ਕਾਫੀ ਜੱਦੋ-ਜਹਿਦ ਤੋਂ ਬਾਅਦ ਖੁਦ ਹੇਠਾਂ ਉਤਰਿਆ, ਪੁਲਸ ਨੇ ਲਿਆ ਹਿਰਾਸਤ ’ਚ
ਭੋਪਾਲ -ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ’ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ , ਜਿਥੇ ਇਕ ਨੌਜਵਾਨ 80 ਫੁੱਟ ਉੱਚੇ ਟਾਵਰ ’ਤੇ ਚੜ੍ਹ ਗਿਆ।
ਇਹ ਘਟਨਾ ਜਹਾਂਗੀਰਾਬਾਦ ਥਾਣਾ ਖੇਤਰ ਦੇ ਬਰਖੇੜੀ ਇਲਾਕੇ ਦੀ ਹੈ, ਜਿਥੇ ਇਕ ਨੌਜਵਾਨ ਰੇਲਵੇ ਅੰਡਰਬ੍ਰਿਜ ਨੇੜੇ ਸਥਿਤ ਮੋਬਾਇਲ ਟਾਵਰ ’ਤੇ ਚੜ੍ਹ ਗਿਆ। ਜਦੋਂ ਲੋਕਾਂ ਨੇ ਉਸਨੂੰ ਚੜ੍ਹਦੇ ਦੇਖਿਆ ਤਾਂ ਉਨ੍ਹਾਂ ਨੇ ਨੌਜਵਾਨ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨਿਆ ਅਤੇ ਟਾਵਰ ’ਤੇ ਬਹੁਤ ਉੱਚਾ ਪਹੁੰਚ ਗਿਆ। ਕੁਝ ਦੇਰ ਵਿਚ ਹੀ ਨੌਜਵਾਨ ਟਾਵਰ ਦੀ ਵੱਧ ਤੋਂ ਵੱਧ ਉਚਾਈ ਯਾਨੀ 80 ਫੁੱਟ ਤੱਕ ਪਹੁੰਚ ਗਿਆ।
ਇਸ ਤੋਂ ਬਾਅਦ ਨੌਜਵਾਨ ਨੇ ਟਾਵਰ ਨੂੰ ਜ਼ੋਰ-ਜ਼ੋਕ ਨਾਲ ਹਿਲਾਉਣਾ ਸ਼ੁਰੂ ਕਰ ਦਿੱਤਾ। ਉੱਚੇ ਟਾਵਰ ਨੂੰ ਹਿੱਲਦਾ ਵੇਖ ਕੇ ਸਥਾਨਕ ਲੋਕ ਦੰਗ ਰਹਿ ਗਏ ਅਤੇ ਹਾਦਸੇ ਦਾ ਖਦਸ਼ਾ ਬਣ ਗਿਆ। ਲੋਕਾਂ ਨੇ ਤੁਰੰਤ ਇਸ ਮਾਮਲੇ ਦੀ ਸੂਚਨਾ ਜਹਾਂਗੀਰਾਬਾਦ ਪੁਲਸ ਸਟੇਸ਼ਨ ਨੂੰ ਦਿੱਤੀ। ਕੁਝ ਲੋਕਾਂ ਨੇ ਨਗਰ ਨਿਗਮ ਦੇ ਕੰਟਰੋਲ ਰੂਮ ਨੂੰ ਵੀ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਨਗਰ ਨਿਗਮ ਦੀ ਕਰੇਨ ਮੌਕੇ ’ਤੇ ਪਹੁੰਚ ਗਈ।
ਨਸ਼ੇ ਦੀ ਹਾਲਤ ਵਿਚ ਸੀ ਨੌਜਵਾਨ
ਇਸ ਦੌਰਾਨ ਟਾਵਰ ਦੇ ਹੇਠਾਂ ਤੋਂ ਪੁਲਸ ਅਤੇ ਨਗਰ ਨਿਗਮ ਦੀ ਟੀਮ ਫੋਨ ਕਰ ਕੇ ਨੌਜਵਾਨ ਨੂੰ ਮਨਾਉਣ ਦੀ ਕੋਸ਼ਿਸ਼ ਕਰਦੀ ਰਹੀ। ਕਰੀਬ 20 ਮਿੰਟ ਦੀ ਜੱਦੋ-ਜਹਿਦ ਤੋਂ ਬਾਅਦ ਨੌਜਵਾਨ ਖੁਦ ਟਾਵਰ ਤੋਂ ਹੇਠਾਂ ਆ ਗਿਆ। ਨੌਜਵਾਨ ਜਿਵੇਂ ਹੀ ਹੇਠਾਂ ਆਇਆ ਤਾਂ ਪੁਲਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ। ਨੌਜਵਾਨ ਦਾ ਨਾਂ ਵਿਵੇਕ ਹੈ, ਜਿਸ ਦੀ ਉਮਰ ਕਰੀਬ 33 ਸਾਲ ਹੈ। ਉਹ ਬਹੁਤ ਨਸ਼ੇ ਦੀ ਹਾਲਤ ਵਿਚ ਸੀ।