1 ਮਿੰਟ ‘ਚ ਹੱਲ ਕੀਤੇ ਗੁਣਾ ਦੇ 50 ਸਵਾਲ
ਰਾਮਪੁਰਾ ਫੂਲ, 5 ਫਰਵਰੀ : ਜ਼ਿਲਾ ਬਠਿੰਡਾ ਦੇ ਕਸਬਾ ਰਾਮਪੁਰਾ ਫੂਲ ਦੇ 8 ਸਾਲਾ ਹੋਣਹਾਰ ਵਿਦਿਆਰਥੀ ਆਰੇਨ ਸਿੰਘ ਗਰੋਵਰ ਨੇ ਮਹਿਜ਼ 1 ਮਿੰਟ ਵਿੱਚ ਗੁਣਾ ਦੇ 50 ਸਵਾਲ ਹੱਲ ਕਰਕੇ ਇੱਕ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ।
ਇਸ ਵਿਲੱਖਣ ਪ੍ਰਾਪਤੀ ਲਈ ਐਸ.ਐਸ.ਪੀ. ਡਾ. ਜੋਤੀ ਯਾਦਵ ਬੈਂਸ ਅਤੇ ਐਸ.ਪੀ. ਹੈਡਕੁਆਟਰ ਜਗਦੀਸ਼ ਬਿਸ਼ਨੋਈ ਵੱਲੋਂ ਬੱਚੇ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਡਾ. ਜੋਤੀ ਯਾਦਵ ਅਤੇ ਜਗਦੀਸ਼ ਬਿਸ਼ਨੋਈ ਨੇ ਬੱਚੇ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਸ਼ਾਰਪ ਬ੍ਰੇਨਜ਼ ਸੰਸਥਾ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।
ਅਬੈਕਸ ਵਿਧੀ ਨਾਲ ਹਾਸਲ ਕੀਤੀ ਮੁਹਾਰਤ : ਸ਼ਾਰਪ ਬ੍ਰੇਨਸ ਐਜੂਕੇਸ਼ਨ ਦੇ ਡਾਇਰੈਕਟਰ ਰੰਜੀਵ ਗੋਇਲ ਨੇ ਦੱਸਿਆ ਕਿ ਸਥਾਨਕ ਮਾਊਟ ਲਿਟਰਾ ਜੀ ਸਕੂਲ ਵਿੱਚ ਤੀਜੀ ਜਮਾਤ ਵਿੱਚ ਪੜ੍ਹਨ ਵਾਲੇ ਆਰੇਨ ਸਿੰਘ ਗਰੋਵਰ (ਸਪੁੱਤਰ ਡਾ. ਨਰਿੰਦਰ ਸਿੰਘ ਗਰੋਵਰ) ਨੇ ਅਬੈਕਸ ਵਿਧੀ ਰਾਹੀਂ ਇਸ ਰਿਕਾਰਡ ਦੀ ਤਿਆਰੀ ਕੀਤੀ ਸੀ। ਆਰੇਨ ਨੇ ਲਿਖਤੀ ਰੂਪ ਵਿੱਚ 2 ਅੰਕਾਂ ਨੂੰ 1 ਅੰਕ ਨਾਲ ਗੁਣਾ ਕਰਨ ਦੇ 50 ਸਵਾਲ ਸਿਰਫ਼ 60 ਸੈਕੰਡਾਂ ਵਿੱਚ ਹੱਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ।
ਅੰਤਰਰਾਸ਼ਟਰੀ ਪੱਧਰ ‘ਤੇ ਮਿਲੀ ਮਾਨਤਾ : ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਨੇ ਇਸ ਨੂੰ ਨਵਾਂ ਵਰਲਡ ਰਿਕਾਰਡ ਘੋਸ਼ਿਤ ਕਰਦਿਆਂ ਆਰੇਨ ਨੂੰ ਸਰਟੀਫ਼ੀਕੇਟ ਅਤੇ ਮੈਡਲ ਨਾਲ ਨਿਵਾਜਿਆ ਹੈ। ਸਨਮਾਨ ਸਮਾਰੋਹ ਦੌਰਾਨ ਆਰੇਨ ਨੇ ਜ਼ਿਲ੍ਹਾ ਪੁਲਿਸ ਮੁਖੀ ਦੇ ਸਾਹਮਣੇ ਗਣਿਤ ਦੇ ਵੱਡੇ-ਵੱਡੇ ਸਵਾਲ ਮਿੰਟਾਂ ਵਿੱਚ ਹੱਲ ਕਰਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ।
Read More : ਸ਼ਰਾਬੀ ਪਿਤਾ ਨੇ 5 ਸਾਲਾ ਧੀ ਦਾ ਗਲਾ ਘੁੱਟ ਕੇ ਕੀਤਾ ਕਤਲ, ਮੁਲਜ਼ਮ ਗ੍ਰਿਫ਼ਤਾਰ
