ਕਿ ਦੂਸਰੀ ਪਾਸਿਓਂ ਤੋਂ ਆ ਰਹੇ ਤੇਲ ਵਾਲੇ ਟੈਂਕਰ ਦਾ ਟਾਇਰ ਫਟ ਗਿਆ, ਜਿਸ ਨਾਲ ਇਹ ਭਿਆਨਕ ਹਾਦਸਾ ਵਾਪਰ ਗਿਆ।
ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਅਤੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ। ਥਾਣਾ ਮੁਖੀ ਨੇ ਦੱਸਿਆ ਕਿ ਕਾਰ ਨੰਬਰ ਡੀ. ਐੱਲ. 14 ਸੀ. ਜੀ 1511 ਵਿਚ ਜੋ ਸਵਾਰੀਆ ਸਨ, ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ। ਆਰਮੀ ਦੀ ਕਰੇਨ ਦੀ ਸਹਾਇਤਾ ਨਾਲ ਪੁਲ ਤੋਂ ਲਟਕਦੀ ਕਾਰ ਨੂੰ ਹੇਠਾਂ ਉਤਾਰਿਆ ਗਿਆ ਪਰ ਲਾਸ਼ਾਂ ਦੀ ਪਛਾਣ ਨਹੀ ਹੋ ਸਕੀ। ਡੀ. ਐੱਸ. ਪੀ. ਰਵਿੰਦਰ ਸਿੰਘ ਨੇ ਦੱਸਿਆ ਕਿ ਟਰੱਕ ਡਰਾਈਵਰ ਜੰਡਿਆਲਾ ਗੁਰੂ ਦੇ ਕਿਸੇ ਪੈਟਰੋਲ ਪੰਪ ਦਾ ਹੈ ਅਤੇ ਕਾਰ ਸਵਾਰ ਦਿੱਲੀ ਦੇ ਵਾਸੀ ਸਨ ਜੋ ਅੰਮ੍ਰਿਤਸਰ ਕਿਸੇ ਰਿਸ਼ਤੇਦਾਰ ਨੂੰ ਮਿਲ ਕੇ ਵਾਪਸ ਜਾ ਰਹੇ ਸਨ।
Read More : 30 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਇੰਜੀਨੀਅਰ ਗ੍ਰਿਫ਼ਤਾਰ