ਪੁਲਿਸ ਮੁਕਾਬਲੇ ਵਿਚ ਮਾਰਿਆ ਗਿਆ ਮੁੱਖ ਮੁਲਜ਼ਮ, ਦੂਜਾ ਜਖ਼ਮੀ
ਲੁਧਿਆਣਾ ਦੇ ਪਿੰਡ ਸ਼ੀਹਾਂ ਦੌਦ ਵਿਚੋਂ ਅਗ਼ਵਾ ਕੀਤੇ 7 ਸਾਲਾ ਬੱਚੇ ਦੇ ਮਾਮਲੇ ਵਿਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਦਰਅਸਲ ਪੁਲਿਸ ਨੇ ਅਗਵਾ ਕਰਨ ਵਾਲੇ ਮੁਲਜ਼ਮਾਂ ਦਾ ਐਨਕਾਊਂਟਰ ਕਰ ਦਿੱਤਾ ਹੈ। ਪੁਲਿਸ ਨੇ ਕਥਿਤ ਦੋਸ਼ੀਆਂ ਦਾ ਨਾਭਾ ਦੇ ਇਕ ਪਿੰਡ ਵਿਚ ਐਨਕਾਊਂਟਰ ਕੀਤਾ ਹੈ ਅਤੇ ਬੱਚੇ ਨੂੰ ਸਹੀ ਸਲਾਮਤ ਬਰਾਮਦ ਕਰ ਲਿਆ ਹੈ। ਐਨਕਾਊਂਟਰ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੱਚਾ ਪੂਰੀ ਤਰ੍ਹਾਂ ਸਹੀ ਸਲਾਮਤ ਹੈ।
ਪੁਲਿਸ ਅਤੇ ਅਗਵਾਕਾਰਾਂ ਵੱਲੋਂ ਦੋਵੇਂ ਪਾਸਿਆਂ ਵੱਲੋਂ ਵੱਡੀ ਪੱਧਰ ‘ਤੇ ਗੋਲੀਬਾਰੀ ਹੋਈ ਹੈ। ਇਸ ਦੌਰਾਨ 25 ਤੋਂ 30 ਰਾਊਂਡ ਗੋਲੀਆਂ ਫਾਈਰ ਹੋਈਆਂ ਦੱਸੀਆਂ ਗਈਆਂ ਹਨ, ਜਿਸ ਦੌਰਾਨ ਪੁਲਿਸ ਦੀ ਜਵਾਬੀ ਕਾਰਵਾਈ ਵਿਚ ਇਕ ਅਗਵਾਕਾਰ ਢੇਰ ਹੋ ਗਿਆ ਹੈ, ਜਦਕਿ ਦੂਜਾ ਜ਼ਖ਼ਮੀ ਹੋ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਇਹ ਐਨਕਾਊਂਟਰ ਨਾਭਾ ਬਲਾਕ ਦੇ ਪਿੰਡ ਮੰਡੌਰ ਵਿੱਚ ਕੀਤਾ ਗਿਆ। ਪਟਿਆਲਾ ਪੁਲਿਸ ਦੇ 3 ਮੁਲਾਜ਼ਮ ਵੀ ਜ਼ਖਮੀ ਹੋਏ ਹਨ।
ਇਸ ਪੂਰੇ ਐਨਕਾਊਂਟਰ ਵਿੱਚ 3 ਜ਼ਿਲ੍ਹਿਆਂ ਦੀ ਸ਼ਮੂਲੀਅਤ ਰਹੀ, ਜਿਸ ਨੇ ਅਗਵਾਕਾਰਾਂ ਨੂੰ ਕਿਤੇ ਵੀ ਭੱਜਣ ਨਹੀਂ ਦਿੱਤਾ। ਪੁਲਿਸ ਵੱਲੋਂ ਢੇਰ ਕੀਤੇ ਇਕ ਅਗਵਾਕਾਰ ਦੀ ਪਛਾਣ ਵੀ ਸਾਹਮਣੇ ਆਈ ਹੈ, ਜੋ ਕਿ ਜਸਪ੍ਰੀਤ ਸਿੰਘ (23) ਪੁੱਤਰ ਲਖਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ।
ਕੀ ਸੀ ਮਾਮਲਾ
ਤੁਹਾਨੂੰ ਦੱਸ ਦਈਏ ਕਿ ਬੀਤੇ ਦੇਰ ਸ਼ਾਮ ਪਿੰਡ ਸ਼ੀਹਾਂ ਦੌਦ ਵਿਚੋਂ ਦੋ ਮੋਟਰਸਾਈਕਲ ਸਵਾਰ 6 ਸਾਲਾ ਬੱਚੇ ਭਵਕੀਰਤ ਸਿੰਘ ਨੂੰ ਅਗਵਾ ਕਰ ਕੇ ਲੈ ਕੇ ਗਏ ਸਨ। ਬੱਚਾ ਤਾਰਾ ਕਾਨਵੈਂਟ ਸਕੂਲ ਦੀ ਪਹਿਲੀ ਜਮਾਤ ਦਾ ਵਿਦਿਆਰਥੀ ਹੈ। ਕਥਿਤ ਦੋਸ਼ੀਆਂ ਵੱਲੋਂ ਘਰ ਵਿਚੋਂ ਉਦੋਂ ਅਗਵਾ ਕਰ ਲਿਆ ਗਿਆ ਸੀ ਜਦੋਂ ਭਵਕੀਰਤ ਸਿੰਘ ਆਪਣੇ ਵਿਹੜੇ ਵਿੱਚ ਖੇਡ ਰਿਹਾ ਸੀ ਅਤੇ ਫਰਾਰ ਹੋ ਗਏ ਸਨ। ਬੱਚੇ ਦੇ ਦਾਦੇ ਗੁਰਜੰਟ ਸਿੰਘ ਨੇ ਦੱਸਿਆ ਸੀ ਕਿ ਰੌਲਾ ਪੈਣ ਮਗਰੋਂ ਪਿੰਡ ਵਾਸੀਆਂ ਨੇ ਅਗਵਾਕਾਰਾਂ ਦਾ ਪਿੱਛਾ ਵੀ ਕੀਤਾ ਗਿਆ ਸੀ ਅਤੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਸੀ।
