ਸਕੂਲਾਂ ’ਚ ਮਾਰਗਦਰਸ਼ਨ ਅਤੇ ਕਰੀਅਰ ਕਾਊਂਸਲਿੰਗ ਲਈ ਇਕ ਵਿਸ਼ੇਸ਼ ਸਮਾਂ ਹੋਵੇਗਾ
ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ’ਚ ਰੱਖਦਿਆਂ ਇਕ ਅਹਿਮ ਫੈਸਲਾ ਲਿਆ ਹੈ। ਸਟੇਟ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ ਪੰਜਾਬ ਵੱਲੋਂ ਜਾਰੀ ਪੱਤਰ ਅਨੁਸਾਰ ਹੁਣ ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ’ਚ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਮਾਰਗਦਰਸ਼ਨ ਅਤੇ ਕੈਰੀਅਰ ਕੌਂਸਲਿੰਗ ਲਈ ਵਿਸ਼ੇਸ਼ ਪੀਰੀਅਡ ਤੈਅ ਕੀਤਾ ਜਾਵੇਗਾ।
ਸਿੱਖਿਆ ਵਿਭਾਗ ਦੇ ਬੁਲਾਰੇ ਅਨੁਸਾਰ ਇਸ ਫੈਸਲੇ ਨਾਲ ਵਿਦਿਆਰਥੀਆਂ ਨੂੰ ਆਪਣੀ ਰੁਚੀ ਅਤੇ ਪ੍ਰਤਿਭਾ ਅਨੁਸਾਰ ਸਹੀ ਕੈਰੀਅਰ ਚੁਣਨ ਅਤੇ ਯੋਜਨਾਬੱਧ ਤਰੀਕੇ ਨਾਲ ਪੜ੍ਹਾਈ ਕਰਨ ’ਚ ਮਦਦ ਮਿਲੇਗੀ। ਇਸ ਤੋਂ ਇਲਾਵਾ ਇਹ ਕਿਸ਼ੋਰ ਅਵਸਥਾ ’ਚ ਪੈਦਾ ਹੋਣ ਵਾਲੀਆਂ ਭਾਵਨਾਤਮਕ ਚੁਣੌਤੀਆਂ, ਮਾਨਸਿਕ ਤਣਾਅ ਅਤੇ ਪਰਿਵਾਰਕ ਸਮੱਸਿਆਵਾਂ ਨੂੰ ਸਮਝਣ ਅਤੇ ਹੱਲ ਕਰਨ ’ਚ ਵੀ ਮਦਦਗਾਰ ਸਾਬਤ ਹੋਵੇਗਾ।
ਪੱਤਰ ’ਚ ਇਹ ਵੀ ਦੱਸਿਆ ਗਿਆ ਹੈ ਕਿ ਹਰ ਮਹੀਨੇ ਦੇ ਚੌਥੇ ਹਫ਼ਤੇ ’ਚ ਆਯੋਜਿਤ ਵੈਲਕਮ ਲਾਈਫ ਪੀਰੀਅਡ ਹੁਣ ਪੂਰੀ ਤਰ੍ਹਾਂ ਮਾਰਗਦਰਸ਼ਨ ਅਤੇ ਸਲਾਹ ਨੂੰ ਸਮਰਪਿਤ ਹੋਵੇਗਾ। ਇਹ ਯਕੀਨੀ ਬਣਾਇਆ ਜਾਵੇਗਾ ਕਿ ਇਹ ਪੀਰੀਅਡ ਸਕੂਲ ਦੇ ਕੈਰੀਅਰ ਅਧਿਆਪਕ ਦੁਆਰਾ ਹੀ ਕਰਵਾਇਆ ਜਾਵੇ।
ਸਕੂਲ ਸਿੱਖਿਆ ਵਿਭਾਗ ਵਲੋਂ ਜਾਰੀ ਇਸ ਪੱਤਰ ’ਚ ਸਮੂਹ ਜ਼ਿਲਾ ਸਿੱਖਿਆ ਅਫ਼ਸਰ (ਸੈਕੰਡਰੀ) ਅਤੇ ਸਕੂਲ ਮੁਖੀਆਂ ਨੂੰ ਇਸ ਹਦਾਇਤ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੇ ਹੁਕਮ ਦਿੱਤੇ ਗਏ ਹਨ। ਇਹ ਕਦਮ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਲਈ ਸਹੀ ਫੈਸਲੇ ਲੈਣ ’ਚ ਬਹੁਤ ਮਦਦ ਕਰੇਗਾ।
