ਕਾਊਂਟਰ ਇੰਟੈਲੀਜੈਂਸ ਨੇ ਗੁਪਤ ਆਪ੍ਰੇਸ਼ਨ ਦੌਰਾਨ ਸਰਹੱਦੀ ਖੇਤਰ ’ਚੋਂ ਦਬੋਚੇ ਮੁਲਜ਼ਮ, ਨਸ਼ੇ ਦੀ ਵੱਡੀ ਖੇਪ ਬਰਾਮਦ
ਅੰਮ੍ਰਿਤਸਰ, 23 ਫਰਵਰੀ : ਪੰਜਾਬ ਪੁਲਸ ਦੇ ਖ਼ੁਫ਼ੀਆ ਵਿਭਾਗ (ਕਾਊਂਟਰ ਇੰਟੈਲੀਜੈਂਸ) ਨੇ ਇਕ ਗੁਪਤ ਕਾਰਵਾਈ ਦੌਰਾਨ ਸਰਹੱਦੀ ਖੇਤਰ ’ਚ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੀ ਗਈ ਨਸ਼ੇ ਦੀ ਵੱਡੀ ਖੇਪ ਸਮੇਤ 3 ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਫੜੇ ਗਏ ਮੁਲਜ਼ਮਾਂ ਕੋਲੋਂ 6 ਕਿਲੋ ਹੈਰੋਇਨ ਅਤੇ 6 ਕਿਲੋ ਆਈ. ਸੀ. ਈ. (ਕ੍ਰਿਸਟਲ ਮੈਥਐਮਫੇਟਾਮੀਨ) ਬਰਾਮਦ ਹੋਈ ਹੈ।
ਗ੍ਰਿਫ਼ਤਾਰ ਕੀਤੇ ਗਏ ਤਸਕਰਾਂ ਦੀ ਪਛਾਣ ਪ੍ਰਤਾਪ ਸਿੰਘ (ਵਾਸੀ ਸੁਰਸਿੰਘਵਾਲਾ), ਅਜੈਪਾਲ ਸਿੰਘ (ਵਾਸੀ ਕੋਹਾੜਾ) ਅਤੇ ਜੋਬਨਦੀਪ ਸਿੰਘ (ਵਾਸੀ ਖਿਆਲ ਕਲਾਂ) ਵਜੋਂ ਹੋਈ ਹੈ। ਪੁਲਸ ਨੇ ਉਨ੍ਹਾਂ ਕੋਲੋਂ ਇਕ ਮੋਟਰਸਾਈਕਲ ਅਤੇ ਇਕ ਐਕਟਿਵਾ ਵੀ ਜ਼ਬਤ ਕੀਤੀ ਹੈ।
ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਿਕ ਇਹ ਮੁਲਜ਼ਮ ਅੰਮ੍ਰਿਤਸਰ ਦੇ ਪਿੰਡ ਅਟਲਗੜ੍ਹ ਅਤੇ ਰਤਨਗੜ੍ਹ ਦੇ ਇਲਾਕਿਆਂ ’ਚ ਡਰੋਨ ਰਾਹੀਂ ਸਰਹੱਦ ਪਾਰੋਂ ਆਈ ਨਸ਼ੇ ਦੀ ਖੇਪ ਪ੍ਰਾਪਤ ਕਰ ਰਹੇ ਸਨ, ਜਿਸ ਨੂੰ ਉਨ੍ਹਾਂ ਨੇ ਅੱਗੇ ਸਪਲਾਈ ਕਰਨਾ ਸੀ।
ਮੁਲਜ਼ਮਾਂ ਖ਼ਿਲਾਫ਼ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਸਬੰਧੀ ਕਾਨੂੰਨ (ਐੱਨ. ਡੀ. ਪੀ. ਐੱਸ. ਐਕਟ) ਅਧੀਨ ਕੇਸ ਦਰਜ ਕਰ ਲਿਆ ਗਿਆ ਹੈ। ਅਦਾਲਤ ਦੇ ਹੁਕਮਾਂ ਅਨੁਸਾਰ ਮੁਲਜ਼ਮਾਂ ਨੂੰ ਪੁਲਸ ਰਿਮਾਂਡ ’ਤੇ ਲਿਆ ਗਿਆ ਹੈ ਤਾਂ ਜੋ ਨਸ਼ਾ ਤਸਕਰੀ ਦੇ ਇਸ ਨੈੱਟਵਰਕ ਦੀਆਂ ਅਗਲੀਆਂ ਕੜੀਆਂ ਦਾ ਪਤਾ ਲਗਾਇਆ ਜਾ ਸਕੇ।
Read More : ਅਬੋਹਰ ’ਚ ਚੌਕ ਨਾਲ ਟਕਰਾਈ ਕਾਰ, 2 ਸਕੇ ਭਰਾਵਾਂ ਸਮੇਤ 3 ਦੀ ਮੌਤ
