ਨਕਲ ਰੋਕਣ ਲਈ ਪਹਿਲੀ ਵਾਰ ‘MATQ’ ਐਪ ਦੀ ਹੋਵੇਗੀ ਵਰਤੋਂ : ਹਰਜੋਤ ਬੈਂਸ
ਚੰਡੀਗੜ੍ਹ, 19 ਫਰਵਰੀ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈਆਂ ਜਾਣ ਵਾਲੀਆਂ 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਇਸ ਵਾਰ 8.18 ਲੱਖ ਤੋਂ ਵੱਧ ਵਿਦਿਆਰਥੀ ਸ਼ਾਮਲ ਹੋ ਰਹੇ ਹਨ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪ੍ਰੀਖਿਆਵਾਂ ਨੂੰ ਪਾਰਦਰਸ਼ੀ ਬਣਾਉਣ ਅਤੇ ਪੇਪਰ ਲੀਕ ਦੀ ਸੰਭਾਵਨਾ ਨੂੰ ਖ਼ਤਮ ਕਰਨ ਲਈ ਇਸ ਵਾਰ ਅਤਿ-ਆਧੁਨਿਕ ਤਕਨਾਲੋਜੀ ਦਾ ਸਹਾਰਾ ਲਿਆ ਗਿਆ ਹੈ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪਹਿਲੀ ਵਾਰ ‘MATQ’ ਐਪ ਵਿਕਸਤ ਕੀਤੀ ਹੈ, ਜੋ ਪ੍ਰਸ਼ਨ ਪੱਤਰਾਂ ਦੀ ‘ਰੀਅਲ-ਟਾਈਮ ਟਰੈਕਿੰਗ’ (ਅਸਲ ਸਮੇਂ ਦੀ ਨਿਗਰਾਨੀ) ਯਕੀਨੀ ਬਣਾਏਗੀ। ਇਸ ਨਾਲ ਪੇਪਰ ਲੀਕ ਹੋਣ ਦਾ ਜੋਖਮ ਜ਼ੀਰੋ ਹੋ ਜਾਵੇਗਾ। ਇਸ ਤੋਂ ਇਲਾਵਾ ਪ੍ਰੀਖਿਆਵਾਂ ਦੀ ਸਖ਼ਤ ਨਿਗਰਾਨੀ ਲਈ 384 ਫਲਾਇੰਗ ਸਕੁਐਡ ਅਤੇ 111 ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਜੋ ਕਿਸੇ ਵੀ ਸਮੇਂ ਕੇਂਦਰਾਂ ਦਾ ਅਚਾਨਕ ਨਿਰੀਖਣ ਕਰਨਗੀਆਂ।
ਪ੍ਰੀਖਿਆ ਕੇਂਦਰਾਂ ਦਾ ਵੇਰਵਾ– ਸੂਬੇ ਭਰ ਵਿਚ ਕੁੱਲ 6,792 ਪ੍ਰੀਖਿਆ ਕੇਂਦਰ ਸਥਾਪਤ ਕੀਤੇ ਗਏ ਹਨ।
8ਵੀਂ ਜਮਾਤ-: 2,307 ਕੇਂਦਰ
10ਵੀਂ ਜਮਾਤ-: 2,367 ਕੇਂਦਰ
12ਵੀਂ ਜਮਾਤ-: 2,118 ਕੇਂਦਰ
ਸੁਰੱਖਿਆ ਦੇ ਸਖ਼ਤ ਪ੍ਰਬੰਧ
ਪ੍ਰੀਖਿਆਵਾਂ ਦੇ ਸੁਚਾਰੂ ਸੰਚਾਲਨ ਲਈ 2,469 ਸੁਪਰਡੈਂਟ ਅਤੇ 3,193 ਡਿਪਟੀ ਸੁਪਰਡੈਂਟ ਤਾਇਨਾਤ ਕੀਤੇ ਗਏ ਹਨ। ਸਾਰੇ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਵਿੱਚ ਧਾਰਾ 144 ਲਗਾਈ ਗਈ ਹੈ ਤਾਂ ਜੋ ਬਾਹਰੀ ਦਖਲਅੰਦਾਜ਼ੀ ਨੂੰ ਰੋਕਿਆ ਜਾ ਸਕੇ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਵਿਦਿਆਰਥੀਆਂ ਨੂੰ ਪੂਰੇ ਵਿਸ਼ਵਾਸ ਅਤੇ ਇਮਾਨਦਾਰੀ ਨਾਲ ਪ੍ਰੀਖਿਆਵਾਂ ਦੇਣ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ।
Read More : ਲਾਰੈਂਸ ਬਿਸ਼ਨੋਈ ਗੈਂਗ ਦੀ ਲੇਡੀ ਡੌਨ ‘ਮੈਡਮ ਜ਼ਹਰ’ ਗ੍ਰਿਫ਼ਤਾਰ
