ਬੇਰੰਗ ਪਰਤੇ ਨੌਜਵਾਨਾਂ ਨੇ ਕੰਪਨੀ ’ਤੇ ਧੋਖਾਦੇਹੀ ਦਾ ਲਾਇਆ ਦੋਸ਼
ਨੌਜਵਾਨ ਕੰਪਨੀਆਂ ਬਾਰੇ ਪੂਰੀ ਜਾਣਕਾਰੀ ਲੈ ਕੇ ਹੀ ਜਾਣ ਵਿਦੇਸ਼ : ਡਾ. ਓਬਰਾਏ
ਅੰਮ੍ਰਿਤਸਰ, 14 ਸਤੰਬਰ :-ਅਰਬ ਦੇਸ਼ਾਂ ’ਚੋਂ ਸੈਂਕੜੇ ਮਾਵਾਂ ਦੇ ਪੁੱਤਾਂ ਨੂੰ ਮੌਤ ਦੇ ਮੂੰਹ ’ਚੋਂ ਬਚਾਅ ਕੇ ਹਜ਼ਾਰਾਂ ਘਰ ਉਜੜਨ ਤੋਂ ਬਚਾਉਣ ਵਾਲੇ ਦੁਬਈ ਦੇ ਵੱਡੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ. ਪੀ. ਸਿੰਘ ਓਬਰਾਏ ਨੇ ਦੁਬਈ ਤੋਂ ਡੀਪੋਰਟ ਕੀਤੇ ਗਏ 8 ਬੇਵੱਸ ਨੌਜਵਾਨਾਂ ਨੂੰ ਆਪਣੇ ਖਰਚੇ ’ਤੇ ਘਰ ਪੁੱਜਦਾ ਕੀਤਾ।
ਇਸ ਸਬੰਧੀ ਡਾ. ਐੱਸ. ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਕਪੂਰਥਲਾ ਜ਼ਿਲੇ ਦੇ ਆਤਮਾ ਸਿੰਘ, ਜਦਕਿ ਜਲੰਧਰ ਜ਼ਿਲੇ ਨਾਲ ਸਬੰਧਤ ਵਿਜੇ ਕੁਮਾਰ, ਹਰਬੰਸ ਲਾਲ, ਗਗਨ ਕੁਮਾਰ ਪੁੱਤਰ ਪਰਮਜੀਤ, ਵਿਜੇ ਕੁਮਾਰ ਪੁੱਤਰ ਬਿੰਦਰ, ਗਗਨ ਕੁਮਾਰ ਪੁੱਤਰ ਬਿੰਦਰ, ਬੱਗਾ ਪ੍ਰਕਾਸ਼ ਤੇ ਅਜੇ ਕੁਮਾਰ ਪੁੱਤਰ ਬਲਵਿੰਦਰ ਕੁਮਾਰ ਨੇ ਉਨ੍ਹਾਂ ਨਾਲ ਫੋਨ ’ਤੇ ਸੰਪਰਕ ਕਰਕੇ ਦੱਸਿਆ ਕਿ ਉਨ੍ਹਾਂ ਦੀ ਕੰਮ ਵਾਲੀ ਕੰਪਨੀ ਵੱਲੋਂ ਉਨ੍ਹਾਂ ਨਾਲ ਧੋਖਾਦੇਹੀ ਕਰ ਕੇ ਆਰਥਿਕ ਤੇ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ, ਜਿਸ ’ਤੇ ਫੌਰੀ ਕਾਰਵਾਈ ਕਰਦਿਆਂ ਜਿੱਥੇ ਉਨ੍ਹਾਂ ਨੂੰ ਇਸ ਸਬੰਧੀ ਬਣਦੀ ਸਲਾਹ ਦਿੱਤੀ, ਉੱਥੇ ਹੀ ਡਿਪੋਰਟ ਹੋਣ ਉਪਰੰਤ ਉਕਤ ਸਾਰਿਆਂ ਦੀਆਂ ਚੇਨਈ ਤੋਂ ਅੰਮ੍ਰਿਤਸਰ ਤੱਕ ਹਵਾਈ ਟਿਕਟਾਂ ਲੈ ਕੇ ਦੇਣ ਤੋਂ ਇਲਾਵਾ ਅੱਜ ਰਾਜਾਸਾਂਸੀ ਹਵਾਈ ਅੱਡੇ ’ਤੇ ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ ਤੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ ਦੀ ਮੌਜੂਦਗੀ ’ਚ ਗੱਡੀ ਰਾਹੀਂ ਉਨ੍ਹਾਂ ਦੇ ਘਰਾਂ ਤੱਕ ਪੁੱਜਦਾ ਕੀਤਾ ਗਿਆ ਹੈ।
ਡਾ. ਓਬਰਾਏ ਨੇ ਨੌਜਵਾਨਾਂ ਨੂੰ ਸੁਚੇਤ ਕੀਤਾ ਕਿ ਜੇਕਰ ਉਹ ਵਿਦੇਸ਼ ਜਾਣਾ ਚਾਹੁੰਦੇ ਹਨ ਤਾਂ ਉਹ ਏਜੰਟਾਂ ਵੱਲੋਂ ਦੱਸੀ ਜਾਣ ਵਾਲੀ ਕੰਮ ਵਾਲੀ ਕੰਪਨੀ ਤੇ ਵੀਜ਼ੇ ਸਬੰਧੀ ਪੂਰੀ ਜਾਣਕਾਰੀ ਲੈ ਕੇ ਹੀ ਜਾਣ ਤਾਂ ਜੋ ਵਿਦੇਸ਼ ਅੰਦਰ ਬੇਲੋੜੀ ਖੱਜਲ-ਖੁਰਾਬੀ ਤੋਂ ਬਚਿਆ ਜਾ ਸਕੇ।
Read More : ਪੁੱਤ ਦੀ ਮੌਤ ਦਾ ਸਦਮਾ ਨਾ ਸਹਾਰਦਿਆਂ ਪਿਤਾ ਨੇ ਵੀ ਤੋੜਿਆ ਦਮ